Friday, March 27, 2026

ਪ੍ਰਵਾਸੀ ਪੱਤਰਕਾਰ ਡਾ. ਸ਼ਾਰਦਾ ਨਾਲ ਵਿਸ਼ੇਸ਼ ਵਾਰਤਾ

ppn1010201609

ਅੰਮ੍ਰਿਤਸਰ, 10 ਅਕਤੂਬਰ (ਜਗਦੀਪ ਸਿੰਘ ਸੱਗੂ) – ਜਨਵਾਦੀ ਲੇਖਕ ਸੰਘ ਅੰਮ੍ਰਿਤਸਰ ਦੇ ਵਿਸ਼ੇਸ਼ ਸੱਦੇ ਤੇ ਆਪਣੀ ਇੱਕ ਰੋਜ਼ਾ ਫੇਰੀ ਤੇ ਆਏ ਟੋਰਾਂਟੋ ਕਨੇਡਾ ਵਾਸੀ ਪ੍ਰਮੁੱਖ ਪੱਤਰਕਾਰ ਅਤੇ ਰਾਜਨੀਤਕ ਵਿਸ਼ਲੇਸ਼ਣਕਾਰ ਡਾ. ਸ਼ਾਰਦਾ ਨਾਲ ਵਿਸ਼ੇਸ਼ ਭੇਟ-ਵਾਰਤਾ ਕੀਤੀ ਗਈ। ਸ੍ਰੀ ਦੇਵ ਦਰਦ ਦੇ ਗ੍ਰਹਿ ਇਸਲਾਮਾਬਾਦ ਵਿਖੇ ਸੰਖੇਪ ਪਰ ਅਰਥਭਰਪੂਰ ਇਸ ਮਹਿਫਲ ਦਾ ਆਗਾਜ਼ ਕਰਦਿਆਂ ਦੀਪ ਦਵਿੰਦਰ ਸਿੰਘ ਨੇ ਮਹਿਮਾਨ ਵਿਦਵਾਨ ਦੀ ਜਾਣ-ਪਹਿਚਾਣ ਕਰਵਾਉਂਦਿਆਂ ਦੱਸਿਆ ਕਿ ਅੰਗ੍ਰੇਜ਼ੀ ਅਤੇ ਪੰਜਾਬੀ ਭਾਸ਼ਾ ਵਿੱਚ ਉੱਚ ਕੋਟੀ ਦੀ ਮੁਹਾਰਤ ਰੱਖਣ ਵਾਲੇ ਡਾ. ਸ਼ਾਰਦਾ ਆਪਣੇ ਪਕੇਰੇ ਅਨੁਭਵ ਰਾਹੀਂ ਪ੍ਰਵਾਸ ਹੰਢਾਉਂਦੇ ਮਨੁੱਖ ਦੀ ਜੀਵਨ-ਜਾਂਚ, ਭਾਸ਼ਾ ਅਤੇ ਸਭਿਆਚਾਰ ਬਾਰੇ ਆਪਣੀ ਲੇਖਣੀ ਵਿੱਚ ਬੇਬਾਕੀ ਨਾਲ ਗੱਲ ਕਰਦੇ ਹਨ।
ਅੱਧੀ ਦਰਜ਼ਨ ਤੋਂ ਉਪਰ ਰੇਡੀਓ ਤੇ ਟੀ.ਵੀ. ਚੈਨਲਾਂ ਨਾਲ ਸਿੱਧੇ ਤੌਰ ਤੇ ਜੁੜੇ ਡਾ. ਸ਼ਾਰਦਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੱਤਰਕਾਰੀ ਦੇ ਉੱਚੇ ਤੇ ਸੁੱਚੇ ਕਿੱਤੇ ਨੂੰ ਮੱਦੇ ਨਜ਼ਰ ਰੱਖਦਿਆਂ ਮੀਡੀਆ ਨੂੰ ਸਮਾਜ ਪ੍ਰਤੀ ਉਸਾਰੂ ਪਹੁੰਚ ਅਪਨਾਉਣੀ ਚਾਹੀਦੀ ਹੈ ਤੇ ਮੰਡੀ ਵਿੱਚ ਵਿਕਾਊ ਵਸਤ ਨਹੀਂ ਬਨਣਾ ਚਾਹੀਦਾ। ਬੀਤੇ ਦਿਨੀਂ ਪੰਜਾਬ ਅੰਦਰਲੇ ਬਦਅਮਨੀ ਤੇ ਅਫਰਾ-ਤਫਰੀ ਦੇ ਮਾਹੌਲ ਤੇ ਉਨ੍ਹਾਂ ਕਟਾਕਸ਼ ਕਰਦਿਆਂ ਦੱਸਿਆ ਕਿ ਰਾਜਨੀਤਕ ਧਿਰਾਂ ਅਜਿਹੇ ਸਮਿਆਂ ਵਿੱਚ ਆਪੋ-ਆਪਣਾ ਸਿਆਸੀ ਲਾਹਾ ਲੈਣ ਖਾਤਰ ਤਤਪਰ ਰਹਿੰਦੀਆਂ ਹਨ, ਲੇਕਿਨ ਮੀਡੀਆ ਨੂੰ ਲੋਕ ਭਾਵਨਾਵਾਂ ਦੀ ਕਦਰ ਕਰਦਿਆਂ ਸੁਚਾਰੂ ਰੋਲ ਅਦਾ ਕਰਨਾ ਚਾਹੀਦਾ ਹੈ। ਉਨ੍ਹਾਂ ਨਵੀਂ ਪੀੜ੍ਹੀ ਦੀ ਜੀਵਨ ਸ਼ੈਲੀ ਤੇ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਹਰ ਤਰ੍ਹਾਂ ਦੀ ਅਡਵਾਂਸ ਟੈਕਨਾਲੋਜੀ ਨਾਲ ਬੱਚਿਆਂ ਵਿੱਚ ‘ਕਾਗਜ਼ ਅਤੇ ਕਲਮ’ ਦਾ ਰਿਸ਼ਤਾ ਖਤਮ ਹੋ ਰਿਹਾ ਹੈ। ਜਿਸ ਨਾਲ ਨੌਜਵਾਨ ਪੀੜੀ ਭਾਸ਼ਾ ਤੇ ਸਾਹਿਤ ਨਾਲੋਂ ਟੁੱਟ ਰਹੀ ਹੈ। ਮਹਿਫਲ ਵਿੱਚ ਹਾਜ਼ਰ ਸ੍ਰੀ ਮਨਮੋਹਨ ਢਿੱਲੋਂ, ਡਾ. ਕਸ਼ਮੀਰ ਸਿੰਘ, ਸੁਮੀਤ ਸਿੰਘ, ਦੇਵ ਦਰਦ ਅਤੇ ਹੋਰਨਾਂ ਅਦੀਬਾਂ ਵੱਲੋਂ ਪੁੱਛੇ ਸਵਾਲਾਂ, ਜਵਾਬਾਂ ਦੇ ਸਿਲਸਿਲੇ ਵਿੱਚ ਡਾ. ਸ਼ਾਰਦਾ ਨੇ ਭਾਵਭੂਰਤ ਜਵਾਬ ਦਿੱਤੇ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply