Wednesday, February 11, 2026

ਇੰਡੀਆ ਗੇਟ ਸਮਾਗਮ ਯਾਦਗਾਰੀ ਹੋ ਨਿਬੜਿਆ – ਜੀ.ਕੇ

ਦਿੱਲੀ ਕਮੇਟੀ ਸਟਾਫ਼ ਨੂੰ ਗ੍ਰੇਡ ਵਿਚ ਭਾਰੀ ਵਾਧੇ ਦਾ ਕਮੇਟੀ ਨੇ ਦਿੱਤਾ ਤੋਹਫਾ

Manjit Singh GK

ਨਵੀਂ ਦਿੱਲੀ, 28 ਨਵੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੰਡੀਆ ਗੇਟ ਵਿਖੇ ਕਰਵਾਇਆ ਗਿਆ 2 ਦਿਨੀਂ ਗੁਰਮਤਿ ਸਮਾਗਮ ਇਤਿਹਾਸਿਕ ਪੱਖੋਂ ਕਈ ਯਾਦਾਂ ਨੂੰ ਸਮੇਟ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਜਿਥੇ 1999 ਤੋਂ ਬਾਅਦ ਪਹਿਲੀ ਵਾਰ ਕਮੇਟੀ ਸਟਾਫ਼ ਦੀ ਤਨਖਾਹ ਦੇ ਗ੍ਰੇਡ ਵਿਚ ਵਾਧਾ ਕਰਨ ਦਾ ਐਲਾਨ ਕੀਤਾ ਉਥੇ ਹੀ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਦਿੱਲੀ ਵਿਖੇ ਅਜਿਹੀ ਥਾਂ ‘ਤੇ ਲਗਾਉਣ ਦਾ ਐਲਾਨ ਕੀਤਾ ਜਿਥੇ ਵਿਰੋਧੀ ਧਿਰਾਂ ਨੂੰ ਸਭ ਤੋਂ ਜਿਆਦਾ ਤਕਲੀਫ਼ ਹੋਵੇਗੀ।
ਗੁਰਮਤਿ ਸਮਾਗਮ ਦੇ ਦੂਜੇ ਦਿਨ ਅਗਸਤ ਕ੍ਰਾਂਤੀ ਪਾਰਕ ਵਿਖੇ ਹੋਏ ਧਾਰਮਿਕ ਸਮਾਗਮ ਵਿੱਚ ਗਤਕਾ ਅਖਾੜਿਆ ਨੇ ਗਤਕਾ ਕਲਾ ਦੇ ਜੌਹਰ, ਭਾਈ ਤਰਸ਼ੇਮ ਸਿੰਘ ਮੋਰਾਂਵਾਲੀ ਨੇ ਢਾਡੀ ਵਾਰਾਂ ਅਤੇ ਪਤਿਤਪੁਣੇ ਨੂੰ ਤਿਆਗ ਕੇ ਖਾਲਸਾ ਬਣੇ ਉਘੇ ਗਾਇਕ ਕੇ.ਐਸ ਮੱਖਣ ਨੇ ਧਾਰਮਿਕ ਗੀਤਾਂ ਦੀ ਪੇਸ਼ਕਾਰੀ ਰਾਹੀਂ ਸਮਾਂ ਬੰਨ ਦਿੱਤਾ।ਗੁਰੂ ਹਰਿਗੋਬਿੰਦ ਸਾਹਿਬ ਅਖਾੜਾ ਨਿਹਾਲ ਵਿਹਾਰ, ਸ੍ਰੀ ਦਸ਼ਮੇਸ਼ ਨੌਜਵਾਨ ਅਖਾੜਾ, ਸਿੰਘ ਤੇਗ ਮਾਰਸ਼ਲ ਆਰਟ ਅਕੈਡਮੀ ਅਤੇ ਹਰਿਗੋਬਿੰਦ ਅਜੀਤ ਅਖਾੜਾ ਬੁੱਢਾ ਦਲ ਦੇ ਨੌਜਵਾਨ ਬੱਚੇ-ਬੱਚਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ਗਈ ਗਤਕਾ ਵਿਰਾਸਤ ਨੂੰ ਧਾਰਮਿਕ ਧੁੰਨਾਂ ਤੇ ਪੇਸ਼ਕਾਰੀ ਦੌਰਾਨ ਦਿੱਲ ਖਿੱਚਵਾਂ ਮਾਹੌਲ ਬਣਾ ਦਿੱਤਾ।
ਜੀ.ਕੇ. ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੌਰਾਨ ਕਮੇਟੀ ਨੇ ਸਿੱਖ ਵਿਰਾਸਤ ਦੇ ਅਹਿਮ ਅੰਗ ਕਵੀ, ਢਾਡੀ ਅਤੇ ਗਤਕੇ ਨਾਲ ਸੰਗਤਾਂ ਨੂੰ ਜੋੜਨ ਲਈ ਨਿਵੇਕਲੇ ਢੰਗ ਨਾਲ ਕੋਸ਼ਿਸ਼ ਕੀਤੀ ਹੈ। ਇੰਡੀਆ ਗੇਟ ਨੂੰ ਤਾਕਤ ਦਾ ਗਲਿਆਰਾ ਦੱਸਦੇ ਹੋਏ ਜੀ.ਕੇ. ਨੇ ਇਸ ਅਸਥਾਨ ਦੇ ਆਲੇ-ਦੁਆਲੇ ਤੋਂ ਹਿੰਦੂਸਤਾਨ ਦੇ ਭਵਿੱਖ ਦੇ ਫੈਸਲੇ ਹੋਣ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੂੰ ਇਸ ਸਮਾਗਮ ਨੂੰ ਲੈ ਕੇ ਬੜੀ ਤਕਲੀਫ਼ ਹੋਈ ਹੈ ਪਰ ਇਤਿਹਾਸ ਸੰਭਾਲਣਾ ਕਮੇਟੀ ਦੀ ਜਿੰਮੇਵਾਰੀ ਅਤੇ ਮਜਬੂਰੀ ਦੋਨੋਂ ਹਨ। ਇੰਡੀਆ ਗੇਟ ਨਾਲ ਵਰਲਡ ਵਾਰ ਦੌਰਾਨ ਸ਼ਹੀਦ ਹੋਣ ਵਾਲੇ 84 ਹਜ਼ਾਰ ਸਿੱਖਾਂ ਦਾ ਇਤਿਹਾਸ ਜੁੜਿਆ ਹੋਣ ਦਾ ਜੀ.ਕੇ. ਨੇ ਦਾਅਵਾ ਕੀਤਾ।
ਉਨ੍ਹਾਂ ਵਿਅੰਗ ਕਰਦੇ ਹੋਏ ਕਿਹਾ ਕਿ ਅੱਜ ਉਹ ਲੋਕ ਗੱਲਾਂ ਕਰ ਰਹੇ ਹਨ ਜਿਹੜੇ ਆਪਣੇ ਪ੍ਰਧਾਨਗੀਕਾਲ ਦੌਰਾਨ ਆਪਣੇ ਪਰਿਵਾਰ ਦੇ ਭਲੇ ਦੀ ਸੋਚ ਤੋਂ ਬਾਹਰ ਨਿਕਲਣ ਵਿਚ ਨਾਕਾਮ ਰਹੇ ਸਨ। ਕਮੇਟੀ ਦੇ 1700 ਦੇ ਕਰੀਬ ਪੱਕੇ ਮੁਲਾਜਮਾਂ ਨੂੰ ਤਣਖਾਹ ਦੇ ਨਵੇਂ ਗ੍ਰੇਡ ਦੇਣ ਦਾ ਐਲਾਨ ਕਰਦੇ ਹੋਏ ਜੀ.ਕੇ. ਨੇ ਇਸ ਨੂੰ ਮੁਲਾਜ਼ਮਾਂ ਦਾ ਹੱਕ ਦੱਸਿਆ। ਉਨ੍ਹਾਂ ਕਿਹਾ ਕਿ ਪਹਿਲੇ ਸਕੂਲ ਸਟਾਫ਼ ਨੂੰ 6ਵੇਂ ਤਨਖਾਹ ਕਮਿਸ਼ਨ ਦੇ ਹਿਸਾਬ ਨਾਲ ਮਈ 2014 ਤੋਂ ਤਨਖਾਹਾਂ ਦੇਣ ਤੋਂ ਬਾਅਦ ਹੁਣ ਕਮੇਟੀ ਸਟਾਫ਼ ਨੂੰ ਉਸਦਾ ਹੱਕ ਦੇਣਾ ਕਮੇਟੀ ਦਾ ਇਤਿਹਾਸਕ ਕਦਮ ਹੈ।
ਇਥੇ ਇਹ ਜ਼ਿਕਰਯੋਗ ਹੈ ਕਿ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ ਵੱਲੋਂ 1999 ਵਿਚ 4ਥੇ ਤਨਖਾਹ ਕਮਿਸ਼ਨ ਦੇ ਹਿਸਾਬ ਨਾਲ ਸਟਾਫ਼ ਦੇ ਗ੍ਰੇਡ ਵਿਚ ਵਾਧਾ ਕੀਤਾ ਗਿਆ ਸੀ ਜਿਸ ਨੂੰ ਲਗਭਗ 17 ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਹੀ ਕਮੇਟੀ ਵੱਲੋਂ 6ਵੇਂ ਤਣਖਾਹ ਕਮਿਸ਼ਨ ਵਿੱਚ ਬਦਲਣ ਦਾ ਫੈਸਲਾ ਲਿਆ ਗਿਆ ਹੈ। ਜਿਸ ਕਰਕੇ ਕਮੇਟੀ ਉਪਰ 5.5 ਕਰੋੜ ਰੁਪਏ ਸਾਲਾਨਾ ਦਾ ਭਾਰ ਪਵੇਗਾ ਅਤੇ ਮੁਲਾਜਮਾਂ ਦੇ ਅਹੁਦੇ ਦੇ ਹਿਸਾਬ ਨਾਲ 800 ਤੋਂ 10,000 ਰੁਪਏ ਮਾਸਿਕ ਵੇਤਨ ਵਿਚ ਵੀ ਫਰਕ ਪੈਣ ਦਾ ਅੰਦਾਜਾ ਲਗਾਇਆ ਜਾ ਰਿਹਾ ਹੈ। ਸੇਵਾਦਾਰਾਂ ਦੇ ਛੁੱਟੀ ਭੱਤੇ ਨੂੰ ਵੀ 600 ਤੋਂ ਵੱਧਾ ਕੇ 900 ਰੁਪਏ ਕਰਨ ਦੇ ਨਾਲ ਹੀ ਮਹਿਗਾਈ ਭੱਤੇ ਵਿਚ ਵੀ ਪ੍ਰਭਾਵੀ ਵਾਧਾ ਕੀਤਾ ਗਿਆ ਹੈ।
ਸਰਵ ਧਰਮ ਸੰਸਦ ਦੇ ਆਗੂ ਆਚਾਰਯ ਲੋਕੇਸ਼ ਮੁਨੀ, ਇਮਾਮ ਉਮੇਰ ਅਹਿਮਦ ਇਲਯਾਸੀ, ਗੋਸਵਾਮੀ ਸ਼ੁਸ਼ੀਲ ਜੀ ਮਹਾਰਾਜ ਅਤੇ ਸਤਪਾਲ ਸਿੰਘ ਖਾਲਸਾ ਦਾ ਵੀ ਇਸ ਮੌਕੇ ਕਮੇਟੀ ਵੱਲੋਂ ਦੁਸ਼ਾਲਾ ਭੇਟ ਕਰਕੇ ਸਨਮਾਨ ਕੀਤਾ ਗਿਆ। ਧਰਮ ਸੰਸਦ ਦੇ ਆਗੂਆਂ ਨੇ ਦਿੱਲੀ ਕਮੇਟੀ ਵੱਲੋਂ ਇੰਡੀਆ ਗੇਟ ਵਿਖੇ ਸੰਗਤਾਂ ਦੀ ਵੱਡੀ ਗਿਣਤੀ ਦੀ ਹਾਜ਼ਰੀ ਵਿੱਚ ਕਰਵਾਏ ਗਏ ਸਮਾਗਮ ਨੂੰ ਸ਼ਾਨਦਾਰ ਦੱਸਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਦੀ ਦੇਸ਼ ਅਤੇ ਸਮਾਜ ਪ੍ਰਤੀ ਦੇਣ ਨੂੰ ਵੀ ਯਾਦ ਕੀਤਾ।ਮੁਨੀ ਨੇ ਕਿਹਾ ਕਿ ਗੁਰੂ ਸਾਹਿਬ ਦੇ ਜਨਮ ਅਸਥਾਨ ਪਟਨਾ ਸਾਹਿਬ ਦੇ ਨਾਲ ਵਾਲਾ ਸਥਾਨ ਕਿਸੇ ਜੈਨ ਪਰਿਵਾਰ ਦਾ ਸੀ ਜਿਸ ਨੇ ਇਸ ਥਾਂ ਨੂੰ ਗੁਰੂ ਘਰ ਨੂੰ ਦੇ ਦਿੱਤਾ ਸੀ।ਇਸ ਲਈ ਸਿੱਖਾਂ ਨਾਲ ਜੈਨ ਸਮਾਜ ਦਾ ਖੂਨ ਦਾ ਰਿਸ਼ਤਾ ਹੈ।ਇਮਾਮ ਨੇ ਸਿੱਖਾਂ ਵੱਲੋਂ ਹਰ ਮੁਸੀਬਤ ਵੇਲੇ ਕੀਤੇ ਜਾਂਦੇ ਕਾਰਜਾਂ ਨੂੰ ਬੇਮਿਸਾਲ ਦੱਸਿਆ।ਧਰਮ ਸੰਸਦ ਵੱਲੋਂ ਸਮਾਜਿਕ ਕਾਰਜਾਂ ਲਈ ਕਮੇਟੀ ਵੱਲੋਂ ਦਿਖਾਈ ਜਾਂਦੀ ਤਤਪਰਤਾ ਅਤੇ ਕਮੇਟੀ ਦੇ ਜਨਰਲ ਮੈਨੇਜਰ (ਪ੍ਰਬੰਧ) ਹਰਜੀਤ ਸਿੰਘ ਸੂਬੇਦਾਰ ਤੇ ਜਨਰਲ ਮੈਨੇਜਰ (ਵਿੱਤ) ਧਰਮਿੰਦਰ ਸਿੰਘ ਨੇ ਸਟਾਫ਼ ਦੀ ਤਣਖਾਹਾਂ ਵਿਚ ਕੀਤੇ ਗਏ ਵਾਧੇ ਨੂੰ ਲੈ ਕੇ ਜੀ.ਕੇ. ਦਾ ਸਨਮਾਨ ਕੀਤਾ।
ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਲਗਣ ਤੋਂ ਰੋਕਣ ਵਾਲੀ ਦਿੱਲੀ ਸਰਕਾਰ ‘ਤੇ ਸਖ਼ਤ ਚੋਟ ਕਰਦੇ ਹੋਏ ਜੀ.ਕੇ. ਨੇ ਤਲਖ ਲਹਿਜੇ ਵਿਚ ਬੁੱਤ ਲਗਣ ਤੋਂ ਰੋਕਣ ਦੀ ਸਾਜਿਸ਼ ਕਰਨ ਵਾਲਿਆਂ ਨੂੰ ਬਿਨਾਂ ਨਾਂ ਲਏ ਪੰਥਦੋਖੀ ਅਤੇ ਆਸਤੀਨ ਦੇ ਸੱਪ ਕਰਾਰ ਦਿੱਤਾ।ਉਨ੍ਹਾਂ ਕਿਹਾ ਕਿ ਮੈਂ ਗੁਰੂ ਦਾ ਪੁੱਤਰ ਹਾਂ ਤੇ ਬੁੱਤ ਉਸ ਥਾਂ ਤੇ ਲਗਾਵਾਂਗਾ ਜਿਥੇ ਸਾਜਿਸ਼ਕਾਰਾਂ ਨੂੰ ਸਭ ਤੋਂ ਜਿਆਦਾ ਤਕਲੀਫ਼ ਹੋਵੇਗੀ।ਕੇਜਰੀਵਾਲ ਵੱਲੋਂ ਵਿਧਾਨ ਸਭਾ ਵਿਚ ਸ਼ਹੀਦ ਭਗਤ ਸਿੰਘ ਤੇੇ ਸਾਥਿਆਂ ਅਤੇ ਦਿੱਲੀ ਦੇ ਪਹਿਲੇ ਮੁਖਮੰਤਰੀ ਬ੍ਰਹਮ ਪ੍ਰਕਾਸ਼ ਦੇ ਲਗਾਏ ਗਏ ਬੁੱਤਾਂ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਸਰਨਾ ਭਰਾਵਾਂ ਵੱਲੋਂ ਬੀਤੇ ਸਮੇਂ ਦੌਰਾਨ ਜੀ.ਕੇ. ਨੂੰ ਆਪਣੇ ਗ੍ਰਹਿ ਵਿਖੇ ਬਾਬਾ ਜੀ ਦਾ ਬੁੱਤ ਲਗਾਉਣ ਦੀ ਦਿੱਤੀ ਗਈ ਸਲਾਹ ਨੂੰ ਬੇਸ਼ਰਮੀ ਦੀ ਚਰਮਸੀਮਾ ਦੱਸਿਆ। ਇਸ ਮੌਕੇ ਕਮੇਟੀ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਮੌਜੂਦ ਸਨ।

Check Also

ਪੰਜਾਬ ਦੇ ਰਾਜਪਾਲ ਸ਼੍ਰੀ ਕਟਾਰੀਆ ਨੇ ਸ੍ਰੀ ਦਰਬਾਰ ਸਾਹਿਬ ਅਤੇ ਜੈਨ ਮੰਦਰ ਵਿਖੇ ਮੱਥਾ ਟੇਕਿਆ

ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਸ਼ੁਰੂ ਕੀਤੀ ਸਰਹੱਦੀ ਜ਼ਿਲ੍ਹਿਆਂ ‘ਚ ਨਸ਼ਿਆਂ ਵਿਰੁੱਧ 4-ਰੋਜ਼ਾ ਪੈਦਲ …

Leave a Reply