
ਫਾਜ਼ਿਲਕਾ, 11 ਨਵੰਬਰ (ਵਿਨੀਤ ਅਰੋੜਾ)- ਐਸ.ਵਾਈ.ਐਲ. ਮੁੱਦੇ ਤੇ ਅਕਾਲੀ ਦਲ ਭਾਜਪਾ ਦੇ ਨਾਲ ਮਿਲਕੇ ਸਿਆਸਤ ਕਰ ਰਿਹਾ ਹੈ ਅਤੇ ਅਕਾਲੀ ਭਾਜਪਾ ਸਰਕਾਰ ਨੇ ਕੋਰਟ ਵਿਚ ਪੰਜਾਬ ਦੇ ਕਮਜ਼ੋਰ ਪੱਖ ਪੇਸ਼ ਕੀਤੇ । ਜਿਸ ਨੂੰ ਲੈ ਕੇ ਕੋਰਟ ਨੇ ਹਰਿਆਣਾ ਦੇ ਹੱਕ ਵਿਚ ਫੈਸਲਾ ਦਿੱਤਾ। ਇਹ ਸ਼ਬਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਡਾ. ਯਸ਼ਪਾਲ ਜੱਸੀ ਨੇ ਜਨਸੰਪਰਕ ਅਭਿਆਨ ਦੇ ਤਹਿਤ ਫਾਜ਼ਿਲਕਾ ਦੀ ਓਡਾਂ ਵਾਲੀ ਬਸਤੀ ਵਿਚ ਲੋਕਾਂ ਦੇ ਜਨਸਮੂਹ ਨੂੰ ਸੰਬੋਧਤ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜਿਸ ਪਾਣੀ ਨੂੰ ਬਚਾਉਣ ਲਈ ਕਾਂਗਰਸ ਪਾਰਟੀ ਨੇ ਆਪਣੇ ਸਮੇਂ ਦੌਰਾਨ ਪਿਛਲੇ ਸਾਰੇ ਸਮਝੋਤੇ ਰੱਦ ਕਰਕੇ ਪਾਣੀ ਦੀ ਇੱਕ ਬੂੰਦ ਪੰੰਜਾਬ ਦੇ ਬਾਹਰ ਨਹੀਂ ਜਾਣ ਦਿੱਤੀ ਸੀ, ਅੱਜ ਅਕਾਲੀ ਸਰਕਾਰ ਨੇ ਹਰਿਆਣਾ ਦੀ ਭਾਜਪਾ ਸਰਕਾਰ ਨੂੰ ਬਚਾਉਣ ਲਈ, ਕੋਰਟ ਵਿਚ ਪੰਜਾਬ ਦੇ ਕੇਸ ਦੀ ਸਹੀ ਪੈਰਵੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਹਿਲਾਂ ਹੀ ਪਾਣੀ ਦੀ ਕਮੀ ਦੇ ਕਾਰਨ ਕਿਸਾਨ ਆਰਥਿਕ ਮਦਹਾਲੀ ਦੇ ਦੌਰ ਤੋਂ ਲੰਘ ਰਿਹਾ ਹੈ ਅਤੇ ਹੁਣ ਕੋਰਟ ਦਾ ਆਇਆ ਇਹ ਫੈਸਲਾ ਪੰਜਾਬ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਰਕੇ ਰੱਖ ਦੇਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੀ ਇੱਕ ਬੂੰਦ ਨੂੰ ਬਾਹਰ ਨਹੀਂ ਜਾਣ ਦੇਵੇਗੀ। ਜਿਸ ਨੂੰ ਲੈਕੇ ਕਾਂਗਰਸ ਦੇ ਵਿਧਾਇਕਾਂ ਨੇ ਅਸਤੀਫ਼ੇ ਤੱਕ ਦੇ ਦਿੱਤੇ ਹਨ ਅਤੇ ਲੋਕ ਵੀ ਪੰਜਾਬ ਦੇ ਪਾਣੀ ਨੂੰ ਬਚਾਉਣ ਦੇ ਸੰਘਰਸ਼ ਵਿਚ ਅੱਗੇ ਆਕੇ ਕਾਂਗਰਸ ਪਾਰਟੀ ਦਾ ਸਾਥ ਦੇਣ।
ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਅਕਾਲੀ ਭਾਜਪਾ ਸਰਕਾਰ ਦੀਆਂ ਝੂਠੀਆਂ ਗੱਲਾਂ ਵਿਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਅਕਾਲੀ ਭਾਜਪਾ ਗਠਜੋੜ ਸਰਕਾਰ ਨੇ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਪ੍ਰੇਸ਼ਾਨ ਕਰਕੇ ਰੱਖ ਦਿੱਤਾ ਹੈ। ਕਿਉਂਕਿ ਜਿਸ ਕਾਲੇ ਧਨ ਨੂੰ ਮੋਦੀ ਸਰਕਾਰ ਖ਼ਤਮ ਕਰਨ ਦੀ ਗੱਲ ਕਰ ਰਹੀ ਹੈ, ਉਹ ਤਾਂ ਵਿਦੇਸ਼ੀ ਬੈਂਕਾਂ ਵਿਚ ਪਿਆ ਹੈ। ਜਿਸ ਨੂੰ ਸਰਕਾਰ ਚਾਹਕੇ ਵੀ ਵਾਪਸ ਨਹੀਂ ਲਿਆ ਸਕਦੀ। ਉਨ੍ਹਾਂ ਕਿਹਾ ਕਿ 1000 ਅਤੇ 500 ਦੇ ਨੋਟ ਬੰਦ ਕਰਨ ਕਾਰਨ ਦੇਸ਼ ਵਿਚ ਅਮਰਜੰਸੀ ਵਰਗੇ ਹਾਲਾਤ ਬਣ ਗੲੈ ਹਨ। ਅੱਜ ਵਿਆਹਵਾਂ ਦੇ ਸੀਜਨ ਵਿਚ ਜਿਨ੍ਹਾਂ ਘਰਾਂ ਵਿਚ ਵਿਆਹ ਹੈ ਉਹ ਲੋਕ ਵਿਆਹ ਭੁੱਲਕੇ ਬੈਂਕਾਂ ਦੇ ਬਾਹਰ ਲਾਇਨਾਂ ਵਿਚ ਲਗਕੇ ਪੈਸੇ ਬਦਲਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੁਝ ਸਮਾਂ ਪਹਿਲਾਂ ਹੀ ਬਾਜਾਰ ਵਿਚ ਨਵੇਂ ਨੋਟ ਲਿਆਂਦੇ ਗਏ ਸਨ। ਇਸਦੇ ਬਾਵਜੂਦ ਸਰਕਾਰ ਨੇ ਅਰਬਾਂ ਰੁਪਏ ਦਾ ਬੋਝ ਜਨਤਾ ਤੇ ਪਾਇਆ। ਇਸ ਮੌਕੇ ਕਾਂਗਰਸ ਵਰਕਰਾਂ ਤੋਂ ਇਲਾਵਾ ਮੁਹੱਲਾ ਵਾਸੀ ਹਾਜ਼ਰ ਸਨ।
Punjab Post Daily Online Newspaper & Print Media