
ਅੰਮ੍ਰਿਤਸਰ, 3 ਅਕਤੂਬਰ (ਜਗਦੀਪ ਸਿੰਘ ਸੱਗੂ)-ਪੰਜਾਬ ਸਰਕਾਰ ਨੇ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿਚ ਝੋਨੇ ਦੀ ਖਰੀਦ ਨੂੰ ਸੁਚਾਰੂ ਰੂਪ ਵਿਚ ਨੇਪਰੇ ਚਾੜਨ ਲਈ ਦੋ ਡਵੀਜ਼ਨਾਂ ਵਿਚ ਵੰਡ ਕੇ ਇਕ ਹੋਰ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲ ਦੀ ਅਸਾਮੀ ਕਾਇਮ ਕਰ ਦਿੱਤੀ ਹੈ ਅਤੇ ਇਸ ‘ਤੇ ਨਿਯੁਕਤੀ ਕਰਕੇ ਕੰਮ ਨੂੰ ਵੰਡ ਦਿੱਤਾ ਗਿਆ ਹੈ। ਉਕਤ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਵਰੁਣ ਰੂਜਮ ਨੇ ਦੱਸਿਆ ਕਿ ਕੱਲ੍ਹ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਦੌਰੇ ਦੌਰਾਨ ਕਿਸਾਨਾਂ ਵੱਲੋਂ ਝੋਨੇ ਦੀ ਖਰੀਦ ਸਬੰਧੀ ਜੋ ਤਖੌਲੇ ਪ੍ਰਗਟਾਏ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਵੱਡੀ ਤਬਦੀਲੀ ਕੀਤੀ ਗਈ ਹੈ। ਉਨਾਂ ਦੱਸਿਆ ਕਿ ਡੀ. ਐਫ. ਐਸ.ਸੀ. ਇਕ ਕਰਮਦੀਪ ਸਿੰਘ ਨੂੰ ਸਬ ਡਵੀਜ਼ਨ ਅੰਮ੍ਰਿਤਸਰ 1 ਦਾ ਖੇਤਰ ਦੇ ਕੇ ਨਾਲ ਬਾਬਾ ਬਕਾਲਾ ਤਹਿਸੀਲ ਦਾ ਕੰਮ ਦਿੱਤਾ ਗਿਆ ਹੈ, ਜਦਕਿ ਡੀ. ਐਫ. ਐਸ. ਸੀ. ਦੋ ਸਰਤਾਜ ਸਿੰਘ ਨੂੰ ਅੰਮ੍ਰਿਤਸਰ 2 ਸਬ ਡਵੀਜ਼ਨ ਦਾ ਇਲਾਕਾ ਦੇ ਕੇ ਅਜਨਾਲਾ ਤਹਿਸੀਲ ਦਾ ਕੰਮ ਸੌਂਪਿਆ ਗਿਆ ਹੈ। ਸ੍ਰੀ ਰੂਜਮ ਨੇ ਦੱਸਿਆ ਕਿ ਉਕਤ ਤੋਂ ਇਲਾਵਾ ਹਰੇਕ ਤਹਿਸੀਲ ਦੇ ਸਬ ਡਵੀਜਨ ਅਧਿਕਾਰੀ ਨੂੰ ਝੋਨੇ ਦੀ ਖਰੀਦ ਦੀ ਜ਼ਿੰਮੇਵਾਰੀ ਲਗਾਈ ਗਈ ਹੈ ਅਤੇ ਉਨਾਂ ਨਾਲ 32 ਖਰੀਦ ਕੇਂਦਰਾਂ ਵਿਚ 32 ਹੀ ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਬੀ. ਡੀ. ਓ. ਪੱਧਰ ਦੇ ਅਧਿਕਾਰੀ ਲਗਾ ਦਿੱਤੇ ਗਏ ਹਨ। ਉਨਾਂ ਦੱਸਿਆ ਕਿ ਉਕਤ ਅਧਿਕਾਰੀ ਰੋਜ਼ਾਨਾ 2 ਵਾਰ ਮੰਡੀਆਂ ਵਿਚ ਜਾ ਕੇ ਝੋਨੇ ਦੀ ਖਰੀਦ, ਖਰੀਦ ਪ੍ਰਬੰਧ, ਲਿਫਟਿੰਗ ਆਦਿ ਦੀ ਜਾਇਜ਼ਾ ਲੈਣਗੇ, ਜਦਕਿ ਐਸ ਡੀ ਐਮ ਇਕ ਵਾਰ ਮੰਡੀਆਂ ਵਿਚ ਜਾਣਾ ਯਕੀਨੀ ਬਣਾਏਗਾ।
ਸ੍ਰੀ ਰੂਜਮ ਨੇ ਦੱਸਿਆ ਕਿ ਪੰਜਾਬ ਸਰਕਾਰ ਝੋਨੇ ਦੀ ਖਰੀਦ ਵਿਚ ਕਿਸਾਨਾਂ ਨੂੰ ਕੋਈ ਮੁਸ਼ਿਕਲ ਨਹੀਂ ਆਉਣ ਦੇਣਾ ਚਾਹੁੰਦੀ, ਇਸ ਲਈ ਕਿਸਾਨਾਂ ਨੂੰ ਅਪੀਲ ਹੈ ਕਿ ਉਹ 17 ਫੀਸਦੀ ਤੋਂ ਵੱਧ ਨਮੀ ਵਾਲਾ ਝੋਨਾ ਮੰਡੀਆਂ ਵਿਚ ਨਾ ਲੈ ਕੇ ਆਉਣ। ਉਨਾਂ ਦੱਸਿਆ ਕਿ ਮੰਡੀਆਂ ਦੇ ਗੇਟ ‘ਤੇ ਮੰਡੀ ਬੋਰਡ ਦੇ ਕਰਮਚਾਰੀ ਮੀਟਰ ਨਾਲ ਝੋਨੇ ਦੀ ਨਮੀ ਚੈਕ ਕਰਕੇ ਹੀ ਟਰਾਲੀ ਅੰਦਰ ਜਾਣ ਦੇਣਗੇ ਅਤੇ ਜਿਸ ਟਰਾਲੀ ਵਿਚ ਵੀ ਨਮੀ ਵੱਧ ਹੋਈ, ਉਸ ਨੂੰ ਵਾਪਸ ਭੇਜ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਸਵੇਰੇ ਹੀ ਭਗਤਾਂਵਾਲਾ ਮੰਡੀ ਵਿਚੋਂ 5 ਟਰਾਲੀਆਂ ਵਾਪਸ ਭੇਜੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਮੰਡੀਆਂ ਵਿਚ ਥਾਂ, ਬਾਰਦਾਨੇ ਆਦਿ ਦੀ ਕੋਈ ਕਮੀ ਨਹੀਂ ਹੈ ਅਤੇ ਨਾ ਹੀ ਆਉਣ ਦੀ ਕੋਈ ਆਸ ਹੈ, ਇਸ ਲਈ ਕਿਸਾਨ ਕਾਹਲੀ ਵਿਚ ਗਿੱਲਾ ਝੋਨਾ ਨਾ ਵੱਢਣ। ਅੱਜ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸ. ਤਜਿੰਦਰਪਾਲ ਸਿੰਘ ਸੰਧੂ, ਐਸ ਡੀ ਐਮ ਸ੍ਰੀ ਰਾਜੇਸ਼ ਸ਼ਰਮਾ, ਐਸ ਡੀ ਐਮ ਸ੍ਰੀ ਰੋਹਿਤ ਗੁਪਤਾ, ਡੀ. ਐਫ. ਐਸ. ਸੀ. 1 ਕਰਮਦੀਪ ਸਿੰਘ, ਡੀ. ਐਫ. ਐਸ. ਸੀ. 2 ਸਰਤਾਜ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media