
ਅੰਮ੍ਰਿਤਸਰ, 15 ਸਤੰਬਰ (ਸੁਖਬੀਰ ਸਿੰਘ ਖੁਰਮਣੀਆ)-‘ਖ਼ਾਲਸਾ ਯੂਨੀਵਰਸਿਟੀ’ ਦੀ ਮੈਨੇਜ਼ਮੈਂਟ ਨੇ ‘ਖ਼ਾਲਸਾ ਯੂਨੀਵਰਸਿਟੀ ਬਿੱਲ-2016’ ਪੰਜਾਬ ਵਿਧਾਨ ਸਭਾ ਵਿੱਚ ਪਾਸ ਹੋਣ ‘ਤੇ ਸੂਬਾ ਸਰਕਾਰ ਦਾ ਧੰਨਵਾਦ ਕੀਤਾ ਹੈ।ਮੈਨੇਜ਼ਮੈਂਟ ਨੇ ਸਰਕਾਰ ਦੇ ਵਿੱਦਿਆ ਪ੍ਰਸਾਰ ਅਤੇ ਉਚੇਰੀ ਸਿੱਖਿਆ ਨੂੰ ਪ੍ਰੋਤਸ਼ਾਹਿਤ ਕਰਨ ਲਈ ਸੁਪਨੇ ਨੂੰ ਸਕਾਰ ਕਰਨ ਦਾ ਅਹਿਦ ਕਰਦਿਆਂ ਕਿਹਾ ਕਿ ਇਹ ਯੂਨੀਵਰਸਿਟੀ ਸੂਬੇ ਭਰ ਅਤੇ ਖਾਸਕਰ ਸਰਹੱਦੀ ਖੇਤਰ ਵਿੱਚ ਮੋਹਰੀ ਸੰਸਥਾ ਵਜੋਂ ਉਭਰੇਗੀ। ਅੱਜ ਆਪਣੇ ਜਾਰੀ ਬਿਆਨ ਵਿੱਚ ‘ਵਰਸਿਟੀ ਦੇ ਚਾਂਸਲਰ ਸੱਤਿਆਜੀਤ ਸਿੰਘ ਮਜੀਠੀਆ ਅਤੇ ਪ੍ਰੋ ਚਾਂਸਲਰ ਰਜਿੰਦਰ ਮੋਹਨ ਸਿੰਘ ਛੀਨਾ, ਉਪ ਕੁਲਪਤੀ ਪ੍ਰੋ: (ਡਾ.) ਸਰਬਜੀਤ ਸਿੰਘ ਚਾਹਲ ਅਤੇ ਰਜਿਸਟਰਾਰ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਯਕੀਨ ਦਿਵਾਇਆ ਕਿ ਇਹ ਯੂਨੀਵਰਸਿਟੀ ਖੋਜ ਅਧਾਰਿਤ ਪ੍ਰੋਫੈਸ਼ਨਲ ਵਿੱਦਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਮਜੀਠੀਆ ਤੇ ਛੀਨਾ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਯੂਨੀਵਰਸਿਟੀ ਨੂੰ ਸਥਾਪਿਤ ਕਰਨ ਅਤੇ ਬਿੱਲ ਪਾਸ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਖ਼ਾਲਸਾ ਵਰਸਿਟੀ ਮਲਟੀ-ਫੈਕਲਟੀ ਪ੍ਰੋਫੈਸ਼ਨਲ ਯੂਨੀਵਰਸਿਟੀ ਹੋਵੇਗੀ।ਜਿਸ ਦਾ ਮੁੱਖ ਉਪਦੇਸ਼ ਖੋਜ਼ ਭਰਪੂਰ ਗਿਆਨ ਦਾ ਪ੍ਰਸਾਰ ਅਤੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਵਿਦਿਆਰਥੀਆਂ ਨੂੰ ਰਵਾਇਤੀ ਵਿੱਦਿਆ ਪ੍ਰਦਾਨ ਕਰਨਾ ਹੋਵੇਗਾ। ‘ਵਰਸਿਟੀ ਦੇ ਅਧਿਕਾਰੀਆਂ ਨੇ ਇਹ ਯਕੀਨ ਦਿਵਾਇਆ ਕਿ ਇਤਿਹਾਸਕ ਖ਼ਾਲਸਾ ਕਾਲਜ ਨੂੰ ਯੂਨੀਵਰਸਿਟੀ ਤੋਂ ਅਲੱਗ ਰੱਖਿਆ ਗਿਆ ਹੈ।ਮਜੀਠੀਆ ਨੇ ਕਿਹਾ ਕਿ ਸੰਨ 1890 ਵਿੱਚ ਸਥਾਪਿਤ ਖ਼ਾਲਸਾ ਕਾਲਜ ਸੋਸਾਇਟੀ ਜੋ ਕਿ ਖ਼ਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਨਾਂਅ ਨਾਲ ਜਾਣੀ ਜਾਂਦੀ ਹੈ, ਦੇ ਰਚਨਹਾਰਿਆਂ ਦਾ ਸੁਪਨਾ ਸੀ ਕਿ ਸੋਸਾਇਟੀ ਦੀ ਆਪਣੀ ਯੂਨੀਵਰਸਿਟੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਮੁਤਾਬਕ ਸਭ ਤੋਂ ਪਹਿਲਾਂ ਪ੍ਰਸਤਾਵ ਸੰਨ 1919 ਵਿੱਚ ਉਸ ਵੇਲੇ ਦੀ ਬ੍ਰਿਟਿਸ਼ ਸਰਕਾਰ ਕੋਲ ਪੇਸ਼ ਕੀਤਾ ਪਰ ਸੁੰਤਰਤਰਾ ਸੰਗਰਾਮ ਵਿੱਚ ਹਿੱਸਾ ਲੈਣ ਹਿੱਤ ‘ਯੂਨੀਵਰਸਿਟੀ’ ਦਾ ਮਤਾ ਨਹੀਂ ਪ੍ਰਵਾਨ ਕੀਤਾ ਗਿਆ ਸੀ। ਛੀਨਾ ਨੇ ਕਿਹਾ ਕਿ ਕੋਈ 100 ਸਾਲ ਬਾਅਦ ਹੁਣ ‘ਖ਼ਾਲਸਾ ਯੂਨੀਵਰਸਿਟੀ’ ਦੀ ਸਥਾਪਨਾ ਦਾ ਸੁਪਨਾ ਸਕਾਰ ਹੋਇਆ ਹੈ ਅਤੇ ਇਹ ਯੂਨੀਵਰਸਿਟੀ ਬਹੁਤ ਥੋੜ੍ਹੇ ਸਮੇਂ ਵਿੱਚ ਆਪਣਾ ਨਾਂਅ ‘ਖ਼ਾਲਸਾ ਕਾਲਜ’ ਦੀ ਤਰ੍ਹਾਂ ਹੀ ਪੂਰੀਆਂ ਦੁਨੀਆ ਵਿੱਚ ਰੌਸ਼ਨ ਕਰੇਗੀ।
ਉੱਪ ਕੁਲਪਤੀ ਪ੍ਰੋ: (ਡਾ.) ਸਰਬਜੀਤ ਸਿੰਘ ਚਾਹਲ ਨੇ ਕਿਹਾ ਕਿ ਯੂਨੀਵਰਸਿਟੀ ਦਾ ਖੋਜ ਕੇਂਦਰਿਤ ਹੋਣ ਦੇ ਮੱਦੇਨਜ਼ਰ ਪੀ. ਐੱਚ. ਡੀ. ਲਈ ਦਾਖਲਾ ਟੈਸਟ ਸਤੰਬਰ 18 ਨੂੰ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸੂਬੇ ਭਰ ਤੋਂ ਅਰਜ਼ੀਆਂ ਪ੍ਰਾਪਤ ਹੋਈਆਂ ਹਨ।ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਰਸਾਂ ਵਿੱਚ ਪੀ. ਐੱਚ. ਡੀ. ਸ਼ੁਰੂ ਕੀਤੀ ਜਾ ਰਹੀ ਹੈ, ਉਨ੍ਹਾਂ ਵਿੱਚ ਐਗਰੀਕਲਚਰ, ਇੰਜੀਨੀਅਰਿੰਗ, ਸਾਇੰਸਸ, ਐਜ਼ੂਕੇਸ਼ਨ, ਫ਼ਿਜੀਕਲ ਐਜ਼ੂਕੇਸ਼ਨ, ਪੰਜਾਬੀ, ਹਿੰਦੀ, ਇੰਗਲਿਸ਼, ਜਰਨਲਿਜ਼ਮ ਐਂਡ ਮਾਸ ਕਮਨੀਕੇਸ਼ਨ, ਲਾਅ, ਲਾਇਬ੍ਰੇਰੀ ਸਾਇੰਸ, ਮੈਡੀਕਲ ਲੈਬ, ਟੈਕਨਾਲੋਜੀ, ਫਾਰਮੇਸੀ ਐਂਡ ਨਰਸਿੰਗ ਸ਼ਾਮਿਲ ਹਨ।
Punjab Post Daily Online Newspaper & Print Media