Tuesday, June 16, 2026

ਬਿਹਾਰ ਟੂਰਿਜ਼ਮ ਵਿਭਾਗ ਵੱਲੋਂ ਅੰਤਰਰਾਸ਼ਟਰੀ ਸਿੱਖ ਕਨਕਲੇਵ ਪਟਨਾ ਸਾਹਿਬ ਵਿਖੇ 22 ਤੋਂ 24 ਸਤੰਬਰ ਤੱਕ

patna-sahib

ਅੰਮ੍ਰਿਤਸਰ, 19 ਸਤੰਬਰ (ਪ.ਪ)- ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਬਿਹਾਰ ਸਰਕਾਰ ਵੱਲੋਂ ਪਟਨਾ ਸਾਹਿਬ ਵਿਖੇ ਇੱਕ 3 ਦਿਨਾਂ ਅੰਤਰਰਾਸ਼ਟਰੀ ਸਿੱਖ ਕਨਕਲੇਵ 22 ਤੋਂ 24 ਸਤੰਬਰ ਤੱਕ ਆਯੋਜਿਤ ਕੀਤੀ ਜਾ ਰਹੀ ਹੈ, ਜਿਸ ਵਿੱਚ ਸਿੱਖ ਧਰਮ ਅਤੇ ਹੋਰ ਵਿਸ਼ਿਆਂ ਨਾਲ ਸਬੰਧਿਤ ਉਘੀਆਂ ਸਿੱਖ ਸਖਸ਼ੀਅਤਾਂ ਵੱਲੋਂ ਵਿਚਾਰਾਂ ਕੀਤੀਆਂ ਜਾਣਗੀਆਂ। ਬਿਹਾਰ ਟੂਰਿਜ਼ਮ ਵਿਭਾਗ ਵੱਲੋਂ ਕਰਵਾਈ ਜਾ ਰਹੀ ਇਸ ਕਨਕਲੇਵ ਦੌਰਾਨ ਪੂਰੀ ਦੁਨੀਆ ਤੋਂ ਉਘੀਆਂ ਸਖਸ਼ੀਅਤਾਂ ਸ਼ਾਮਿਲ ਹੋਣਗੀਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਵਡਮੁੱਲੀ ਸਾਹਿਤਕ ਤੇ ਧਾਰਮਿਕ ਦੇਣ ਬਹੁ-ਪੱਖੀ ਸਖਸ਼ੀਅਤ, ਰਚਨਾਵਾਂ ਅਤੇ ਭਾਰਤੀ ਇਤਿਹਾਸ ਸਮੇਤ ਸਭਿਆਚਾਰਕ ਦੇਣ ਬਾਰੇ ਡੂੰਘੀ ਚਰਚਾ ਹੋਵੇਗੀ। ਕੰਕਲੇਵ ਵਿੱਚ ਸ਼ਾਮਿਲ ਸਖਸ਼ੀਅਤਾਂ ਨੂੰ ਬਿਹਾਰ ਦੇ ਵੱਖ-ਵੱਖ ਇਤਿਹਾਸਕ ਤੇ ਧਾਰਮਿਕ ਮਹੱਤਤਾ ਵਾਲੇ ਸਥਾਨਾਂ ਦੀ ਸੈਰ ਵੀ ਕਰਵਾਈ ਜਾਵੇਗੀ। ਬਿਹਾਰ ਟੂਰੀਜ਼ਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੁੱਜਣ ਵਾਲੀਆਂ ਸਖਸ਼ੀਅਤਾਂ ਵਿੱਚ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਮਨਜੀਤ ਸਿੰਘ, ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਗੁਰਭੇਜ਼ ਸਿੰਘ ਗੁਰਾਇਆ, ਮੱਗਧ ਯੂਨੀਵਰਸਿਟੀ ਦੇ ਸਾਬਕਾ ਵਾਇਸ ਚਾਂਸਲਰ ਡਾ. ਬਲਬੀਰ ਸਿੰਘ ਭਸੀਨ, ਉਘੇ ਸਿੱਖ ਪ੍ਰਚਾਰਕ ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ ਆਦਿ ਸ਼ਾਮਿਲ ਹਨ। ਜਿਕਰਯੋਗ ਹੈ ਕਿ ਬਿਹਾਰ ਸਰਕਾਰ ਵੱਲੋਂ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਯੋਗ ਅਗਵਾਈ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸਮਾਗਮ ਵੱਡੇ ਪੱਧਰ ਤੇ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਮਨਾਏ ਜਾ ਰਹੇ ਹਨ। ਇੰਨ੍ਹਾਂ ਸਮਾਗਮਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਸz: ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੀ ਕੈਬਨਿਟ ਦੇ ਮੰਤਰੀ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ ਅਤੇ ਦੱਸਣਯੋਗ ਹੈ ਕਿ ਤਖਤ ਸ੍ਰੀ ਪਟਨਾ ਸਾਹਿਬ ਉਹ ਪਾਵਨ ਸਥਾਨ ਹੈ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਕਾਸ਼ ਧਾਰਿਆ ਸੀ ਅਤੇ ਇੱਥੇ ਹੀ ਆਪਣਾ ਬਚਪਨ ਬਿਤਾਇਆ। ਗੁਰੂ ਸਾਹਿਬ ਦੇ ਬਚਪਨ ਨਾਲ ਸਬੰਧਿਤ ਕਈ ਸਥਾਨ ਇੱਥੇ ਮੌਜੂਦ ਹਨ। ਤਖਤ ਸ੍ਰੀ ਪਟਨਾ ਸਾਹਿਬ ਸਿੱਖ ਪੰਥ ਦੇ ਪੰਜ ਤਖਤਾਂ ਵਿੱਚ ਸ਼ਾਮਿਲ ਹੈ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply