Monday, April 6, 2026

ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ ਆਤਮ ਨਿਰਭਰ ਬਨਾਉਣ ਲਈ ਪੰਜਾਬ ਸਰਕਾਰ ਨਾਲ ਮਿਲਾਇਆ ਬੀ.ਐਸ.ਐਫ ਨਾਲ ਹੱਥ

ppn2411201604
ਅਟਾਰੀ, 24 ਨਵੰਬਰ (ਪੰਜਾਬ ਪੋਸਟ ਬਿਊਰੋ) – ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ ਫੌਜ, ਨੀਮ ਫੌਜੀ ਬਲਾਂ, ਪੁਲਿਸ, ਅੱਗ ਬਝਾਊ ਅਮਲੇ, ਇੰਡਸਟਰੀਅਲ ਸੁਰੱਖਿਆ ਫੋਰਸ ਆਦਿ ਵਿਚ ਭਰਤੀ ਕਰਵਾਉਣ ਲਈ ਸਿੱਖਅਤ ਕਰਨ ਵਾਸਤੇ ਅਤੇ ਹੋਰ ਸਵੈ ਰੋਜ਼ਗਾਰ ਦੇ ਕਿੱਤਿਆਂ ਵਿਚ ਮੁਹਾਰਤ ਦੇਣ ਲਈ ਪੰਜਾਬ ਸਰਕਾਰ ਨੇ ਬੀ. ਐਸ. ਐਫ ਵੱਲੋਂ ਨਾਲ ਮਿਲਕੇ ਸਰਹੱਦੀ ਜ਼ਿਲਿਆਂ ਵਿਚ ਵਿਸ਼ੇਸ਼ ਕੈਂਪ ਲਗਾਉਣ ਦੀ ਸ਼ੁਰੂਆਤ ਕੀਤੀ ਹੈ। ਅੱਜ ਇੰਨਾਂ ਕੈਂਪਾਂ ਦੀ ਸੁਰੂਆਤ ਰਾਜਪਾਲ ਪੰਜਾਬ ਸ੍ਰੀ ਵੀ. ਪੀ. ਸਿੰਘ ਬਦਨੌਰ ਨੇ ਅਟਾਰੀ ਵਿਖੇ ਆ ਕੇ ਕੀਤੀ।
ਇਸ ਮੌਕੇ ਉਨਾਂ ਆਪਣੇ ਸੰਬੋਧਨ ਵਿਚ ਸ੍ਰੀ ਬਦਨੌਰ ਨੇ ਕਿਹਾ ਕਿ ਸਰਹੱਦੀ ਖੇਤਰ ਦੇ ਨੌਜਵਾਨਾਂ ਦੇ ਵਿਕਾਸ ਲਈ ਅਜਿਹੀਆਂ ਯੋਜਨਾਵਾਂ ਨੂੰ ਅਮਲ ਵਿਚ ਲਿਆਉਣਾ ਜ਼ਰੂਰੀ ਹੈ, ਤਾਂ ਜੋ ਇਸ ਖੇਤਰ ਦੀ ਤਰੱਕੀ ਵੀ ਸੂਬੇ ਦੇ ਨਾਲ-ਨਾਲ ਚੱਲਦੀ ਰਹੇ। ਉਨਾਂ ਕਿਹਾ ਕਿ ਬਾਰਡਰ ਸੁਰੱਖਿਆ ਫੋਰਸ ਇੰਨਾਂ ਲੋਕਾਂ ਦੀਆਂ ਲੋੜਾਂ ਨੂੰ ਚੰਗੇ ਤਰੀਕੇ ਨਾਲ ਸਮਝਦੀ ਹੈ ਅਤੇ ਇਥੋਂ ਦੇ ਨੌਜਵਾਨ ਵੀ ਤਕੜੇ ਜਵਾਨ ਅਤੇ ਬੁਲੰਦ ਹੌਸਲੇ ਵਾਲੇ ਹਨ। ਜੇਕਰ ਬੀ. ਐਸ.ਐਫ ਇੰਨਾਂ ਨੂੰ ਭਰਤੀ ਲਈ ਤਿਆਰ ਕਰਦੀ ਹੈ, ਤਾਂ ਇਸ ਦਾ ਵੱਡਾ ਲਾਹਾ ਭਰਤੀ ਰੈਲੀ ਵਿਚ ਇੰਨਾਂ ਨੌਜਵਾਨਾਂ ਨੂੰ ਮਿਲੇਗਾ। ਉਨਾਂ ਕਿਹਾ ਕਿ ਬੀ ਐਸ ਐਫ ਦਾ ਚੰਡਿਆ ਹੋਇਆ ਇਹ ਜਵਾਨ ਜੇਕਰ ਕਿਸੇ ਕਾਰਨ ਭਰਤੀ ਨਾ ਵੀ ਹੋ ਸਕਿਆ, ਤਾਂ ਵੀ ਨਿੱਜੀ ਅਦਾਰਿਆਂ ਵਿਚ ਚੰਗੀ ਤਨਖਾਹ ‘ਤੇ ਨੌਕਰੀ ਕਰਨ ਦੇ ਸਮਰੱਥ ਹੋ ਜਾਵੇਗਾ।ਉਨਾਂ ਦੱਸਿਆ ਕਿ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਫਿਰੋਜ਼ਪੁਰ ਜ਼ਿਲਿਆਂ ਵਿਚ ਇਹ ਕੈਂਪ ਬੀ ਐਸ ਐਫ ਆਪਣੀ ਅਗਵਾਈ ਹੇਠ ਲਗਾਏਗੀ, ਜਿੱਥੇ ਨੌਜਵਾਨਾਂ ਨੂੰ ਭਰਤੀ ਹੋਣ ਲਈ ਹਰ ਤਰਾਂ ਦੇ ਯੋਗ ਬਣਾਇਆ ਜਾਵੇਗਾ।ਉਨਾਂ ਦੱਸਿਆ ਕਿ ਇੰਨਾਂ ਕੈਂਪਾਂ ਵਿਚ ਸਿੱਖਿਆ ਲੈਣ ਵਾਲੇ ਸਾਰੇ ਜਵਾਨਾਂ ਨੂੰ ਪੰਜਾਬ ਸਰਕਾਰ ਦੀ ਤਰਫੋਂ ਸਰਟੀਫਿਕੇਟ ਵੀ ਜਾਰੀ ਕੀਤੇ ਜਾਣਗੇ, ਜੋ ਕਿ ਉਨਾਂ ਨੂੰ ਰੋਜ਼ਗਾਰ ਲਈ ਸਹਾਈ ਹੋਣਗੇ। ਸ੍ਰੀ ਬਦਨੌਰ ਨੇ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਇੰਨਾਂ ਕੈਂਪਾਂ ਲਈ 48 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਵੀ ਦੇਣ ਦਾ ਐਲਾਨ ਕੀਤਾ ਅਤੇ ਇਹ ਹਦਾਇਤ ਵੀ ਕੀਤੀ ਇਹ ਕੈਂਪ ਕੇਵਲ ਨੌਜਵਾਨਾਂ ਵਾਸਤੇ ਨਹੀਂ, ਬਲਕਿ ਲੜਕੀਆਂ ਵਾਸਤੇ ਵੀ ਲਗਾਏ ਜਾਣ, ਤਾਂ ਜੋ ਦੇਸ਼ ਦਾ ਹਰ ਕੰਮ ਕਰਨ ਵਾਲਾ ਹੱਥ ਸਿੱਖਿਅਤ ਹੋ ਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ‘ਸਕਿਲ ਇੰਡੀਆ’ ਮੁਹਿੰਮ ਦਾ ਸਾਥੀ ਬਣ ਸਕੇ।
ਇਸ ਮੌਕੇ ਰਾਜਪਾਲ ਪੰਜਾਬ ਨੇ ਬੀ. ਐਸ. ਐਫ ਅਤੇ ਅਦਿੱਤਆ ਮਹਿਤਾ ਫਾਊਡੇਸ਼ਨ ਵੱਲੋਂ ‘ਦਿਵਆਂਗ ਯੋਧਾ’ ਦੇ ਨਾਂਅ ਹੇਠ ਵਾਹਗਾ ਤੋਂ ਦਿੱਲੀ ਤੱਕ ਕੱਢੀ ਗਈ ਸਾਈਕਲ ਰੈਲੀ ਨੂੰ ਵੀ ਝੰਡੀ ਦੇ ਕੇ ਰਵਾਨਾ ਕੀਤਾ। ਸ੍ਰੀ ਬਦਨੌਰ ਨੇ ਇੰਨਾਂ ਜਵਾਨਾਂ ਨੂੰ ਅਸ਼ੀਰਵਾਦ ਦਿੰਦੇ ਕਿਹਾ ਕਿ ਇੰਨਾਂ ਅਪੰਗ ਨੌਜਾਵਾਨਾਂ ਦੀ ਸਾਈਕਲ ਯਾਤਰਾ ਜਿੱਥੇ ਇੰਨਾਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਵਿਚ ਵੱਡਾ ਯੋਗਦਾਨ ਪਾਵੇਗੀ, ਉਥੇ ਆਮ ਲੋਕਾਂ ਲਈ ਪ੍ਰੇਰਨਾ ਸਰੋਤ ਬਣੇਗੀ।       ਉਕਤ ਕੈਂਪਾਂ ਦੀ ਸ਼ੁਰੂਆਤ ਕਰਨ ਆਏ ਸ੍ਰੀ ਬਦਨੌਰ ਦਾ ਬੀ ਐਸ ਐਫ ਦੇ ਵਧੀਕ ਡਾਇਰੈਕਟਰ ਜਨਰਲ ਸ੍ਰੀ ਅਰੁਣ ਕਪੂਰ,  ਆਈ. ਜੀ. ਅਨਿਲ ਪਾਲੀਵਾਲ, ਆਈ. ਜੀ. ਬਾਰਡਰ ਰੇਂਜ ਸ੍ਰੀ ਨਰੇਸ਼ , ਡੀ ਆਈ. ਜੀ. ਸ੍ਰੀ ਜੇ. ਐਸ. ਓਬਰਾਏ, ਡੀ. ਆਈ. ਜੀ ਸ੍ਰੀ ਆਰ. ਐਸ. ਕਟਾਰੀਆ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਬਸੰਤ ਗਰਗ, ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਡੀ. ਪੀ. ਐਸ. ਖਰਬੰਦਾ, ਐਸ. ਐਸ ਪੀ ਅੰਮ੍ਰਿਤਸਰ ਸ੍ਰੀ ਹਰਕਮਲਪ੍ਰੀਤ ਸਿੰਘ ਖੱਖ ਅਤੇ ਹੋਰ ਅਧਿਕਾਰੀ ਮੌਜੂਦ ਸਨ।

 

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply