
ਅੰਮ੍ਰਿਤਸਰ, 27 ਅਗਸਤ (ਜਗਦੀਪ ਸਿੰਘ ਸੱਗੂ) – ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਅੰਮ੍ਰਿਤਸਰ ਵਿਚ ਚੱਲ ਰਹੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਨੂੰ ਛੇਤੀ ਮੁਕੰਮਲ ਕਰਨ ਦੇ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਅੰਮ੍ਰਿਤਸਰ ਨੂੰ ਵਿਸ਼ਵ ਦੇ ਬਿਹਤੀਰਨ ਸ਼ਹਿਰਾਂ ਵਿਚ ਸ਼ਾਮਿਲ ਕਰਵਾਉਣ ਲਈ ਯਤਨਸ਼ੀਲ ਹੈ ਅਤੇ ਇਸ ਕੰਮ ਵਿਚ ਕਿਸੇ ਤਰਾਂ ਦੀ ਢਿੱਲ ਨਾ ਵਰਤੀ ਜਾਵੇ। ਉਨਾਂ ਨੇ ਸਾਰੇ ਪ੍ਰਾਜੈਕਟਾਂ ਦਾ ਵੇਰਵਾ ਰਿਪੋਰਟ ਲੈਂਦੇ ਹੋਏ ਨਵੰਬਰ ਅੰਤ ਤੱਕ ਸਾਰੇ ਕੰਮ ਹਰ ਹਾਲਤ ਮੁਕੰਮਲ ਕਰਨ ਦੀ ਹਦਾਇਤ ਕੀਤੀ। ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਅੰਮ੍ਰਿਤਸਰ ਦੀ ਧਾਰਮਿਕ ਅਤੇ ਇਤਹਾਸਕ ਮਹੱਤਤਾ ਨੂੰ ਵੇਖਦੇ ਹੋਏ ਇਥੇ ਕਰੀਬ ਪਿਛਲੇ 9 ਸਾਲਾਂ ਦੌਰਾਨ ਤਿੰਨ ਹਜ਼ਾਰ ਕਰੋੜ ਰੁਪਏ ਖਰਚ ਕਰ ਚੁੱਕੀ ਹੈ, ਪਰ ਸਾਰੇ ਪ੍ਰਾਜੈਕਟ ਅਜੇ ਅਧੂਰੇ ਹੋਣ ਕਾਰਨ ਲੋਕਾਂ ਨੂੰ ਇਸ ਸਹੂਲਤ ਦਾ ਲਾਹਾ ਨਹੀਂ ਮਿਲ ਰਿਹਾ। ਸ. ਬਾਦਲ ਨੇ ਕਿਹਾ ਕਿ ਅਗਲੇ ਦੋ ਮਹੀਨਿਆਂ ਤੱਕ ਇਹ ਸਾਰੇ ਪ੍ਰਾਜੈਕਟ ਨੇਪਰੇ ਚਾੜ ਕੇ ਸ਼ਹਿਰ ਵਾਸੀਆਂ ਦੇ ਨਾਲ-ਨਾਲ ਬਾਹਰੋਂ ਆਉਣ ਵਾਲੇ ਯਾਤਰੀਆਂ ਦੀ ਸਹੂਲਤ ਵਿਚ ਵਾਧਾ ਕਰਨਾ ਮੇਰੀ ਤਰਜੀਹ ਹੈ ਅਤੇ ਇਸ ਲਈ ਪੈਸੇ ਅਤੇ ਸਾਧਨਾਂ ਦੀ ਕੋਈ ਕਮੀ ਕਿਸੇ ਵਿਭਾਗ ਨੂੰ ਨਹੀਂ ਆਉਣ ਦਿੱਤੀ ਜਾਵੇਗੀ।
ਸ. ਬਾਦਲ ਨੇ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਬਣਾਏ ਜਾ ਰਹੇ ਪਹਿਲੇ ‘ਇੰਟਰਪ੍ਰੇਟੇਸ਼ਨ ਸੈਂਟਰ’ (ਵਿਆਖਿਆ ਕੇਂਦਰ), ਬੱਸ ਰੈਪਿਡ ਟਰਾਂਜਿਟ ਸਿਸਟਮ, ਜਲੰਧਰ ਰੋਡ ‘ਤੇ ਬਣ ਰਹੇ ਸਵਾਗਤੀ ਗੇਟ, ਵਾਰ ਮੈਮੋਰੀਅਲ, ਬਾਲਮੀਕ ਤੀਰਥ ਸਥਾਨ, ਵਿਰਾਸਤੀ ਪਿੰਡ, ਸ਼ਹਿਰ ਵਿਚ ਬਣਾਈਆਂ ਜਾ ਰਹੀਆਂ ਗਰੀਨ ਬੈਲਟਾਂ ਆਦਿ ਦੀ ਪ੍ਰਗਤੀ ਦਾ ਜਾਇਜ਼ਾ ਲਿਆ।
ਮੀਟਿੰਗ ਦੌਰਾਨ ਸ੍ਰੀ ਦਰਬਾਰ ਸਾਹਿਬ ਵਿਖੇ ਬਣ ਰਹੇ ਪਹਿਲੇ ਵਿਲੱਖਣ ਵਿਆਖਿਆ ਕੇਂਦਰ ਦੀ ਵਿਡੀਓ ਪੇਸ਼ਕਾਰੀ ਦੇਖਦੇ ਹੋਏ ਸ. ਸੁਖਬੀਰ ਸਿੰਘ ਬਾਦਲ ਨੇ ਨਿਰਦੇਸ਼ ਦਿੱਤੇ ਕਿ ਇਸ ਕੰਮ ਨੂੰ ਇਸ ਥਾਂ ਦੀ ਮਹੱਤਤਾ ਅਨੁਸਾਰ ਅਹਿਮੀਅਤ ਦਿੱਤੀ ਜਾਵੇ ਅਤੇ ਆਹਲੇ ਦਰਜੇ ਦਾ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਵਿਲੱਖਣ ਵਿਆਖਿਆ ਕੇਂਦਰ ਦੇਸ਼-ਵਿਦੇਸ਼ ਦੇ ਸੈਲਾਨੀਆਂ ਨੂੰ ਸਮਰਪਿਤ ਹੋਵੇਗਾ ਜੋ ਕਿ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ। ਉੱਪ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਵਿਆਖਿਆ ਕੇਂਦਰ ਵਿਚ ਡਿਜੀਟਲ ਇਨਸਾਈਕਲੋਪੀਡੀਆ ਰਾਹੀਂ ਸਿੱਖ ਇਤਿਹਾਸ ਬਾਰੇ ਲੋਕਾਂ ਨੂੰ ਮਹੱਤਵਪੂਰਣ ਜਾਣਕਾਰੀ ਦਿੱਤੀ ਜਾਇਆ ਕਰੇਗੀ।
ਅੰਮ੍ਰਿਤਸਰ ਵਿਖੇ ਚੱਲ ਰਹੇ ਬੱਸ ਰੈਪਿਡ ਟਰਾਂਜਿਟ ਸਿਸਟਮ (ਬੀਆਰਟੀਸੀ) ਦੇ ਕੰਮ ਦਾ ਨਿਰੀਖਣ ਕਰਦੇ ਹੋਏ ਸ. ਬਾਦਲ ਨੇ ਦੱਸਿਆ ਕਿ ਇਸ ਪ੍ਰੋਜੈਕਟ ‘ਤੇ ਸਰਕਾਰ ਵੱਲੋਂ 500 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਹਰ ਹਾਲਤ ਨਵੰਬਰ ਦੇ ਸ਼ੁਰੂ ਵਿਚ ਮੁਕੰਮਲ ਹੋ ਜਾਵੇ, ਤਾਂ ਜੋ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਸ਼ਹਿਰ ਵਾਸੀਆਂ ਨੂੰ ਸਹੂਲਤ ਮਿਲ ਸਕੇ। ਉਨ੍ਹਾਂ ਨੇ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਚੱਲ ਰਹੇ ਵਿਕਾਸ ਕੰਮ ਦੀ ਪ੍ਰਗਤੀ ਵਿਚ ਤੇਜ਼ੀ ਲਿਆਉਣ ਅਤੇ ਇਸ ਕੰਮ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਬੀ.ਆਰ.ਟੀ.ਐੱਸ. ਵਿਚ ਚਲਾਈਆਂ ਜਾਣ ਵਾਲੀਆਂ ਬੱਸਾਂ ਦੀ ਖਰੀਦ ਦਾ ਕੰਮ ਵੀ ਬਿਨਾਂ ਕਿਸੇ ਦੇਰੀ ਮੁਕੰਮਲ ਕੀਤਾ ਜਾਵੇ।
ਜੀ.ਟੀ. ਰੋਡ ਅੰਮ੍ਰਿਤਸਰ ਵਿਖੇ ਨੋਰਥ-ਸਾਊਥ ਜੋਨ ਵਿਚ ਚੱਲ ਰਹੇ ਸੀਵਰੇਜ ਅਤੇ ਜਲ ਸਪਲਾਈ ਦੇ ਕੰਮ ਦਾ ਜਾਇਜਾ ਵੀ ਸ. ਬਾਦਲ ਨੇ ਲਿਆ। ਇਸ ਮਗਰੋਂ ਸ. ਬਾਦਲ ਵਰ੍ਹਦੇ ਮੀਂਹ ਵਿਚ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਣ ਵੀ ਮੌਕੇ ‘ਤੇ ਗਏ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ, ਭਾਜਪਾ ਨੇਤਾ ਤੁਰਣ ਚੁੱਗ, ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰੀ ਵੀਰ ਸਿੰਘ ਲੋਪੋਕੇ, ਪ੍ਰਮੁੱਖ ਸਕੱਤਰ ਸ੍ਰੀ ਪੀ.ਐੱਸ. ਔਜਲਾ, ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ, ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਸੋਨਾਲੀ ਗਿਰੀ, ਡਾਇਰੈਕਟਰ ਸੈਰ ਸਪਾਟਾ ਸ੍ਰੀ ਐੱਨ.ਪੀ.ਐੱਸ. ਰੰਧਾਵਾ, ਕਮਿਸ਼ਨਰ ਆਫ ਪੁਲਿਸ ਅਮਰ ਸਿੰਘ ਚਾਹਲ, ਵਧੀਕ ਡਿਪਟੀ ਕਮਿਸ਼ਨਰ ਸ. ਤਜਿੰਦਰਪਾਲ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਐਸ ਪੀ ਆਂਗਰਾ, ਸ੍ਰੀ ਸੰਦੀਪ ਰਿਸ਼ੀ ਏ ਡੀ ਏ, ਐਕਸੀਅਨ ਇੰਜਰਜੀਤ ਸਿੰਘ, ਐਕਸੀਅਨ ਜਸਬੀਰ ਸਿੰਘ ਸੋਢੀ, ਸz ਗੁਰਪ੍ਰਤਾਪ ਸਿੰਘ ਟਿੱਕਾ ਅਤੇ ਵੱਖ ਵੱਖ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਹਾਜਰ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media