Wednesday, April 1, 2026

ਝੋਨੇ ਦੀ ਪਰਾਲੀ ਸਾੜਨ ਕਾਰਨ ਪੈਦਾ ਹੋਏ ਧੂੰਏਂ ਨਾਲ ਪੈਦਾ ਹੁੰਦੀਆਂ ਸਮੱਸਿਆਵਾਂ ਬਾਰੇ ਲਾਇਆ ਕੈਂਪ

ppn1710201624
ਪਠਾਨਕੋਟ, 17 ਅਕਤੂਬਰ (ਪੰਜਾਬ ਪੋਸਟ ਬਿਊਰੋ)- ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲੇ ਅੰਦਰ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਨ ਕਾਰਨ ਪੈਦਾ ਹੋਏ ਧੂੰਏਂ ਨਾਲ ਪੈਦਾ ਹੁੰਦੀਆਂ ਸਮੱਸਿਆਵਾਂ ਅਤੇ ਪਰਾਲੀ ਨੂੰ ਖੇਤ ਵਿੱਚ ਕੁਤਰ ਕੇ ਦਬਾਉਣ ਬਾਰੇ ਪਿੰਡ ਭਵਾਨੀ ਦੇ ਅਗਾਂਹ ਵਧੂ ਕਿਸਾਨ ਮਾਸਟਰ ਗਿਆਨ ਸਿੰਘ ਦੇ ਫਾਰਮ ਤੇ ਖੇਤੀਬਾੜੀ ਵਿਭਾਗ ਵੱਲੋਂ ਵਿਸ਼ੇਸ਼ ਬਲਾਕ ਪੱਧਰੀ ਜਾਗਰੁਕਤਾ ਕੈਂਪ ਲਗਾਇਆ ਗਿਆ।ਇਸ ਕੈਂਪ ਦੀ ਪ੍ਰਧਾਨਗੀ ਡਾ ਸਵਰੂਪ ਕੁਮਾਰ ਮੁੱਖ ਖੇਤੀਬਾੜੀ ਅਫਸਰ ਨੇ ਕੀਤੀ। ਇਸ ਮੌਕੇ ਡਾ ਅਮਰੀਕ ਸਿੰਘ ਖੇਤੀਬਾੜੀ ਅਫਸਰ, ਅਮਿਤ ਕੁਮਾਰ, ਗੁਰਦਿੱਤ ਸਿੰਘ, ਸੁਭਾਸ਼ ਚੰਦਰ, ਬਲਵਿੰਦਰ ਕੁਮਾਰ, ਸੁਦੇਸ਼ ਕੁਮਾਰ, ਮਨਜੀਤ ਕੌਰ, ਸੂਰੈਣ ਸਿੰਘ, ਗੋਪਾਲ ਸਿੰਘ, ਰਮੇਸ਼ ਕੁਮਾਰ, ਇੰਦਰਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। ਭੋਗਲ ਸਾਈਕਲ ਲੁਧਿਆਣਾ ਵੱਲੋਂ ਤਿਆਰ ਸ਼ੇਵਰ ਕਮ ਸ਼ਰੈਡਰ ਨਾਲ ਝੋਨੇ ਦੀ ਪਰਾਲੀ ਨੂੰ ਬਿਨਾਂ ਸਾੜਿਆਂ ਕੁਤਰ ਕੇ ਖੇਤ ਵਿੱਚ ਮਿਲਾਉਣ ਬਾਰੇ ਪ੍ਰਦਰਸ਼ਤ ਕਰਕੇ ਜਾਣਕਾਰੀ ਦਿੱਤੀ ਗਈ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ ਸਵਰੂਪ ਕੁਮਾਰ ਨੇ ਕਿਹਾ ਕਿ ਝੋਨੇ ਦੀ ਪਰਾਲੀ ਸਾੜਣ ਨਾਲ ਪੈਦਾ ਹੋਏ ਧੂੰਏਂ ਨਾਲ ਦਿਨ ਵੇਲੇ ਦੇਖਣ ਦੀ ਵੱਧ ਤੋਂ ਵੱਧ ਹੱਦ ਬਹੁਤ ਘੱਟ ਜਾਂਦੀ ਹੈ ਜਿਸ ਕਾਰਨ ਸੜਕੀ ਦੁਰਘਟਨਾਵਾਂ ਵਧ ਜਾਂਦੀਆਂ ਹਨ ਅਤੇ ਕਈ ਕੀਮਤੀ ਮਨੁੱਖੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ। ਉਨਾਂ ਕਿਹਾ ਕਿ ਝੋਨੇ ਦੀ ਕਟਾਈ ਤੋਂ ਬਾਅਦ ਕਣਕ ਦੀ ਬਿਜਾਈ ਵਿੱਚ ਸਮਾਂ ਘੱਟ ਹੋਣ ਕਾਰਨ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾ ਕੇ ਖੇਤਾਂ ਦੀ ਤਿਆਰੀ ਕੀਤੀ ਜਾਂਦੀ ਹੈ।ਉਨਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾ ਕੇ ਸਾੜਣ ਨਾਲ ਤਕਰੀਬਨ 244 ਲੱਖ ਟਨ ਜ਼ਹਿਰੀਲੀਆਂ ਗੈਸਾਂ ਪੈਦਾ ਹੋਣਗੀਆਂ ਜਿਸ ਕਾਰਨ ਮਨੁੱਖਾਂ ਵਿੱਚ ਸਾਹ ,ਅੱਖਾਂ ਵਿੱਚ ਜਲਣ ਅਤੇ ਚਮੜੀ ਦੇ ਰੋਗਾਂ ਦਾ ਖਤਰਾ ਪੈਦਾ ਹੋ ਜਾਵੇਗਾ। ਉਨਾਂ ਕਿਹਾ ਕਿ ਪਰਾਲੀ ਨੂੰ ਸਾੜਣ ਦੀ ਬਿਜਾਏ ਖੇਤ ਵਿੱਚ ਮਸ਼ੀਨ ਨਾਲ ਕੁਤਰ ਕੇ ਦਬਾ ਦਿੱਤਾ ਜਾਵੇ ਤਾਂ ਜ਼ਮੀਨ ਦੀ ਸਿਹਤ ਸੁਦਾਰਨ ਦੇ ਨਾਲ-ਨਾਲ ਪ੍ਰਦੂਸ਼ਣ ਨੂੰ ਵੀ ਘਟਾਇਆ ਜਾ ਸਕਦਾ ਹੈ।ਝੋਨੇ ਦੀ ਪਰਾਲੀ ਦੀ ਖੇਤ ਵਿੱਚ ਬਿਨਾਂ ਸਾੜਿਆਂ ਸੰਭਾਲ ਬਾਰੇ ਡਾ ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਿਜਾਏ ਖੇਤ ਵਿੱਚ ਪਰਾਲੀ ਦੀ ਰਹਿੰਦ ਖੂੰਹਦ ਨੂੰ ਕੁਤਰਨ ਲਈ ਚੌਪਰ ਕਮ ਸ਼ਰੈਡਰ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਚੌਪਰ ਪਰਾਲੀ ਨੂੰ ਕੁਤਰ ਕੇ ਖੇਤ ਵਿੱਚ ਇਕਸਾਰ ਖਿਲਾਰ ਦਿੰਦਾ ਹੈ। ਉਨਾਂ ਕਿਹਾ ਕਿ ਪਰਾਲੀ ਨੂੰ ਕੁਤਰਨ ਬਾਅਦ ਟਿਲਰ ਨਾਲ ਵਾਹ ਕੇ 20 ਕਿਲੋ ਪ੍ਰਤੀ ਏਕੜ ਯੂਰੀਆ ਦਾ ਛੱਟਾ ਦੇ ਕੇ ਪਾਣੀ ਲਾ ਦੇਣਾ ਚਾਹੀਦਾ ਜਿਸ ਨਾਲ ਪਰਾਲੀ ਖੇਤ ਦੇ ਵੱਤਰ ਆਉਣ ਤੱਕ ਗਲ ਜਾਵੇਗੀ ਅਤੇ ਬਾਅਦ ਵਿੱਚ ਕਣਕ ਡਰਿੱਲ ਨਾਲ ਬੀਜੀ ਜਾ ਸਕਦੀ ਹੈ। ਕੰਪਨੀ ਦੇ ਨੁਮਾਇੰਦੇ ਇੰਦਰ ਪਾਲ ਸਿੰਘ ਨੇ ਕਿਹਾ ਕਿ ਚੌਪਰ ਨਾਲ ਇੱਕ ਏਕੜ ਖੇਤ ਵਿੱਚ ਪਰਾਲੀ ਨੂੰ ਡੇਢ ਘੰਟੇ ਵਿੱਚ ਕੁਤਰਿਆ ਜਾ ਸਕਦਾ ਹੈ।ਅਗਾਂਹਵਧੂ ਕਿਸਾਨ ਮਾਸਟਰ ਗਿਆਨ ਸਿੰਘ ਨੇ ਆਏ ਕਿਸਾਨ ਅਤੇ ਖੇਤੀ ਮਾਹਿਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮਸ਼ੀਨ ਵਿੱਚ ਕੁਝ ਹੋਰ ਸੁਧਾਰ ਕਰ ਲਿਆ ਜਾਵੇ ਤਾਂ ਪਰਾਲੀ ਨੂੰ ਖੇਤ ਵਿੱਚ ਬਿਨਾਂ ਜਲਾਇਆਂ ਸੌਖਿਆਂ ਮਿਲਾਇਆ ਜਾ ਸਕੇਗਾ।ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਕਟਾਈ ਸ਼ਾਮ 7 ਵਜੇ ਤੋਂ ਸਵੇਰੇ 9 ਵਜੇ ਤੱਕ ਨਾਂ ਕੀਤੀ ਜਾਵੇ ਕਿਉਂਕਿ ਇਸ ਸਮੇਂ ਦਾਣਿਆਂ ਵਿੱਚ ਨਮੀਂ ਜ਼ਿਆਦਾ ਹੋਣ ਕਾਰਨ ਮੰਡੀਕਰਨ ਵਿੱਚ ਸਮੱਸਿਆ ਆਉਂਦੀ ਹੈ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …

Leave a Reply