ਅੰਮ੍ਰਿਤਸਰ, 4 ਅਗਸਤ (ਜਗਦੀਪ ਸਿੰਘ ਸੱਗੂ)- ਮੈਂ ਪਾਰਟੀ ਦਾ ਵਫ਼ਾਦਾਰ ਸਿਪਾਹੀ ਹਾਂ ਅਤੇ ਹਮੇਸ਼ਾਂ ਪਾਰਟੀ ਦੀ ਮਜ਼ਬੂਤੀ ਅਤੇ ਪਾਰਟੀ ਦੇ ਹਿੱਤਾਂ ਪ੍ਰਤੀ ਸਮਰਿਪਤ ਰਹਾਂਗਾ।ਇਹ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਨੇਤਾ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਵੱਖ-ਵੱਖ ਅਖ਼ਬਾਰਾਂ ਵਿੱਚ ‘ਆਪ’ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਐਡਵੋਕੇਟ ਐੱਚ. ਐੱਸ. ਫੂਲਕਾ ਦੇ ਬੀਤੇ ਦਿਨੀਂ ਅੰਮ੍ਰਿਤਸਰ ਦੇ ਹਵਾਈ ਅੱਡੇ ‘ਤੇ ਇਤਫ਼ਾਕੀਆ ਇਕੱਠੇ ਬਾਹਰ ਆਉਣ ਸਬੰਧੀ ਇਕ ਤਸਵੀਰ ਦੇ ਜਾਹਿਰ ਹੋਣ ਉਪਰੰਤ ਕੀਤਾ।
ਸ: ਛੀਨਾ ਜੋ ਕਿ ਭਾਜਪਾ ਦੇ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਦੇ ਨਜਦੀਕੀ ਮੰਨ੍ਹੇ ਜਾਂਦੇ ਹਨ ਅਤੇ ਭਾਜਪਾ ਉੱਪ ਪ੍ਰਧਾਨ ਰਹਿ ਚੁੱਕੇ ਹਨ, ਨੇ ਕਿਹਾ ਕਿ ਕੇਜਰੀਵਾਲ ਦਿੱਲੀ ਤੋਂ ਹਵਾਈ ਜਹਾਜ ਰਾਹੀਂ ਬੀਤੇ ਦਿਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ‘ਤੇ ਪੁੱਜੇ ਸਨ ਤੇ ਉਸ ਸਮੇਂ ਉਹ ਖੁਦ ਵੀ ਦਿੱਲੀ ਤੋਂ ਕਿਸੇ ਕੰਮ ਨੂੰ ਨਿਪਟਾਉਣ ਉਪਰੰਤ ਇੱਥੇ ਪਹੁੰਚੇ ਤਾਂ ਕਿਸੇ ਨੇ ਉਸ ਤਸਵੀਰ ਨੂੰ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ। ਜਦ ਕਿ ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਕੇਜਰੀਵਾਲ ਨਾਲ ਗੁਫ਼ਤਗੂ ਨਹੀਂ ਹੋਈ। ਉਨ੍ਹਾਂ ਕਿਹਾ ਕਿ ਉਕਤ ਤਸਵੀਰ ਸ਼ੋਸ਼ਲ ਮੀਡੀਏ ‘ਤੇ ਵਾਇਰਲ ਹੋ ਗਈ, ਜਿਸ ‘ਤੇ ਉਨ੍ਹਾਂ ਨੂੰ ਬਹੁਤ ਹੈਰਾਨੀ ਵੀ ਹੋਈ।
ਸ: ਛੀਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਹਿੱਤਾਂ ਦੇ ਉਲਟ ਅਤੇ ਸੂਬਾ ਵਿਰੋਧੀ ਨੀਤੀਆਂ ‘ਤੇ ਚੱਲਣ ਵਾਲੀ ਪਾਰਟੀ ਹੈ ਅਤੇ ਜਿਸਦਾ ਕੋਈ ਅਧਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਆਪ ਦੀ ਦਿੱਲੀ ਦੀ ਸਰਕਾਰ ਵੀ ਲੋਕ ਹਿੱਤ ਵਿੱਚ ਕੰਮ ਕਰਨ ਦੇ ਅਸਮਰਥ ਹੈ ਅਤੇ ਇਸ ਪਾਰਟੀ ਦੀ ਕੋਈ ਵਿਚਾਰਧਾਰਾ ਨਹੀਂ ਹੈ। ਇਸ ਲਈ ਉਹ ਇਸ ਪਾਰਟੀ ਵਿੱਚ ਸ਼ਾਮਿਲ ਹੋਣ ਬਾਰੇ ਸੋਚ ਵੀ ਨਹੀਂ ਸਕਦੇ।
ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਪ੍ਰਚਾਰ ਅਤੇ ਕਾਰਜਾਂ ਲਈ ਹਮੇਸ਼ਾਂ ਤੱਤਪਰ ਹਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਸ੍ਰੀ ਅਮਿਤ ਸ਼ਾਹ, ਸ੍ਰੀ ਜੇਤਲੀ ਅਤੇ ਵਿਜੈ ਸਾਂਪਲਾ ਦੇ ਉਹ ਹਮੇਸ਼ਾਂ ਧੰਨਵਾਦੀ ਰਹਿਣਗੇ ਜਿਨ੍ਹਾਂ ਨੇ ਉਨ੍ਹਾਂ ਨੂੰ ਲੋਕ ਹਿੱਤ ਵਿੱਚ ਸੇਵਾ ਕਰਨ ਲਈ ਹਮੇਸ਼ਾਂ ਪ੍ਰੇਰਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਉਨ੍ਹਾਂ ਨੂੰ ਪਾਰਟੀ ਤੇ ਵਰਕਰਾਂ ਦੀ ਇਕਜੁਟਤਾ ਤੇ ਮਜ਼ਬੂਤੀ ਲਈ ਜੋ ਵੀ ਜ਼ਿੰਮੇਵਾਰੀ ਸੌਂਪੇਗੀ, ਉਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …
Punjab Post Daily Online Newspaper & Print Media