
ਅੰਮ੍ਰਿਤਸਰ, 8 ਅਗਸਤ (ਪੰਜਾਬ ਪੋਸਟ ਬਿਊਰੋ) – ਜਨਵਾਦੀ ਲੇਖਕ ਸੰਘ ਅਤੇ ਏਕਮ ਸਾਹਿਤਕ ਮੰਚ ਵੱਲੋਂ ਵਿਰਸਾ ਵਿਹਾਰ ਸੋਸਾਇਟੀ ਦੇ ਸਹਿਯੋਗ ਨਾਲ ਮਰਹੂਮ ਕਥਾਕਾਰ ਤਲਵਿੰਦਰ ਸਿੰਘ ਦੀ ਯਾਦ ਵਿੱਚ ਅਰੰਭੀ ਸਾਹਿਤਕ ਸਮਾਗਮਾਂ ਦੀ ਲੜੀ ਤਹਿਤ ਨਾਮਵਰ ਸ਼ਾਇਰਾ ਸੁਰਿੰਦਰਜੀਤ ਨਾਲ ਕਾਵਿ-ਸੰਵਾਦ ਰਚਾਇਆ ਗਿਆ। ਸਥਾਨਕ ਵਿਰਸਾ ਵਿਹਾਰ ਦੇ ਸz: ਨਾਨਕ ਸਿੰਘ ਸੈਮੀਨਾਰ ਹਾਲ ਵਿੱਚ ਹੋਏ ਇਸ ਅਦਬੀ ਸਮਾਗਮ ਦਾ ਮੰਚ ਸੰਚਾਲਣ ਕਰਦਿਆਂ ਕਥਾਕਾਰ ਦੀਪ ਦਵਿੰਦਰ ਸਿੰਘ ਨੇ ਮਹਿਮਾਨ ਸ਼ਾਇਰਾ ਦੀ ਜਾਣ-ਪਹਿਚਾਣ ਕਰਵਾਈ। ਹਾਜ਼ਰੀਨ ਦੇ ਰੂ-ਬ-ਰੂ ਹੁੰਦਿਆਂ ਸੁਰਿੰਦਜੀਤ ਕੌਰ ਨੇ ਆਪਣੀ ਗਜ਼ਲ ਦੇ ਇੱਕ ਸ਼ੇਅਰ ਕਿ ”ਮੈਂ ਦੁਨੀਆ ਦੀ ਪੀੜਾ ਹੰਢਾਈ ਬਹੁਤ ਹੈ, ਮੇਰੇ ਲਈ ਇਹੋ ਕਮਾਈ ਬਹੁਤ ਹੈ, ਬਹੁਤ ਨਾਜ ਸੂਰਜ ਨੂੰ ਹੈ ਆਪਣੇ ਉੱਤੇ, ਕਿ ਉਸਨੇ ਇਹ ਧਰਤੀ ਘੁਮਾਈ ਬਹੁਤ ਹੈ” ਦੇ ਹਵਾਲੇ ਨਾਲ ਗੱਲ ਕਰਦਿਆਂ ਦੱਸਿਆ ਕਿ ਬਾਬਾ ਫਰੀਦ, ਬੁੱਲੇ ਸ਼ਾਹ, ਸ਼ਿਵ ਕੁਮਾਰ, ਪਾਸ਼ ਅਤੇ ਅੰਮ੍ਰਿਤਾ ਪ੍ਰੀਤਮ ਜਿਹੇ ਵੱਡੇ ਲੇਖਕਾਂ ਦੀ ਲੇਖਣੀ ਦਾ ਉਨ੍ਹਾਂ ਨੇ ਗਹਿਰਾ ਪ੍ਰਭਾਵ ਕਬੂਲਿਆ, ਇਸੇ ਲਈ ਉਨ੍ਹਾਂ ਦੇ ਲਿਖਣ ਕਾਰਜ ਅਤੇ ਅਦਬੀ ਜੀਵਨ ਵਿੱਚ ਸਹਿਜਤਾ ਬਰਕਰਾਰ ਰਹਿੰਦੀ ਹੈ। ਡਾ. ਸੁਖਦੇਵ ਸਿੰਘ ਖਾਹਰਾ ਅਤੇ ਡਾ. ਜੋਗਿੰਦਰ ਕੈਰੋਂ ਨੇ ਸੁਰਿੰਦਰਜੀਤ ਦੀਆਂ ਪੁਸਤਕਾਂ ”ਮਿੱਟੀ ਨੂੰ ਫਰੋਲ ਜੋਗੀਆ”, ”ਕਤਰਾ ਕਤਰਾ ਰੂਹ”, ”ਹੱਥਾਂ ਦੇ ਬੋਲ” ਅਤੇ ”ਹੰਝੂਆਂ ਦੀ ਲੋਅ” ਨੂੰ ਕੇਂਦਰ ਵਿੱਚ ਰੱਖ ਕੇ ਗੱਲ ਕਰਦਿਆਂ ਦੱਸਿਆ ਕਿ ਸੁਰਿੰਦਰਜੀਤ ਦੀ ਸਮੁੱਚੀ ਸ਼ਾਇਰੀ ਮਾਨਵੀ ਕਦਰਾਂ ਕੀਮਤਾਂ ਦੀ ਗੱਲ ਕਰਦੀ ਹੈ। ਡਾ. ਦਰਿਆ, ਡਾ. ਬਲਜੀਤ ਕੌਰ ਰਿਆੜ ਨੇ ਸਾਂਝੇ ਤੌਰ ਤੇ ਦੱਸਿਆ ਕਿ ਲੇਖਿਕਾ ਸਮਕਾਲ ਵਿੱਚ ਰਚੀ ਜਾ ਰਹੀ ਸ਼ਾਇਰੀ ਵਿੱਚ ਆਪਣੀ ਸਹਿਜ ਅਤੇ ਸੋਹਜ ਭਰਪੂਰ ਲੇਖਣੀ ਕਰਕੇ ਨਵੇਕਲੀ ਪਹਿਚਾਣ ਬਣਾਉਂਦੀ ਹੈ। ਮੱਖਣ ਕੋਹਾੜ, ਦੇਵ ਦਰਦ ਅਤੇ ਅਰਤਿੰਦਰ ਸੰਧੂ ਨੇ ਦੱਸਿਆ ਕਿ ਮਹਿਮਾਨ ਸ਼ਾਇਰਾ ਦੀ ਸਮੁੱਚੀ ਸ਼ਾਇਰੀ ਸੰਤਾਪ ਹੰਢਾਉਂਦੀ ਨਾਰੀ ਅਤੇ ਲੋੜਾਂ ਥੁੜਾਂ ਮਾਰੇ ਲੋਕਾਂ ਦੇ ਹੱਕ ਵਿੱਚ ਭੁਗਤਦੀ ਹੈ। ਰਜਿੰਦਰ ਪ੍ਰਦੇਸੀ, ਹਰਫੂਲ ਸਿੰਘ ਅਤੇ ਨਿਰਮਲ ਅਰਪਣ ਨੇ ਅਜਿਹੇ ਸਮਾਗਮਾਂ ਦੀ ਸਹਾਰਨਾ ਕਰਦਿਆਂ ਨਵੀਂ ਪੀੜ੍ਹੀ ਦੇ ਲੇਖਕਾਂ ਨੂੰ ਅੱਗੇ ਲਿਆਉਣ ਦੀ ਸਲਾਹ ਵੀ ਦਿੱਤੀ। ਜਗਦੀਸ਼ ਸਚਦੇਵਾ, ਡਾ. ਹਜ਼ਾਰਾ ਸਿੰਘ ਚੀਮਾ ਅਤੇ ਸੁਮੀਤ ਸਿੰਘ ਨੇ ਸਭ ਦਾ ਸਵਾਗਤ ਕੀਤਾ।
ਹੋਰਨਾਂ ਤੋਂ ਇਲਾਵਾ ਇਸ ਸਮੇਂ ਭੁਪਿੰਦਰਪ੍ਰੀਤ, ਹਰਬੰਸ ਸਿੰਘ ਨਾਗੀ, ਮਨਮੋਹਨ ਸਿੰਘ ਢਿੱਲੋਂ, ਜਸਵੰਤ ਜੱਸ, ਭੁਪਿੰਦਰ ਸਿੰਘ ਸੰਧੂ, ਮੁਖਤਾਰ ਗਿੱਲ, ਹਰਭਜਨ ਖੇਮਕਰਨੀ, ਜਗਜੀਤ ਗਿੱਲ, ਕਲਿਆਣ ਅੰਮ੍ਰਿਤਸਰੀ, ਡਾ. ਕਸ਼ਮੀਰ, ਰੋਜੀ ਸਿੰਘ, ਅਮਰਜੀਤ ਬਾਈ, ਡਾ. ਸਤਨਾਮ ਕੌਰ ਰੰਧਾਵਾ, ਰਜਿੰਦਰ ਧੰਜੂ, ਡਾ. ਹੀਰਾ ਸਿੰਘ, ਡਾ. ਲਖਵਿੰਦਰ ਗਿੱਲ, ਆਤਮ ਰੰਧਾਵਾ, ਸਰਬਜੀਤ ਸੰਧੂ, ਮਲਵਿੰਦਰ, ਇੰਦਰੇਸ਼ਮੀਤ, ਜਗਤਾਰ ਗਿੱਲ, ਹਰਜੀਤ ਸੰਧੂ, ਮਨਮੋਹਨ ਬਾਸਰਕੇ, ਇੰਜੀ: ਮਨਜੀਤ ਸਿੰਘ, ਪਰਦੀਪਪਾਲ ਸਿੰਘ ਵੱਲ੍ਹਾ, ਰਾਜ ਖੁਸ਼ਵੰਤ ਸਿੰਘ ਸੰਧੂ, ਅਜੀਤ ਸਿੰਘ ਨਬੀਪੁਰ ਅਤੇ ਡਾ. ਮਧੂ ਭਾਸਕਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਸਨ।
Punjab Post Daily Online Newspaper & Print Media