
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ ਸੱਗੂ)-ਜ਼ਿਲ੍ਹੇ ਵਿਚ ਮਿਤੀ 1-1-2017 ਦੀ ਯੋਗਤਾ ਮਿਤੀ ਦੇ ਆਧਾਰ ‘ਤੇ ਵੋਟਰ ਸੂਚੀ ਦੀ ਸਰਸਰੀ ਸੁਧਾਈ ਦੌਰਾਨ 18-19 ਸਾਲ ਵਾਲੇ ਵਰਗ ਦੇ ਵੋਟਰਾਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਲਈ ਵੱਖ-ਵੱਖ ‘ਸਵੀਪ’ ਗਤੀਵਿਧੀਆਂ ਦੇ ਸਿਲਸਿਲੇ ਅਧੀਨ ਜ਼ਿਲ੍ਹਾ ਪੱਧਰ ‘ਤੇ ਚੋਣ ਹਲਕੇ ਵਾਰ ਵੋਟਰ ਜਾਗਰੂਕਤਾ ਰੈਲੀਆਂ ਕਰਵਾਈਆਂ ਜਾ ਰਹੀਆਂ ਹਨ। ਇਸੇ ਤਹਿਤ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ ਆਂਗਰਾ ਅਤੇ ਡੀ. ਟੀ. ਓ ਸ੍ਰੀਮਤੀ ਲਵਜੀਤ ਕਲਸੀ ਦੀ ਅਗਵਾਈ ਵਿਚ ਮਾਈ ਭਾਗੋ ਸਰਕਾਰੀ ਪਾਲੀਟੈਕਨਿਕ ਕਾਲਜ ਫਾਰ ਗਰਲਜ਼ ਅੰਮ੍ਰਿਤਸਰ ਅਤੇ ਜੰਡਿਆਲਾ ਗੁਰੂ ਵਿਖੇ ਵੋਟਰ ਜਾਗਰੂਕਤਾ ਰੈਲੀਆਂ ਕੱਢੀਆਂ ਗਈਆਂ। ਇਨ੍ਹਾਂ ਰੈਲੀਆਂ ਵਿਚ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲੈ ਕੇ ਵੋਟ ਬਣਾਉਣ ਅਤੇ ਵੋਟ ਪਾਉਣ ਦਾ ਸੁਨੇਹਾ ਦਿੱਤਾ।
ਇਸ ਮੌਕੇ ਸ੍ਰੀ ਐਸ. ਪੀ ਆਂਗਰਾ ਅਤੇ ਸ੍ਰੀਮਤੀ ਲਵਜੀਤ ਕੌਰ ਕਲਸੀ ਨੇ ਕਿਹਾ ਕਿ ਲੋਕਤੰਤਰ ਵਿਚ ਵੋਟ ਦਾ ਬਹੁਤ ਮਹੱਤਵ ਹੈ ਅਤੇ ਹਰ ਯੋਗ ਵੋਟਰ ਦੀ ਵੋਟ ਬਣਨ ਅਤੇ ਹਰ ਵੋਟਰ ਵਲੋਂ ਵੋਟ ਪਾਉਣ ਨਾਲ ਹੀ ਲੋਕਤੰਤਰ ਮਜ਼ਬੂਤ ਹੋ ਸਕਦਾ ਹੈ। ਇਸ ਲਈ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਨੌਜਵਾਨਾਂ ਨੂੰ ਆਪਣੀ ਵੋਟ ਜਰੂਰ ਬਣਾਉਣੀ ਚਾਹੀਦੀ ਹੈ ਅਤੇ ਆਪਣੀ ਵੋਟ ਦਾ ਇਸਤੇਮਾਲ ਵੀ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੋਟ ਪਾਉਣ ਦੇ ਨਾਲ ਲੋਕਤੰਤਰ ਤਾਕਤਵਰ ਹੁੰਦਾ ਹੈ ਅਤੇ ਚੰਗੀ ਸੋਚ ਵਾਲੇ ਰਾਜਨੀਤਿਕ ਆਗੂਆਂ ਨੂੰ ਸਮਾਜ ਦੀ ਸੇਵਾ ਲਈ ਅੱਗੇ ਆਉਣ ਦਾ ਮੌਕਾ ਮਿਲਦਾ ਹੈ।
Punjab Post Daily Online Newspaper & Print Media