
ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ ਸੱਗੂ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਮਿਲਨੀ ਦੌਰਾਨ ਕਿਹਾ ਕਿ ਪੰਜਾਬ ਵਿਚ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪਰਿਵਾਰ ਦੀ ਸੱਤਾ ਦੌਰਾਨ ਹੋਏ ਘੋਰ ਭ੍ਰਿਸ਼ਟਾਚਾਰ, ਪਰਿਵਾਰਕ ਫਾਇਦੇ ਅਤੇ ਸਿੱਖ ਸੰਸਥਾਵਾਂ ਅਤੇ ਪਰੰਪਰਾਵਾਂ ਨੂੰ ਤਹਿਸ-ਨਹਿਸ ਕੀਤੇ ਜਾਣ ਦੀ ਪੋਲ ਚੋਣਾ ਤੋਂ ਪਹਿਲੇ ਹੋਏ ਸਰਵੇ ਨੇ ਖੋਲ ਦਿੱਤੀ ਹੈ ਕਿ ਪੰਜਾਬ ਦੇ ਲੋਕ ਕਿੰਨੀ ਸ਼ਿਦਤ ਨਾਲ ਬਾਦਲ ਦੇ ਇਸ ਕਾਲੇ ਰਾਜ ਦਾ ਅੰਤ ਕਰਨਾ ਚਾਹੁੰਦੇ ਹਨ।
ਸਰਨਾ ਨੇ ਕਿਹਾ ਕਿ ਬਾਦਲ ਪਰਿਵਾਰ ਤੇ ਉਨ੍ਹਾਂ ਦੀ ਪਾਰਟੀ ਰਾਜਨੀਤਕ ਤੌਰ ਤੇ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੇ ਹਨ। ਜਿਸ ਦਾ ਸਬੂਤ ਹੈ ਕਿ ਉਨ੍ਹਾਂ ਨੂੰ ਟੀ.ਵੀ ਚੈਨਲ ‘ਤੇ ਵੀਰਵਾਰ ਨੂੰ ਚੋਣਾ ਤੋਂ ਪਹਿਲਾ ਹੋਏ ਸਰਵੇ ‘ਤੇ ਚਰਚਾ ਕਰਨ ਲਈ ਮਨਜਿੰਦਰ ਸਿੰਘ ਸਿਰਸਾ ਤੋਂ ਇਲਾਵਾ ਕੋਈ ਹੋਰ ਬੰਦਾ ਮਿਲਿਆ ਹੀ ਨਹੀਂ। ਇਹ ਉਹ ਬੰਦਾ ਹੈ ਜਿਸ ਦੇ ਪਿਤਾ ਨੂੰ ਪਿਛਲੀ ਦਿਨੀਂ ਧੋਖਾਧੜੀ ਨਾਲ ਕਿਸੇ ਦੀ ਜ਼ਮੀਨ ਹਥਿਆਉਣ ਕਾਰਨ ਚਡੀਗੜ੍ਹ ਕੋਰਟ ਨੇ ਜੇਲ੍ਹ ਭੇਜ ਦਿੱਤਾ ਹੈ। ਹੁਣ ਬਾਦਲ ਪਰਿਵਾਰ ਕੋਲ ਆਪਣੇ ਭ੍ਰਿਸ਼ਟਾਚਾਰ ਦਾ ਬਚਾਅ ਕਰਨ ਲਈ ਭ੍ਰਿਸ਼ਟਾਚਾਰੀ ਬੰਦੇ ਹੀ ਬਚੇ ਹਨ।ਉਨ੍ਹਾਂ ਨੇ ਕਿਹਾ ਕਿ ਇਸ ਸਰਵੇ ਵਿਚ ਬਾਦਲ ਪਰਿਵਾਰ ਵਲੋਂ ਆਪਣੀ ਸੱਤਾ ਦੇ ਦੌਰਾਨ ਕੀਤੇ ਭ੍ਰਿਸ਼ਟਾਚਾਰਾਂ ਦਾ ਵੇਰਵਾ ਵੀ ਦਿੱਤਾ ਹੈ ਜਿਸ ਕਾਰਨ ਪੰਜਾਬ ਦੇ ਲੋਕ ਇਨ੍ਹਾਂ ਦੀ ਸੱਤਾ ਦਾ ਅੰਤ ਚਾਹੁੰਦੇ ਹਨ।ਇਸ ਵਿੱਚ ਬਾਦਲ ਪਰਿਵਾਰ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਕੀਤੀ ਦਖ਼ਲਅੰਦਾਜ਼ੀ ਦਾ ਬੱਜ਼ਰ ਪਾਪ ਵੀ ਸ਼ਾਮਿਲ ਹੈ।
ਸਰਨਾ ਨੇ ਕਿਹਾ ਕਿ ਬਾਦਲ ਪਰਿਵਾਰ ਦੀ ਸੱਤਾ ਦੇ ਦੌਰਾਨ ਸਿੱਖ ਰਹਿਤ ਮਰਿਯਾਦਾ, ਖਾਲਸਾਈ ਰਵਾਈਅਤਾ ਅਤੇ ਸਿੱਖਾਂ ਦੀ ਸਤੁੰਤਰ ਵੱਖਰੀ ਹੋਂਦ ਨੂੰ ਭਾਰੀ ਨੁਕਸਾਨ ਪਹੁੰਚਇਆ ਹੈ। ਲਗਭਗ 90% ਸਿੱਖ ਨੌਜਵਾਨਾ ਵਿਚ ਪਤਿਤਪੁਣੇ ਦਾ ਰੁਝਾਨ ਵਧਿਆ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰਨ ਦੇ ਦੋਸ਼ੀਆਂ ਨੂੰ ਅੱਜ ਤੱਕ ਪਕੜਿਆ ਨਹੀਂ ਜਾ ਸਕਿਆ ਹੈ, ਪੰਜਾਬ ਪੁਲਿਸ ਦੁਆਰਾ ਗੋਲੀਬਾਰੀ ਦੌਰਾਨ ਕਤਲ ਕੀਤੇ ਗਏ ਸਿੱਖ ਨੌਜਵਾਨਾਂ ਦੇ ਕਾਤਲ ਪੁਲਿਸ ਵਾਲਿਆਂ ਦੀ ਅੱਜ ਤੱਕ ਪਹਿਚਾਣ ਨਹੀਂ ਹੋ ਸਕੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਾਦਰ ਦੀਆਂ ਘਟਨਾਵਾਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਵੱਧਦੀਆਂ ਜਾ ਰਹੀਆਂ ਹਨ ਜੋ ਕਿ ਪਹਿਲਾ ਪੰਜਾਬ ਵਿਚ ਕਦੇ ਸੁਣੀਆਂ, ਵੇਖੀਆਂ ਨਹੀਂ ਗਈਆਂ। ਇਸ ਤਰ੍ਹਾਂ ਦੀਆਂ ਘਟਨਾਵਾਂ ਬਾਦਲ ਪਰਿਵਾਰ ਦੇ ਰਾਜ ਦੌਰਾਨ ਲਗਾਤਾਰ ਵਧ ਰਹੀਆਂ ਹਨ।
ਸਰਨਾ ਨੇ ਕਿਹਾ ਕਿ ਡਿਪਟੀ ਚੀਫ ਮਨਿਸਟਰ ਸੁਖਬੀਰ ਬਾਦਲ ਵਲੋਂ ਲਗਾਤਾਰ ਅਪਰਾਧੀਆਂ ਨੂੰ ਪਨਾਹ ਦਿੱਤੀ ਜਾ ਰਹੀ ਹੈ। ਜਿਸ ਦਾ ਤਾਜਾ ਉਦਾਰਣ ਮਨਜਿੰਦਰ ਸਿੰਘ ਸਿਰਸਾ ਨੂੰ ਆਪਣਾ ਸਲਾਹਕਾਰ ਨਿਯੁੱਕਤ ਕਰਕੇ ਕੈਬਿਨਟ ਮੰਤਰੀ ਦਾ ਦਰਜ਼ਾ ਦੇਣਾ ਹੈ।ਇਹ ਉਹ ਵਿਅਕਤੀ ਹੈ ਜਿਸ ਦੇ ਉਪਰ ਅਣਗਿਣਤ ਅਪਰਾਧਿਕ ਮਾਮਲੇ ਅਦਾਲਤਾਂ ਵਿਚ ਚਲ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦੀ ਸੱਤਾ ਦੌਰਾਨ 85% ਪੰਜਾਬੀ ਸ਼ਰਾਬ ਤੇ ਹੋਰ ਨਸ਼ਿਆਂ ਦਾ ਸ਼ਿਕਾਰ ਹੋਏ ਹਨ। ਕਿਸਾਨ ਕਰਜ਼ੇ ਦੇ ਬੋਝ ਅਤੇ ਨਕਲੀ ਕੀਟ-ਨਾਸ਼ਕ ਦਵਾਈਆਂ ਕਾਰਨ ਹੋਈਆਂ ਫਸਲਾ ਦੀ ਬਰਬਾਦੀ ਕਰਕੇ ਖੁਦਕੁਸ਼ੀਆਂ ਕਰਨ ਦੇ ਰਾਹ ‘ਤੇ ਤੁਰ ਪਏ ਹਨ।ਪੰਜਾਬੀਅਤ ਤੇ ਪੰਜਾਬੀ ਵਿਰਸਾ ਆਪਣੇ ਅੰਤ ਵੱਲ ਜਾ ਰਿਹਾ ਹੈ।
ਸਰਨਾ ਨੇ ਕਿਹਾ ਕਿ ਮਾਲਵੇ ਖੇਤਰ ਵਿਚ ਬਾਦਲ ਸਰਕਾਰ ਦੀਆਂ ਗਲਤ ਪਾਲਸੀਆਂ ਨੇ ਇਸ ਖਿੱਤੇ ਨੂੰ ਨਜ਼ਰਅੰਦਾਜ ਕੀਤਾ, ਜਿਸ ਕਰਕੇ ਇੱਥੇ ਕੈਂਸਰ ਦਾ ਰੋਗ ਭਿਆਨਕ ਰੂਪ ਲੈ ਚੁੱਕਾ ਹੈ।ਪੰਜਾਬ ਵਿਚ ਬੇਰੁਜਗਾਰੀ ਵੱਡੇ ਪੱਧਰ ਤੇ ਵੱਧਣ ਕਰਕੇ ਪੰਜਾਬੀਆਂ ਦੀ ਆਰਥਕ ਹਾਲਤ ਖਰਾਬ ਹੋ ਚੁੱਕੀ ਹੈ ਤੇ ਪੰਜਾਬ ਦਾ ਜੀ.ਡੀ.ਪੀ ਪਿਛਲੇ ਕਈ ਵਰ੍ਹਿਆਂ ਤੋਂ ਲਗਾਤਾਰ ਗਿਰਦਾ ਆ ਰਿਹਾ ਹੈ। ਸਰਨਾ ਨੇ ਕਿਹਾ ਕਿ ਉਹ ਪੰਜਾਬ ਦੇ ਸਮੂਹ ਪੰਜਾਬੀਆਂ ਨੂੰ ਅਪੀਲ ਕਰਦੇ ਹਨ ਕਿ ਉਹ ਪੰਜਾਬ ਦੀ ਧਰਤੀ ਤੋਂ ਬਾਦਲ ਦੇ ਇਸ ਕਾਲੇ ਰਾਜ ਦੀਆਂ ਜੜ੍ਹਾਂ ਪੁੱਟ ਦੇਣ ਤੇ ਅਜਿਹੇ ਬੰਦਿਆਂ ਨੂੰ ਪੰਜਾਬ ਦੀ ਸੱਤਾ ਸੌਪਣ ਜੋ ਪੰਜਾਬੀ ਅਤੇ ਪੰਜਾਬੀਆਂ ਦੀ ਸੇਵਾ ਲਈ ਸਮਰਪਿਤ ਹੋਣ।
ਸਰਨਾ ਨੇ ਦਿੱਲੀ ਦੀਆਂ ਸਿੱਖ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾ ਜੋ ਜਨਵਰੀ 2017 ਵਿਚ ਹਨ ਉਸ ਸਮੇਂ ਵੀ ਇਕ ਜੁੱਟ ਹੋ ਕੇੇ ਦਿੱਲੀ ਵਿਚੋਂ ਬਾਦਲ ਪਰਿਵਾਰ ਦੀ ਸੱਤਾ ਦਾ ਅੰਤ ਕਰਨ ਤਾਂ ਕਿ ਗੁਰੂ ਘਰ ਦੀ ਗੋਲਕ, ਵਿਦਿਅਕ ਅਦਾਰੇ, ਸਿੱਖ ਪਰੰਪਰਾਵਾਂ ਤੇ ਖਾਲਸਾਈ ਰਵਾਇਤਾਂ ਨੂੰ ਬਰਕਰਾਰ ਰੱਖਿਆ ਜਾ ਸਕੇ। ਇਸ ਮੌਕੇ ਦਰਸ਼ਨ ਸਿੰਘ ਮਨਮੋਹਨ ਸਿੰਘ, ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇੰਦਰਮੋਹਨ ਸਿੰਘ ਸਚਦੇਵਾ, ਪੰਜਾਬੀ ਬਾਗ ਤੇ ਇੰਦਰਮੋਹਨ ਸਿੰਘ ਸੀਨੀਅਰ ਮੀਤ ਪ੍ਰਧਾਨ ਦਾ ਸਰਨਾ ਦੀ ਅਗਵਾਈ ਵਾਲੇ ਅਕਾਲੀ ਦਲ ਵਿਚ ਸ਼ਾਮਿਲ ‘ਤੇ ਸਿਰੋਪੇ ਦੇ ਕੇ ਸਨਮਾਨ ਕੀਤਾ ਗਿਆ।
Check Also
ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ
ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …
Punjab Post Daily Online Newspaper & Print Media