
ਅਮ੍ਰਿਤਸਰ, 27 ਨਵੰਬਰ (ਗੁਰਪ੍ਰੀਤ ਸਿੰਘ) – ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਸਾਹਿਬਾਨ ਦੇ ਨਾਲ-ਨਾਲ ਪ੍ਰਮੁੱਖ ਭਗਤਾਂ ਅਤੇ ਸਤਿਕਾਰਯੋਗ ਸ਼ਖਸੀਅਤਾਂ ਦੇ ਦਿਹਾੜਿਆਂ ਨੂੰ ਉੱਚ ਪੱਧਰ ‘ਤੇ ਮਨਾਉਣ ਦੀ ਆਰੰਭੀ ਗਈ ਪਰੰਪਰਾ ਦੀ ਲੜੀ ਨੂੰ ਅੱਗੇ ਤੋਰਦਿਆਂ ਹੋਇਆ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਅੰਤ੍ਰਿੰਗ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਲਏ ਦੂਰ ਅੰਦੇਸ਼ੀ ਫੈਸਲੇ ਅਨੁਸਾਰ ਸਮੂਹ ਸੰਗਤਾਂ ਦੇ ਨਿੱਘੇ ਸਹਿਯੋਗ ਨਾਲ ਅੱਜ ਗੁਰੂ-ਘਰ ਦੇ ਪਹਿਲੇ ਕੀਰਤਨੀਏ ਹੋਣ ਦਾ ਮਾਣ ਪ੍ਰਾਪਤ ਕਰਨ ਵਾਲੇ ਰਬਾਬੀ ਭਾਈ ਮਰਦਾਨਾ ਜੀ ਦਾ ਅਕਾਲ ਚਲਾਣਾ ਦਿਵਸ ਦੀ ਯਾਦ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਇਤਿਹਾਸ ਵਿੱਚ ਪਹਿਲੀ ਵਾਰ ਬਹੁਤ ਸ਼ਰਧਾ ਭਾਵਨਾ ਨਾਲ ਮਨਾਈ ਗਈ।ਜਿਸ ਵਿੱਚ ਦੇਸ਼ਾਂ-ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਪੁੱਜੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਆਪਣੀ ਹਾਜ਼ਰੀ ਭਰ ਕੇ ਭਾਈ ਮਰਦਾਨਾ ਜੀ ਨੂੰ ਆਪਣਾ ਸਤਿਕਾਰ ਸਹਿਤ ਸਿਜਦਾ ਭੇਟ ਕੀਤਾ।ਇਸ ਦੌਰਾਨ ਭਾਈ ਮਰਦਾਨਾ ਜੀ ਦੀ ਯਾਦ ਨੂੰ ਆਯੋਜਿਤ ਕੀਤੇ ਗਏ ਗੁਰਮਤਿ ਸਮਾਗਮ ਤੋਂ ਪਹਿਲਾ ਸ੍ਰੀ ਅਖਡਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਿਮਰਨਜੀਤ ਸਿਘ ਦੇ ਜਥੇ ਨੇ ਸਗਤਾਂ ਨੂੰ ਅਮ੍ਰਿਤਮਈ ਬਾਣੀ ਦੇ ਕੀਰਤਨ ਦੁਆਰਾ ਨਿਹਾਲ ਕੀਤਾ।ਅਰਦਾਸ ਭਾਈ ਸੁਲਤਾਨ ਸਿੰਘ ਅਰਦਾਸੀਏ ਨੇ ਕੀਤੀ ਤੇ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿਘ ਗ੍ਰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਲਿਆ।
ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਕਿਹਾ ਕਿ ਭਾਈ ਮਰਦਾਨਾ ਜੀ ਦਾ ਜਨਮ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਅਸਥਾਨ ਤਲਵੰਡੀ ਰਾਇ ਭੋਇ ਵਿੱਚ ਹੋਇਆ।ਉਨ੍ਹਾਂ ਕਿਹਾ ਕਿ ਰੱਬੀ-ਰਬਾਬੀ ਅਤੇ ਗੁਰੂ-ਘਰ ਦੇ ਮੂਲ ਕੀਰਤਨੀਏ ਨੂੰ ਜਿੰਨਾ ਵੀ ਸਤਿਕਾਰ ਦੇਈਏ ਉਨ੍ਹਾਂ ਹੀ ਥੋੜ੍ਹਾ ਹੈ।
ਹਰਚਰਨ ਸਿੰਘ ਮੁੱਖ ਸਕੱਤਰ ਨੇ ਕਿਹਾ ਕਿ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਤਿ ਨਿਕਟਵਰਤੀ ਭਾਈ ਮਰਦਾਨਾ ਜੀ ਨੇ ਆਪਣਾ ਸਮੁੱਚਾ ਜੀਵਨ ਗੁਰੂ ਸਾਹਿਬਾਨ ਵੱਲੋਂ ਆਰੰਭੇ ਰੂਹਾਨੀਅਤ ਦੇ ਮਿਸ਼ਨ ਨੂੰ ਪ੍ਰਫੁੱਲਤ ਕਰਨ ਵਿੱਚ ਲ਼ਾਇਆ।ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸ਼ੋ੍ਰਮਣੀ ਕਮੇਟੀ ਭਾਈ ਮਰਦਾਨਾ ਜੀ ਦੇ ਅੰਸ਼-ਵੰਸ਼ ਵਿਚੋਂ ਕੀਰਤਨ ਕਰ ਰਹੇ ਭਾਈ ਲਾਲ ਜੀ (ਪਾਕਿਸਤਾਨ) ਤੇ ਉਨ੍ਹਾਂ ਦੇ ਪਰਿਵਾਰ ਨੂੰ ਵਿਸ਼ੇਸ਼ ਤੌਰ ਤੇ ਇਥੇ ਸੱਦ ਕੇ ਸਨਮਾਨਿਤ ਕਰਨ ਦਾ ਯਤਨ ਵੀ ਕਰੇਗੀ।
ਇਸ ਦੌਰਾਨ ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਨੇ ਸੰਗਤਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸਿੱਖ ਇਤਿਹਾਸ ਦੇ ਪਹਿਲੇ ਕੀਰਤਨੀਏ ਦਾ ਮਾਣ ਪ੍ਰਾਪਤ ਕਰਨ ਵਾਲੇ ਭਾਈ ਮਰਦਾਨਾ ਜੀ ਨੂੰ ਇਸ ਗੱਲ ਦਾ ਵੀ ਸੁਭਾਗ ਪ੍ਰਾਪਤ ਹੋਇਆ ਹੈ ਕਿ ਬਿਹਾਗੜ ਦੀ ਵਾਰ ਵਿਚਲੇ ਦੋ ਸਲੋਕ ਉਨ੍ਹਾਂ ਨੂੰ ਸਮਰਪਿਤ ਹਨ।ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਭਾਈ ਮਰਦਾਨਾ ਜੀ ਦੇ ਪਿਆਰ ਅਤੇ ਨਿਸ਼ਕਾਮ ਭਰੇ ਜੀਵਨ ਤੋਂ ਸਮੂਹ ਸੰਗਤਾਂ ਖਾਸ ਕਰਕੇ ਗੁਰੂ ਘਰ ਦੇ ਕੀਰਤਨੀਏ ਵੱਧ ਤੋਂ ਵੱਧ ਸੇਧ ਲੈਣ ਅਤੇ ਅੰਗਮੀ ਧੁਨਾਂ ਦਾ ਦੁਨਿਆਵੀ ਧੁਨਾਂ ਵਿੱਚ ਰੁਪਾਂਤਰਣ ਤੰਤੀ ਸਾਜਾਂ ਦੀ ਪੁਰਾਤਨ ਸ਼ੈਲੀ ਰਾਹੀਂ ਕਰਕੇ ਰੂਹਾਨੀਅਤ ਨਾਲ ਭਰਪੂਰ ਗੁਰਮਤਿ ਸੰਗੀਤ ਕਲਾ ਨੂੰ ਹੋਰ ਪ੍ਰਫੁੱਲਿਤ ਕਰਨ।
ਇਸ ਮੌਕੇ ਵਿਸ਼ਵ ਰਬਾਬੀ ਭਾਈ ਮਰਦਾਨਾ ਸੁਸਾਇਟੀ (ਰਜਿ.) ਪੰਜਾਬ ਦੇ ਅਹੁਦੇਦਾਰਾਂ ਜੀਤਾ, ਮੁਸਤਾਕ ਅਲੀ ਕਿੰਗ, ਸਰਦਾਰ ਸਿੰਘ, ਅਮਰੀਕ ਸਿੰਘ, ਭੋਲਾ ਸਿੰਘ ਤੇ ਸਾਧੂ ਖਾਨ ਸਮੇਤ ਸਮਾਗਮ ਵਿੱਚ ਸ਼ਾਮਲ ਸੰਗਤਾਂ ਨੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਭਾਈ ਮਰਦਾਨਾ ਜੀ ਦੀ ਯਾਦ ਨੂੰ ਮਨਾਉਣ ਸਬੰਧੀ ਕੀਤੇ ਗਏ ਵੱਡੇ ਉਪਰਾਲੇ ਦੀ ਜ਼ੋਰਦਾਰ ਸ਼ਬਦਾਂ ਵਿੱਚ ਪ੍ਰਸੰਸਾ ਕੀਤੀ।
ਇਸ ਮੌਕੇ ਸੁਰਜੀਤ ਸਿੰਘ ਭਿਟੇਵਡ ਮੈਂਬਰ ਅੰਤ੍ਰਿੰਗ ਕਮੇਟੀ, ਹਰਚਰਨ ਸਿੰਘ ਮੁੱਖ ਸਕੱਤਰ, ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ, ਗੁਰਿੰਦਰ ਸਿੰਘ ਮੈਨੇਜਰ, ਸਕੱਤਰ ਸਿੰਘ ਮੀਤ ਸਕੱਤਰ, ਹਰਜਿੰਦਰ ਸਿੰਘ, ਲਖਵਿੰਦਰ ਸਿੰਘ ਬਦੋਵਾਲ ਤੇ ਲਖਬੀਰ ਸਿੰਘ ਵਧੀਕ ਮੈਨੇਜਰ, ਮਨਿੰਦਰ ਮੋਹਣ ਸਿੰਘ, ਜਸਵਿੰਦਰ ਸਿੰਘ ਦੀਪ ਤੇ ਕਰਮਜੀਤ ਸਿੰਘ ਇੰਚਾਰਜ, ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਮੁੱਚੇ ਸਟਾਫ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
Check Also
ਪਿੰਗਲਵਾੜਾ ਪਰਿਵਾਰ ਦੀ 72ਵੀਂ ਲੜਕੀ ਦਾ ਅਨੰਦ ਕਾਰਜ
ਅੰਮ੍ਰਿਤਸਰ, 9 ਫਰਵਰੀ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜ਼ਿ.) ਦੀ ਮਾਨਾਂਵਾਲਾ ਬ੍ਰਾਂਚ …
Punjab Post Daily Online Newspaper & Print Media