Thursday, March 26, 2026

ਅੰਮ੍ਰਿਤਸਰ ਹੋਵੇਗਾ ਪੰਜਾਬ ਦਾ ਸਭ ਤੋਂ ਪਹਿਲਾ ਕੂੜਾ ਮੁਕਤ ਸ਼ਹਿਰ- ਜੋਸ਼ੀ

ਘਰੋਂ ਵਿਚੋਂ ਕੂੜਾ ਚੁੱਕਣ ਵਾਲੀਆਂ ਗੱਡੀਆਂ ਦੀ ਪਹਿਲੀ ਖੇਪ ਨੂੰ ਦਿੱਤੀ ਝੰਡੀ

PPN0508201612ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਸ਼ਹਿਰ ਦੀਆਂ ਸੜਕਾਂ, ਗਲੀਆਂ ਵਿਚ ਕੂੜੇ ਦੇ ਢੇਰ ਹੁਣ ਬਹੁਤ ਛੇਤੀ ਨਜ਼ਰ ਨਹੀਂ ਆਉਣਗੇ ਅਤੇ ਹਰੇਕ ਘਰ ਵਿਚੋਂ ਕੂੜਾ ਚੁੱਕਣ ਵਾਲੀ ਗੱਡੀ ਆ ਕੇ ਕੂੜੇ ਦੇ ਡੱਬੇ ਚੁੱਕਿਆ ਕਰੇਗੀ। ਇਸ ਪ੍ਰਾਜੈਕਟ ਦੇ ਹੋਂਦ ਵਿਚ ਆਉਣ ਨਾਲ ਅੰਮ੍ਰਿਤਸਰ ਪੰਜਾਬ ਦਾ ਪਹਿਲਾ ਕੂੜਾ ਮੁਕਤ ਸ਼ਹਿਰ ਬਣ ਜਾਵੇਗਾ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਸਾਲਿਡ ਵੇਸਟ ਮੈਨਜਮੈਂਟ ਪਲਾਂਟ ਦੇ ਪਹਿਲੇ ਪੜਾਅ, ਜਿਸ ਵਿਚ ਘਰਾਂ ਵਿਚ ਕੂੜਾ ਚੁੱਕਣ ਦਾ ਕੰਮ ਹੈ, ਦੀ ਰਸਮੀ ਸ਼ੁਰੂਆਤ ਮੌਕਾ ਕੀਤਾ। ਉਨਾਂ ਦੱਸਿਆ ਕਿ ਅੰਮ੍ਰਿਤਸਰ ਗੁਰੂ ਦੀ ਨਗਰੀ ਹੈ ਅਤੇ ਇਸ ਦੇ ਵਿਕਾਸ ਨੂੰ ਪੰਜਾਬ  ਸਰਕਾਰ ਨੇ ਹਮੇਸ਼ਾਂ ਤਰਜੀਹ ਦਿੱਤੀ ਹੈ, ਪਰ ਹੋਰ ਕੰਮਾਂ ‘ਤੇ ਉਸ ਵੇਲੇ ਪਾਣੀ ਫਿਰ ਜਾਂਦਾ ਸੀ, ਜਦ ਕੋਈ ਇਸ ਦੀਆਂ ਸੜਕਾਂ ‘ਤੇ  ਲੱਗੇ ਕੂੜੇ ਦੇ ਢੇਰ ਵੇਖਦਾ ਸੀ। ਉਨਾਂ ਦੱਸਿਆ ਕਿ ਇਹ ਕੰਮ ਹੁਣ ਸੋਲਿਡ ਵੇਸਟ ਮੈਨਜਮੈਂਟ ਅਧੀਨ ਦੋ ਵਿਸ਼ਵ ਪੱਧਰ ਦੀਆਂ ਕੰਪਨੀਆਂ ਹਿਟਾਚੀ ਅਤੇ ਐਸਲ ਵਰਲਡ ਨੂੰ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਪ੍ਰਾਜੈਕਟ ਅਧੀਨ ਉਕਤ ਕੰਪਨੀਆਂ ਹਰੇਕ ਘਰ ਨੂੰ ਦੋ-ਦੋ ਡਸਟਬਿਨ ਮੁਫ਼ਤ ਮੁਹੱਈਆ ਕਰਵਾਉਣਗੀਆਂ ਅਤੇ ਕੰਪਨੀ ਦੀ ਗੱਡੀ ਹਰੇਕ ਘਰ ਵਿਚੋਂ ਕੂੜਾ ਚੁੱਕੇਗੀ। ਇਸ ਛੋਟੀ ਗੱਡੀ ਵਿਚੋਂ ਕੂੜਾ ਵੱਡੀ ਗੱਡੀ ਤਬਦੀਲ ਕਰਕੇ ਪਲਾਂਟ ਤੱਕ ਲਿਜਾਇਆ ਜਾਵੇਗਾ, ਜਿੱਥੇ ਇਸ ਨੂੰ ਪ੍ਰੋਸੈਸ ਕਰਕੇ ਬਿਜਲੀ ਅਤੇ ਖਾਦ ਬਣਾਈ ਜਾਵੇਗੀ। ਉਨਾਂ ਦੱਸਿਆ ਕਿ ਕੰਪਨੀ ਇਸ ਕੰਮ ਲਈ ਸ਼ਹਿਰ ਵਿਚ 234 ਛੋਟੀਆਂ ਗੱਡੀਆਂ, 21 ਕੰਪੈਕਟਰ, 6 ਡੰਪਰ ਪਲੇਸਰ ਵਰਤੇਗੀ ਅਤੇ ਅੰਦਾਜ਼ਨ 4 ਲੱਖ ਡਸਟਬਿਨ ਸ਼ਹਿਰ ਵਿਚ ਦਿੱਤੇ ਜਾਣਗੇ।
ਸ੍ਰੀ ਜੋਸ਼ੀ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਇਲਾਵਾ ਜਲੰਧਰ, ਪਟਿਆਲਾ, ਲੁਧਿਆਣਾ, ਬੰਠਿੰਡਾ, ਮੋਹਾਲੀ, ਫਿਰੋਜ਼ਪੁਰ, ਪਠਾਨਕੋਟ ਵਿਖੇ ਵੀ ਅਜਿਹੇ ਪ੍ਰਾਜੈਕਟ ਛੇਤੀ ਹੀ ਹੋਂਦ ਵਿਚ ਆ ਜਾਣਗੇ ਅਤੇ ਪੰਜਾਬ ਵਿਚ ਕੂੜੇ ਦਾ ਮੁਕੰਮਲ ਹੱਲ ਹੋ ਜਾਵੇਗਾ।
ਉਨਾਂ ਦੱਸਿਆ ਕਿ ‘ਵਾਲ ਸਿਟੀ’ ਦੇ ਅੰਦਰਲੇ ਇਲਾਕੇ ਵਿਚੋਂ ਕੂੜਾ ਚੁੱਕਣ ਦਾ ਕਾਰਪੋਰੇਸ਼ਨ ਹੀ ਕਰੇਗੀ ਅਤੇ ਇਸ ਵਾਸਤੇ ਮਸ਼ਿਨਰੀ ਅਤੇ ਹੋਰ ਸਾਜ਼ੋ-ਸਮਾਨ ਸਰਕਾਰ  ਲੈ ਕੇ ਦੇਵੇਗੀ। ਉਨਾਂ ਕਿਹਾ ਕਿ ਇਸ ਕੂੜੇ ਵਿਚੋਂ ਕੁੱਝ ਵੀ ਵਾਧੂ ਨਹੀਂ ਬੱਚਦਾ ਅਤੇ ਹਰੇਕ ਚੀਜ਼ ਵਰਤ ਲਈ ਜਾਂਦੀ ਹੈ, ਇਸ ਤਰਾਂ ਡੰਪ ਵਿਖੇ ਕੋਈ ਕੂੜਾ ਜਾਂ ਪ੍ਰਦੂਸ਼ਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨਾਂ ਕਿਹਾ ਕਿ ਡੰਪ ਦੇ ਨੇੜੇ ਰਹਿੰਦੇ ਲੋਕਾਂ ਨੂੰ ਇਸ ਪ੍ਰਾਜੈਕਟ ਦਾ ਵਿਰੋਧ ਕਰਨ ਦੀ ਥਾਂ ਸਗੋਂ ਸਵਾਗਤ ਕਰਨਾ ਚਾਹੀਦਾ ਹੈ, ਕਿਉਂਕਿ ਇਹ ਪ੍ਰਾਜੈਕਟ ਸ਼ਹਿਰ ਦੇ ਨਾਲ-ਨਾਲ ਸਮੁੱਚੇ ਇਲਾਕੇ ਨੂੰ ਸਾਫ-ਸੁਥਰਾ ਕਰੇਗਾ।
ਉਨਾਂ ਦੱਸਿਆ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਇਹ ਪ੍ਰਾਜੈਕਟ ਲਗਾਉਣੇ ਜ਼ਰੂਰੀ ਕਰਾਰ ਦਿੱਤੇ ਹਨ ਅਤੇ ਇੰਨਾਂ ਤੋਂ ਬਿਨਾਂ ਕੂੜੇ ਦਾ ਕੋਈ ਹੱਲ ਹੋਣਾ ਮੁਸ਼ਿਕਲ ਹੀ ਨਹੀਂ ਅਸੰਭਵ ਹੈ। ਇਸ ਮੌਕੇ ਕਮਿਸ਼ਨਰ ਕਾਰਪੋਰੇਸ਼ਨ ਮੈਡਮ ਸੋਨਾਲੀ ਗਿਰੀ, ਚੀਫ ਵਿਜੀਲੈਂਸ ਕਮਿਸ਼ਨਰ ਸ੍ਰੀ ਕਾਂਸਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਕੈਪਸ਼ਨ-ਘਰਾਂ ਵਿਚੋਂ ਕੂੜਾ ਚੁੱਕਣ ਵਾਲੀਆਂ ਗੱਡੀਆਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਦੇ ਹੋਏ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ। ਨਾਲ ਹਨ ਕਮਿਸ਼ਨਰ ਸੋਨਾਲੀ ਗਿਰੀ ਅਤੇ ਹੋਰ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply