
ਬਠਿੰਡਾ, 15 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਰਵ ਸਿੱਖਿਆ ਅਭਿਆਨ ਤਹਿਤ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਵਿਸ਼ੇਸ਼ ਸਹਾਇਤਾ ਕੈਂਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਹਰਦੀਪ ਸਿੰਘ ਤੱਗੜ ਦੀ ਅਗਵਾਈ ਵਿੱਚ ਬਲਾਕ ਰਿਸੋਰਸ ਸੈਂਟਰ ਮਾਲ ਰੋਡ ਬਠਿੰਡਾ ਵਿਖੇ ਲਗਾਇਆ ਗਿਆ।ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕਮ ਬਲਾਕ ਪ੍ਰੋਜੈਕਟ ਡਾਇਰੈਕਟਰ ਬਠਿੰਡਾ ਦਰਸ਼ਨ ਸਿੰਘ ਜੀਦਾ ਦੀ ਦੇਖ ਰੇਖ ਹੇਠ ਲਗਾਏ ਗਏ ਇਸ ਕੈਂਪ ਵਿੱਚ ਅੱਜ ਡਾਕਟਰਾਂ ਦੀ ਵਿਸੇਸ ਟੀਮ ਵੱਲੋਂ 200 ਦੇ ਕਰੀਬ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਜਾਂਚ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਅਫਸਰ ਦਰਸ਼ਨ ਸਿੰਘ ਜੀਦਾ ਨੇ ਦੱਸਿਆ ਕਿ ਇਸ ਵਿਸ਼ੇਸ਼ ਕੈਂਪ ਵਿੱਚ ਸਿੱਖਿਅਕ ਬਲਾਕ ਬਠਿੰਡਾ, ਨਥਾਣਾ ਅਤੇ ਸੰਗਤ ਨਾਲ ਸਬੰਧਿਤ 6 ਤੋਂ 18 ਸਾਲ ਤੱਕ ਦੇ ਉਨ੍ਹਾਂ ਸਾਰੇ ਬੱਚਿਆਂ ਦਾ ਮੁਆਇਨਾ ਕੀਤਾ ਗਿਆ, ਜਿੰਨ੍ਹਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਸਰੀਰਕ ਘਾਟ ਪਾਈ ਜਾਂਦੀ ਹੈ।ਉਨ੍ਹਾਂ ਅੱਗੇ ਦੱਸਿਆ ਕਿ ਇਸ ਕੈਂਪ ਵਿੱਚ ਚੈਕਅੱਪ ਦੌਰਾਨ ਜਿੰਨ੍ਹਾਂ ਬੱਚਿਆਂ ਨੂੰ ਵੀਲ੍ਹ ਚੇਅਰ, ਟਰਾਈਸਾਈਕਲ, ਕੈਲੀਪਰ, ਕ੍ਰੈਚਜ (ਵਸਾਖੀ), ਵਾਕਰ, ਬਲਾਇੰਡ ਕਿੱਟ, ਐਮ, ਆਰ ਕਿੱਟ, ਬਨਾਵਟੀ ਪੈਰ, ਕੰਨਾਂ ਦੀ ਮਸ਼ੀਨ ਆਦਿ ਸਮਾਨ ਦੀ ਜਰੂਰਤ ਮਹਿਸੂਸ ਹੋਵੇਗੀ ਉਨ੍ਹਾਂ ਨੂੰ ਅਗਲੇ ਕੈਂਪ ਵਿੱਚ ਲੋੜੀਂਦਾ ਸਮਾਨ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਕੈਂਪ ਵਿੱਚ ਭਾਗ ਲੈ ਰਹੇ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਮੁਹੱਈਆ ਕਰਵਾਈ ਗਈ। ਇਸ ਕੈਂਪ ਵਿੱਚ ਕਾਨਪੁਰ ਤੋਂ ਪਹੁੰਚੀ ਡਾਕਟਰਾਂ ਦੀ ਟੀਮ ਵੱਲੋਂ ਬੱਚਿਆਂ ਦੇ ਕੀਤੇ ਗਏ ਚੈਕਅੱਪ ਦੌਰਾਨ 103 ਆਰਥੋ, ਐਮ.ਆਰ 22 ਕਿੱਟ, ਕੰਨਾ ਵਾਲੇ 12, ਬਰੇਲ ਕਿੱਟ 8 ਬੱਚਿਆਂ ਸਮੇਤ ਕੁੱਲ 145 ਬੱਚਿਆਂ ਨੂੰ ਉਕਤ ਸਮਾਨ ਕਿੱਟ ਦੇਣ ਲਈ ਚੋਣ ਕੀਤੀ ਗਈ।ਇਸ ਮੌਕੇ ਡਾ. ਰਵੀ ਕੁਮਾਰ, ਗਿਤੇਸ਼ ਖੱਤਰੀ, ਵਰਿੰਦਰ ਸਿੰਘ, ਦਵਿੰਦਰ ਕੁਮਾਰ ਬੀ ਐਸ ਈ, ਰਾਜਿੰਦਰ ਰਾਜੂ, ਬਲਵੀਰ ਕਮਾਂਡੋ ਆਦਿ ਨੇ ਆਪਣੀਆਂ ਸੇਵਾਵਾਂ ਦਿੱਤੀਆਂ।
Punjab Post Daily Online Newspaper & Print Media