
ਫਾਜ਼ਿਲਕਾ, 11 ਨਵੰਬਰ (ਵਿਨੀਤ ਅਰੋੜਾ)- ਆਸ਼ਾ ਵਰਕਰ ਯੂਨੀਅਨ (ਢਿਲੋਂ) ਅਤੇ ਆਸ਼ਾ ਵਰਕਰ ਯੂਨੀਅਨ ਨਾਲ ਸਬੰਧਤ ਪੰਜਾਬ ਸਟੇਟ ਕਰਮਚਾਰੀ ਦਲ ਵੱਲੋਂ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਜੱਦੀ ਪਿੰਡ ਕਟੈਹੜਾ ਵਿਚ ਉਨ੍ਹਾਂ ਦੇ ਨਿਵਾਸ ਸਥਾਨ ਦੇ ਸਾਹਮਣੇ ਸੀਨੀਅਰ ਮੀਤ ਪ੍ਰਧਾਨ ਸੰਤੋਸ਼ ਕੁਮਾਰੀ ਦੀ ਪ੍ਰਧਾਨਗੀ ਵਿਚ ਵਿਸ਼ਾਲ ਧਰਨਾ ਦਿੱਤਾ ਗਿਆ। ਜਿਸ ਵਿਚ ਪੰਜਾਬ ਦੇ ਪੰਜ ਜ਼ਿਲ੍ਹਿਆਂ ਫਾਜ਼ਿਲਕਾ, ਮੋਗਾ, ਫਿਰੋਜ਼ਪੁਰ, ਸ਼੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਤੋਂ ਵੱਡੀ ਗਿਣਤੀ ਵਿਚ ਯੂਨੀਅਨ ਮੈਂਬਰਾਂ ਨੇ ਹਿੱਸਾ ਲਿਆ ਅਤੇ ਮੰਗਾਂ ਨੂੰ ਲੈਕੇ ਪੰਜਾਬ ਸਰਕਾਰ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਕਰਕੇ ਰੋਸ ਪ੍ਰਦਰਸ਼ਨ ਕੀਤਾ। ਧਰਨੇ ਵਿਚ ਪੰਜਾਬ ਸਟੇਟ ਕਰਮਚਾਰੀ ਦਲ ਦੇ ਸੂਬਾਈ ਸੰਗਠਨ ਸਕੱਤਰ ਸਤੀਸ਼ ਵਰਮਾ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਏ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਯੂਨੀਅਨ ਦੇ ਵੱਖ ਵੱਖ ਆਗੂਆਂ ਨੇ ਮੌਜ਼ੂਦਾ ਅਕਾਲੀ ਭਾਜਪਾ ਸਰਕਾਰ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਮੌਜ਼ੂਦਾ ਸਰਕਾਰ ਆਸ਼ਾ ਵਰਕਰਾਂ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਉਨਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਆਸ਼ਾ ਵਰਕਰਾਂ ਨੂੰ ਅਣਵੇਖਿਆ ਕਿਉਂਕਿ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਆਸ਼ਾ ਵਰਕਰਾਂ ਦੇ ਨਾਲ ਇਨਸਾਫ਼ ਨਾ ਕੀਤਾ ਤਾਂ ਆਉਣ ਵਾਲੀਆਂ 2017 ਦੀਆਂ ਚੋਣਾਂ ਵਿਚ ਸਰਕਾਰ ਨੂੰ ਮਜ਼ਦੂਰਾਂ, ਕਰਮਚਾਰੀਆਂ ਅਤੇ ਆਸ਼ਾ ਵਰਕਰਾਂ ਦੇ ਰੋਸ ਦਾ ਸਾਹਮਣਾ ਕਰਨਾ ਪਵੇਗਾ। ਸੰਬੋਧਤ ਕਰਦੇ ਹੋਏ ਪੰਜਾਬ ਸਟੇਟ ਕਰਮਚਾਰੀ ਦਲ ਦੇ ਸੂਬਾਈ ਸੰਗਠਨ ਸਕੱਤਰ ਸਤੀਸ਼ ਵਰਮਾ ਨੇ ਕਿਹਾ ਕਿ ਆਸ਼ਾ ਵਰਕਰਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਨੂੰ ਲਟਕਾਉਣਾ ਸਰਕਾਰ ਦੀ ਕਰਨੀ ਅਤੇ ਕਥਨੀ ਵਿਚ ਫਰਕ ਲਗਦਾ ਹੈ। ਉਨ੍ਹਾਂ ਬਠਿੰਡਾ ਵਿਚ ਆਸ਼ਾ ਵਰਕਰਜ਼ ਅਮ੍ਰਤਪਾਲ ਕੌਰ ਦੀ ਆਕਸੀਜ਼ਨ ਦੀ ਕਮੀ ਕਾਰਨ ਡਲੀਵਰੀ ਦੇ ਸਮੇਂ ਹੋਈ ਮੌਤ ਤੇ ਸਰਕਾਰੀ ਹਸਪਤਾਲ ਦੇ ਅਧਿਕਾਰੀਆਂ ਦੀ ਨਿੰਦਾ ਕੀਤੀ ਅਤੇ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ ਅਤੇ ਲਾਪ੍ਰਵਾਹੀ ਕਰਨ ਵਾਲੇ ਅਧਿਕਾਰੀਆਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਯੂਨੀਅਨ ਮੈਂਬਰਾਂ ਨੇ ਮੰਗ ਕਰਦੇ ਹੌਏ ਕਿਹਾ ਕਿ ਆਸ਼ਾ ਵਰਕਰਾਂ ਤੇ ਘੱਟ ਤੋਂ ਘੱਟ ਤਨਖਾਹ ਕਾਨੂੰਨ ਲਾਗੂ ਕਰਦੇ ਹੋਏ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਨੂੰ 15000 ਰੁਪਏ ਬਝਵਾਂ ਮਾਨਭੱਤਾ ਅਤੇ ਇਨਸੈਸਟਿਵ ਦਿੱਤੇ ਜਾਣ, ਆਸ਼ਾ ਫੈਸੀਲੀਟੇਟਰਾਂ ਦਾ ਟੂਰ ਮਨੀ 150 ਤੋਂ 300 ਰੁਪਏ ਪ੍ਰਤੀ ਟੂਰ ਕੀਤਾ ਜਾਵੇ ਅਤੇ ਮਾਨਭਤਾ ਦੁੱਗਣਾ ਕੀਤਾ ਜਾਵੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸੰੋਤਸ਼ ਕੁਮਾਰੀ, ਜ਼ਿਲ੍ਹਾ ਪ੍ਰਧਾਨ ਰਜਵੰਤ ਕੌਰ ਫਿਰੋਜ਼ਪੁਰ, ਕਿਰਨ ਰਾਣੀ ਬਤਰਾ ਫਾਜ਼ਿਲਕਾ, ਪਰਮਜੀਤ ਕੌਰ ਪ੍ਰਧਾਨ ਮੋਗਾ, ਬਠਿੰਡਾ ਤੋਂ ਸੁਖਜੀਤ ਕੌਰ, ਮੁਕਤਸਰ ਤੋਂ ਬਾਵਾ ਪ੍ਰਧਾਨ, ਅਬੋਹਰ ਤੋਂ ਨੀਲਮ ਰਾਣੀ, ਚਰਨਜੀਤ ਕੌਰ, ਮਮਤਾ ਰਾਣੀ, ਭੋਲਾਂ, ਕੋਸ਼ਲਿਆ ਗੁਰੂਹਰਸਹਾਏ, ਪਰਮਜੀਤ ਕੌਰ ਮਮਦੋ ਅਤੇ ਯੂਨੀਅਨ ਦੇ ਹੋਰਨਾਂ ਮੈਂਬਰਾਂ ਨੇ ਮੰਗਾਂ ਨੂੰ ਜਲਦੀ ਪੂਰਾ ਕਰਨ ਦੀ ਮੰਗ ਕੀਤੀ। ਂਇਸ ਮੌਕੇ ਯੂਨੀਅਨ ਮੈਂਬਰਾਂ ਨੇ ਜ਼ੋਰਦਾਰ ਨਾਅਰੇਬਾਜੀ ਕਰਕੇ ਰੋਸ ਪ੍ਰਦਰਸ਼ਨ ਵੀ ਕੀਤਾ।
Punjab Post Daily Online Newspaper & Print Media