
ਬਠਿੰਡਾ, 22 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਗੁਰਦੁਆਰਾ ਸਾਹਿਬ ਭਾਈ ਮਤੀ ਦਾਸ ਨਗਰ ਵਿਖੇ ”ਕੂੜਾ ਡੰਪ ਹਟਾਓ” ਮੋਰਚਾ ਦੀ ਅੇਕਸ਼ਨ ਕਮੇਟੀ ਦੀ ਇੱਕਤਰਤਾ ਵਿਚ ਕਚਰਾ ਪਲਾਂਟ ਨੂੰ ਪੀਣ ਵਾਲੇ ਪਾਣੀ ਦੇ ਸੂਏ ਅਤੇ ਸੰਘਣੀ ਵਸੋਂ ਤੋਂ ਦੂਰ ਤਬਦੀਲ ਕਰਨ ਬਾਰੇ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੀ ਟਾਲ ਮਟੋਲ ਨੀਤੀ ਬਾਰੇ ਵਿਚਾਰ ਚਰਚਾ ਕੀਤੀ ਗਈ। ਗੌਰਤਲਬ ਹੈ ਕਿ ਪੰਜਾਬ ਸਰਕਾਰ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਦੋ ਵਾਰ ਜਿਲ੍ਹਾਂ ਪ੍ਰਸ਼ਾਸ਼ਨ ਨੂੰ ਕਚਰਾ ਪਲਾਂਟ ਨੂੰ ਸੰਘਣੀ ਵਸੋਂ ਤੋਂ ਦੂਰ ਲੈ ਜਾਣ ਦੇ ਜ਼ੁਬਾਨੀ ਆਦੇਸ਼ ਦੇ ਚੁੱਕੇ ਹਨ ਪਰ ਸਥਿਤੀ ਹਾਲੇ ਤੱਕ ਜਿਉਂ ਦੀ ਤਿਉਂ ਬਣੀ ਹੋਈ ਹੈ।”ਪੰਚਾਂ ਦਾ ਕਹਿਣਾ ਸਿਰ ਮੱਥੇ ਪਰਨਾਲਾ ਉਥੇ ਦੀ ਉਥੇ” ਵਾਲੀ ਸਿਆਸੀ ਨੀਤੀ ਦਾ ਵੱਖ ਵੱਖ ਬੁਲਾਰਿਆ ਵਲੋਂ ਤਿੱਖਾ ਵਿਰੋਧ ਕੀਤਾ ਗਿਆ।ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਚੋਣ ਜਾਬਤਾ ਲਾਗੂ ਹੋਣ ਤੱਕ ਮਾਮਲਾ ਲਟਕਾ ਕੇ ਰੱਖਣਾ ਚਾਹੁੰਦੀ ਹੈ।ਪਰ ਇਹ ਭੁੱਲ ਜਾਂਦੀ ਹੈ ਕਿ ਉੱਪ ਮੁੱਖ ਮੰਤਰੀ ਜੀ ਨੇ ਦੋਵੇਂ ਵਾਰ ਇਹ ਵਾਅਦਾ ਆਪਣੇ ਪਾਰਟੀ ਵਰਕਰਾਂ ਐਮ.ਸੀ ਤੇ ਐਮ. ਐਲ ਏ ਨਾਲ ਕੀਤਾ ਹੈ। ਜੇ ਇਹ ਵਾਅਦਾ ਝੂਠਾ ਖੋਖਲਾ ਜਾਂ ਲਾਰਾ ਹੀ ਹੋਇਆ ਤਾਂ ਵੋਟਾਂ ਮੰਗਣ ਵੇਲੇ ਇਨ੍ਹਾਂ ਵਫ਼ਾਦਾਰ ਵਰਕਰਾਂ ਦੀ ਕੀ ਸਥਿਤੀ ਹੋਵੇਗੀ।ਇਹ ਪਾਰਟੀ ਨਾਲ ਵਫ਼ਾਦਾਰੀ ਨਿਭਾਉਣਗੇ ਜਾਂ ਕਚਰਾ ਪਲਾਂਟ ਦੇ ਨਰਕ ਕੁੰਡ ਦੀ ਬਦਬੂ ਤੋਂ ਪੀੜਤ ਲੋਕਾਂ ਦੇ ਹਮਦਰਦ ਬਣਨਗੇ?
ਜਿਲ੍ਹਾ ਪ੍ਰਸਾਸ਼ਨ ਵਲੋਂ ਸੱਦੀ ਗਈ ਮੀਟਿੰਗ ਦੌਰਾਨ ਜ਼ਮੀਨ ਵੇਚਣ ਵਾਲੀਆ ਧਿਰਾਂ ਤੇ ਥਾਵਾਂ ਦਾ ਵੇਰਵਾ ਦੇ ਦਿੱਤਾ ਗਿਆ ਸੀ।ਬਹੁਤ ਸਾਰੇ ਮੈਂਬਰਾਂ ਦੀ ਹਿੰਮਤ ਸਦਕਾ ਇਲਾਕੇ ਦੇ ਮੋਹਤਬਰ ਬੰਦਿਆਂ ਕੋਲੋਂ ਕੋਈ ਇਤਰਾਜ ਨਹੀ ਵਰਗੀ ਉਕਤੀ ਵੀ ਤਸਦੀਕ ਕਰਵਾ ਲਈ ਗਈ ਹੈ।ਪਰ ਹਾਲ ਦੀ ਘੜੀ ਮਾਮਲਾ ਟਾਲਣ ਦੀ ਕਾਰਵਾਈ ਹੀ ਵਧੇਰੇ ਹੋਈ ਹੈ। ਐਕਸਨ ਕਮੇਟੀ ਵੱਲੋਂ 2 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ ਕਿ ਸਰਕਾਰ ਤੇ ਜਿਲ੍ਹਾ ਪ੍ਰਸ਼ਾਸ਼ਨ ਨੇ ਇਸ ਸਮੇਂ ਤੱਕ ਕੋਈ ਠੋਸ ਕਾਰਵਾਈ ਕਰਕੇ ਰੋਹ ਤੇ ਵਿਦਰੋਹ ਦਾ ਸਰੂਪ ਬਣੀ ਪੀੜਤ ਜਨਤਾ ਨੂੰ ਸੁੰਤਸ਼ਟ ਨਹੀ ਕੀਤਾ ਤਾਂ ਉਹ ਮਜਬੂਰ ਹੋ ਕੇ ਕਚਰਾ ਪਲਾਂਟ ਨੂੰ ਜਾਂਦਾ ਰਾਹ ਰੋਕਣਗੇ।ਸੱਤਾਧਾਰੀ ਪਾਰਟੀ ਦਾ ਆਗਾਮੀ ਚੋਣਾਂ ਸਮੇਂ ਮੁਕੰਮਲ ਬਾਈਕਾਟ ਕਰਨ ਦਾ ਪ੍ਰਚਾਰ ਕਰਨਗੇ। ਕਚਰਾ ਪਲਾਂਟ ਨਾਲ ਜੁੜੀਆ ਬੇਨਿਯਮੀਆਂ ਤੇ ਧਾਂਦਲੀਆਂ ਦਾ ਪਰਦਾ ਫਾਸ਼ ਕਰਨਗੇ। ਲੋਕ ਰੋਹ ਨਿਰੰਤਰ ਵਧਦਾ ਜਾ ਰਿਹਾ ਹੈ।
ਇਸ ਇਕਤੱਰਤਾ ਵਿਚ ਇਕ ਵਾਰ ਫਿਰ ਸ: ਨਛੱਤਰ ਸਿੰਘ ਹਰਬੰਸ ਨਗਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਕਚਰਾ ਪਲਾਂਟ ਨਾ ਚੁੱਕੇ ਜਾਣ ਦੇ ਵਿਰੋਧ ਵਿਚ ‘ਮਰਨਵਰਤ’ ਤੇ ਬੈਠਣ ਦੀ ਪੇਸ਼ਕਸ਼ ਕੀਤੀ ਗਈ।ਐਕਸ਼ਨ ਕਮੇਟੀ ਦੇ ਮੈਂਬਰ ਹਰ ਹਾਲਤ ਵਿਚ ਟਕਰਾ ਨੂੰ ਟਾਲਣਾ ਚਾਹੁੰਦੇ ਹਨ ਪਰ ਬੇਵੱਸ ਹੋਏ ਲੋਕ ਬਹੁਤੀ ਦੇਰ ਰੁਕਣਗੇ ਨਹੀ। ਸਾਂਤ ਸਾਗਰ ਵਿਚ ਪੈਦਾ ਹੋਇਆ ਜਵਾਰ ਭਾਟਾ ਕੀ ਕਰ ਦਿਖਾਏਗਾ ਇਹ ਤਾਂ ਸਮਾਂ ਹੀ ਦੱਸੇਗਾ। ਹਾਲੇ 2 ਸਤਬੰਰ ਤੱਕ ਉਡੀਕ ਹੈ ਮੋਰਚੇ ਨੂੰ ਇੱਕਤਰਤਾ ਵਿਚ ਸੁਖਦੇਵ ਸਿੰਘ ਗਿੱਲ, ਜੀਤ ਸਿੰਘ ਜੋਸ਼ੀ, ਬਿਕਰਮ ਸਿੰਘ ਧਿੰਗੜ, ਬਲਵਿੰਦਰ ਸਿੰਘ ਵਾਲੀਆ, ਸੋਹਣ ਸਿੰਘ ਜਵੰਦਾ, ਮੋਦਨ ਸਿੰਘ ਮਾਨ, ਰੂਪ ਸਿੰਘ, ਐਡਵੋਕੇਟ ਰਣਜੀਤ ਸਿੰਘ ਜਲਾਲ, ਹਰਦੇਵ ਬਾਂਸਲ, ਸੈਟੀ, ਅਮਰਜੀਤ ਕੌਰ, ਕੈਪਟਨ ਮੱਲ ਸਿੰਘ, ਕਰਮਜੀਤ ਕੌਰ, ਗੁਰਚਰਨ ਸਿੰਘ ਸਿੱਧੂ, ਸੁਖਦੇਵ ਸਿੰਘ, ਅਵਤਾਰ ਸਿੰਘ ਆਦਿ ਤੋਂ ਇਲਾਵਾ ਐਕਸ਼ਨ ਮੈਂਬਰ ਹਾਜ਼ਰ ਸਨ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media