Friday, March 20, 2026

ਪਰਉਪਕਾਰੀ, ਸਿਰੜੀ ਤੇ ਪੰਥ ਪ੍ਰਸਤ ਸਨ ਬਾਪੂ ਤਰਲੋਚਨ ਸਿੰਘ ਜੀ

 ppn1609201604ਅੰਮ੍ਰਿਤਸਰ, 16 ਸਤੰਬਰ (ਪੰਜਾਬ ਪੋਸਟ ਬਿਊਰੋ) – ਗੁਰਮੁਖ ਸ਼ਖਸੀਅਤਾਂ ਦੇ ਜੀਵਨ ਅਤੇ ਉਹਨਾਂ ਦੇ ਪੂਰਨੇ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਨਾ ਸ੍ਰੋਤ ਹੁੰਦੇ ਹਨ, ਸਿੱਖ ਧਰਮ ਵਿੱਚ ਅਨੇਕਾਂ ਹੀ ਐਸੀਆਂ ਮਹਾਨ ਆਤਮਾਵਾਂ ਹੋ ਗੁਜਰੀਆਂ ਹਨ, ਜਿਨ੍ਹਾਂ ਨੇ ਗੁਰਮਤਿ ਸਿਧਾਂਤਾਂ ਨੂੰ ਆਪਣੇ ਜੀਵਨ ਰਾਹੀ ਮੂਰਤੀਮਾਨ ਕੀਤਾ ਹੈ।ਜਥੇਦਾਰ ਬਾਪੂ ਤਰਲੋਚਨ ਸਿੰਘ ਜੀ ਉਹਨਾਂ ਵਿੱਚੋਂ ਇੱਕ ਸਨ। ਆਪ ਜੀ ਦਾ ਜਨਮ 5 ਫਰਵਰੀ 1926 ਨੂੰ ਨਗਰ ਧੁੰਮਾਂ ਜ਼ਿਲ੍ਹਾ ਪਟਿਆਲਾ ਵਿਖੇ ਪਿਤਾ ਸ: ਸ਼ਮਸ਼ੇਰ ਸਿੰਘ ਦੇ ਘਰ, ਮਾਤਾ ਪ੍ਰਤਾਪ ਕੌਰ ਦੇ ਕੁੱਖੋਂ ਹੋਇਆ। ਆਪ ਜੀ ਸ: ਭਗਵਾਨ ਸਿੰਘ ਤੇ ਮਾਤਾ ਸ਼ਿਆਮ ਕੌਰ ਦੇ ਪੋਤਰੇ ਸਨ। ਆਪ ਜੀ ਦਾ ਪਰਿਵਾਰ ਮੁੱਢ ਤੋਂ ਹੀ ਗੁਰੂ ਘਰ ਨੂੰ ਮੰਨਣ ਵਾਲਾ ਅਤੇ ਗੁਰਮਤਿ ਦਾ ਧਾਰਨੀ ਸੀ। ਕਰੀਬ 15 ਕੁ ਸਾਲ ਦੀ ਛੋਟੀ ਉਮਰ ਵਿੱਚ ਹੀ ਪਿਤਾ ਦੇ ਅਕਾਲ ਚਲਾਣੇ ਉਪਰੰਤ ਆਪ ਨੇ ਪਰਿਵਾਰ ਸੰਭਾਲਿਆ।  ਆਪ ਨੇ ਲੰਮਾ ਸਮਾਂ ਨਗਰ ਧੁੰਮਾ ਵਿਖੇ ਖੇਤੀਬਾੜੀ ਕਿੱਤੇ ਵਿੱਚ ਹੱਲ ਵਾਹ ਹੱਥੀਂ ਦਸਾਂ-ਨਹੁੰਆਂ ਦੀ ਕਿਰਤ ਕੀਤੀ ਉੱਥੇ ਹੀ ਕੁੱਝ ਸਮਾਂ ਕਲਕੱਤੇ ਵਿਖੇ ਟਰੱਕਾਂ ਦਾ ਕਾਰੋਬਾਰ ਵੀ ਕੀਤਾ।ਆਪ ਦਾ ਆਨੰਦ ਕਾਰਜ 1946 ਵਿੱਚ ਨਗਰ ਪੰਜੋਖਰਾ ਸਾਹਿਬ ਜ਼ਿਲ੍ਹਾ ਅੰਬਾਲਾ ਨਿਵਾਸੀ ਸ: ਬਚਨ ਸਿੰਘ ਧਾਮੀ ਦੀ ਸਪੁੱਤਰੀ ਬੀਬੀ ਅਵਤਾਰ ਕੌਰ ਨਾਲ ਹੋਇਆ। ਆਪ ਜੀ ਦੇ ਘਰ ਚਾਰ ਸਪੁੱਤਰਾਂ ਅਤੇ ਇੱਕ ਸਪੁੱਤਰੀ ਕ੍ਰਮਵਾਰ ਸ: ਮਨਜੀਤ ਸਿੰਘ, ਸ: ਅਮਰਜੀਤ ਸਿੰਘ, ਸਪੁੱਤਰੀ ਬੀਬੀ ਭੁਪਿੰਦਰ ਕੌਰ, ਸ: ਅਜੀਤ ਸਿੰਘ ਅਤੇ  ਸਭ ਤੋਂ ਛੋਟੇ ਸਪੁੱਤਰ ਮਹਾਂਪੁਰਖ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ (ਜਥਾ ਭਿੰਦਰਾਂ ਮਹਿਤਾ) ਅਤੇ ਪ੍ਰਧਾਨ ਸੰਤ ਸਮਾਜ ਨੇ ਜਨਮ ਲਿਆ। ਆਪ ਜੀ ਹਰ ਲੋੜਵੰਦ ਅਤੇ ਦੁਖਿਆਰੇ ਪ੍ਰਾਣੀ ਦੀ ਹਰ ਤਰ੍ਹਾਂ ਮਦਦ ਕਰਨੀ, ਉਸ ਦੇ ਹਰ ਕਾਰਜ ਨੂੰ ਸਿਰੇ ਲਾਉਣ ਲਈ ਤਤਪਰ ਰਹਿੰਦੇ। ਔਖੇ ਸਮਿਆਂ ਵਿੱਚ ਵੀ ਘਰ ਆਏ ਗੁਰਸਿੱਖਾਂ, ਸੰਤਾਂ ਮਹਾਂਪੁਰਖਾਂ ਅਤੇ ਸਾਧੂਆਂ ਦੀ ਹਰ ਤਰ੍ਹਾਂ ਸੇਵਾ ਕਰਨੀ ਅਤੇ ਗੁਰੂ ਕੇ ਲੰਗਰਾਂ ਵਿੱਚ ਹਾੜ੍ਹੀ-ਸਾਉਣੀ ਦੀ ਉਗਰਾਹੀ ਦੇਣੀ ਆਪ ਦੇ ਜੀਵਨ ਦਾ ਨੇਮ ਸੀ। ਆਪ ਜੀ ਨੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਦੀ ਕਾਰ ਸੇਵਾ ਵਿੱਚ ਵੀ ਲੰਮਾ ਸਮਾਂ ਹੱਥੀਂ ਸੇਵਾ ਕਰਨ ਦਾ ਲਾਹਾ ਪ੍ਰਾਪਤ ਕੀਤਾ।ਦਮਦਮੀ ਟਕਸਾਲ ਦੇ 12ਵੇਂ ਮੁਖੀ ਬ੍ਰਹਮ ਗਿਆਨੀ ਸੰਤ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਸੰਗਤ ਮਿਲਣ ਨਾਲ ਆਪ ਜੀ ਦੇ ਜੀਵਨ ਵਿੱਚ ਧਾਰਮਿਕ ਅਤੇ ਰੂਹਾਨੀ ਤੌਰ ਤੇ ਵੱਡੀ ਤਬਦੀਲੀ ਆਈ। ਉਪਰੰਤ ਆਪ ਨੇ ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਨਿਕਟਵਰਤੀ ਹੋਣ ਦਾ ਸੁਭਾਗ ਵੀ ਆਪ ਜੀ ਨੂੰ ਪ੍ਰਾਪਤ ਹੋਇਆ। ਸੰਤ ਬਾਬਾ ਠਾਕੁਰ ਸਿੰਘ ਜੀ ਦੀ ਸੰਗਤ ਵੀ ਉਹਨਾਂ ਦੇ ਅੰਤਲੇ ਸਮੇਂ ਤੱਕ ਕਰਦੇ ਰਹੇ।ਆਪ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਵੀ ਕਰੀਬੀ ਸਾਥੀ ਰਹੇ।
ਇਹਨਾਂ ਤੋਂ ਇਲਾਵਾ ਆਪ ਨੇ ਆਪਣੇ ਜੀਵਨ ਕਾਲ ਦੌਰਾਨ ਬ੍ਰਹਮ ਗਿਆਨੀ ਬਾਬਾ ਮਿੱਤ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ ਦੇ ਪ੍ਰੇਮੀ ਨਿਹੰਗ ਸਿੰਘ ਬਾਬਾ ਮਾਨ ਸਿੰਘ ਜੀ ਮਨਸੂਰਪੁਰ(ਖਮਾਣੋਂ), ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ, ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ, ਸੰਤ ਬਾਬਾ ਕੀਰਤਨ ਸਿੰਘ ਜੀ ਗੁਰਦੁਆਰਾ ਸ਼ਹੀਦੀ ਬਾਗ , ਸੰਤ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ, ਸੰਤ ਬਾਬਾ ਹਰੀ ਸਿੰਘ ਜੀ ਕਾਰ ਸੇਵਾ ਤਰਨ ਤਾਰਨ ਸਾਹਿਬ, ਸੰਤ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਪਟਿਆਲੇ ਵਾਲੇ, ਜਥੇਦਾਰ ਬਾਬਾ ਚੇਤ ਸਿੰਘ ਜੀ ਮੁਖੀ ਬੁੱਢਾ ਦਲ, ਸੰਤ ਬਾਬਾ ਗੁਰਦਿਆਲ ਸਿੰਘ ਜੀ ਭੂਰੀ ਵਾਲੇ,ਸੰਤ ਬਾਬਾ ਦਇਆ ਸਿੰਘ ਜੀ ਸੁਰ ਸਿੰਘ, ਸੰਤ ਬਾਬਾ ਸ਼ੀਸ਼ਾ ਸਿੰਘ ਜੀ ਲੰਗਰ ਸਾਹਿਬ ਸ੍ਰੀ ਹਜ਼ੂਰ ਸਾਹਿਬ, ਸੰਤ ਗਿਆਨੀ ਇੰਦਰਜੀਤ ਸਿੰਘ ਰਕਬੇ ਵਾਲੇ, ਸੰਤ ਬਾਬਾ ਅਮਰਜੀਤ ਸਿੰਘ ਮੁੰਡਾ ਪਿੰਡ, ਸੰਤ ਬਾਬਾ ਤਾਰਾ ਸਿੰਘ ਸਰਹਾਲੀ ਸਾਹਿਬ, ਦੰਡੀ ਸਨਿਆਸੀ ਸੁਆਮੀ ਦਿਆਨੰਦ ਜੀ ਸਰਸਵਤੀ ਅਤੇ ਹੋਰ ਨਿਰਮਲੇ, ਉਦਾਸੀ ਤੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਦੀ ਸੰਗਤ ਵੀ ਕੀਤੀ।
ਆਪ ਜੀ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ, ਗੁਰਦੁਆਰਾ ਫ਼ਤਿਹਗੜ੍ਹ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ, ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ ਆਪ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਦੇ ਰਹੇ। ਹਰ ਸਾਲ ਜੋੜ ਮੇਲਾ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਅਤੇ ਸ਼ਹੀਦੀ ਜੋੜ ਮੇਲਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਹਾਜ਼ਰੀ ਭਰਨੀ ਵੀ ਆਪ ਦਾ ਨੇਮ ਸੀ। ਆਪ ਪੰਜ ਕਕਾਰਾਂ ਦੀ ਰਹਿਤ ਦੇ ਅਖੀਰਲੇ ਸਵਾਸ ਤੱਕ ਪਰਪੱਕ ਧਾਰਨੀ ਰਹੇ। ਖ਼ਾਲਸਾ ਪੰਥ ਨੂੰ ਸਮਰਪਿਤ ਜੀਵਨ ਜੀਵਿਆ ਅਤੇ ਗੁਰਬਾਣੀ ਤੇ ਨਾਮ ਸਿਮਰਨ ਵਿੱਚ ਆਪਣੇ ਜੀਵਨ ਨੂੰ ਜੋੜੀ ਰੱਖਿਆ। ਜੀਵਨ ਦੇ ਅੰਤਲੇ ਸਮੇਂ ਉਹਨਾਂ ਦੀ ਸੇਵਾ ਸੰਭਾਲ ਉਹਨਾਂ ਦੇ ਧਰਮ ਸਪੁੱਤਰ ਬਾਬਾ ਜੀਵਾ ਸਿੰਘ ਅਤੇ ਭਾਈ ਦਲੀਪ ਸਿੰਘ, ਭਾਈ ਪਿੱਪਲ ਸਿੰਘ, ਭਾਈ ਗੁਰਜਿੰਦਰ ਸਿੰਘ ਪੱਪੂ ਅਤੇ ਪੋਤਰੇ ਮਨਦੀਪ ਸਿੰਘ, ਰਵਿੰਦਰ ਸਿੰਘ, ਜੋਗਿੰਦਰ ਸਿੰਘ ਨੇ ਕੀਤੀ। ਗੁਰਬਾਣੀ ਅਤੇ ਨਾਮ ਰਸ ਵਿੱਚ ਭਿੱਜੀ ਇਹ ਸ਼ਖਸੀਅਤ ਮਿਤੀ 8 ਸਤੰਬਰ 2016 ਦਿਨ ਵੀਰਵਾਰ ਨੂੰ ਸਵੇਰੇ 7 ਵਜੇ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਅਕਾਲ ਪੁਰਖ ਦੇ ਪਵਿੱਤਰ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਅੰਤਿਮ ਅਰਦਾਸ ਅਤੇ ਦਸਹਿਰਾ ਸਮਾਗਮ ਮਿਤੀ 17 ਸਤੰਬਰ ਦਿਨ ਸ਼ਨੀਵਾਰ ਉਹਨਾਂ ਦੇ ਜਨਮ ਨਗਰ ਪਿੰਡ ਧੁੰਮਾਂ ਨੇੜੇ ਰਾਜਪੁਰਾ ਜ਼ਿਲ੍ਹਾ ਪਟਿਆਲਾ ਵਿਖੇ ਸਵੇਰੇ 10 ਵਜੇ ਤੋਂ 1 ਵਜੇ ਤੱਕ ਹੋ ਰਿਹਾ ਹੈ।
ਜਿਕਰਯੋਗ ਹੈ ਕਿ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵੱਲੋਂ ਆਪ ਜੀ ਦੀ ਯਾਦ ਵਿਚ ਪਿੰਡ ਧੁੰਮਾਂ ਦੇ ਵਿਕਾਸ ਲਈ ਪੰਚਾਇਤ ਨੂੰ 10 ਲੱਖ ਰੁਪਏ ਗਰਾਂਟ ਦੇਣ, ਪਿੰਡ ਖੇੜਾ ਗੱਜੂ ਤੋਂ ਧੁੰਮਾਂ ਤੱਕ ਦੀ ਸੜਕ ਨੂੰ 10 ਫੁੱਟ ਤੋਂ 18 ਫੁੱਟ ਚੌੜਾ ਕਰਕੇ ਉਸ ਦਾ ਨਾਮ ਜਥੇਦਾਰ ਤਰਲੋਚਨ ਸਿੰਘ ਧੁੰਮਾਂ ਦੇ ਨਾਮ ‘ਤੇ ਰੱਖਣ ਅਤੇ ਪਿੰਡ ਵਿੱਚ ਮੁਢਲਾ ਸਿਹਤ ਕੇਂਦਰ ਬਣਾਉਣ ਦਾ ਐਲਾਨ ਕੀਤਾ ਗਿਆ।ਉਹਨਾਂ ਆਪ ਜੀ ਦੇ ਨਾਂ ‘ਤੇ ਪਿੰਡ ਵਿੱਚ ਤਕਨੀਕੀ ਸਿੱਖਿਆ ਦਾ ਕਾਲਜ ਖੋਲ੍ਹਣ ਦਾ ਭਰੋਸਾ ਵੀ ਦਿੱਤਾ ਹੈ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply