
ਅੰਮ੍ਰਿਤਸਰ, 16 ਦਸੰਬਰ (ਸੁਖਬੀਰ ਸਿੰਘ)- ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੂੰ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਇਸ ਵੱਲੋਂ 5 ਕਿਲੋਗ੍ਰਾਮ ਹੈਰੋਇਨ ਅਤੇ 50 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਸਮੇਤ ਇਕ ਨਸ਼ਾ ਤਸਕਰ ਨੂੰ ਕਾਬੂ ਕਰ ਲਿਆ ਗਿਆ।ਆਈ. ਜੀ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਸ੍ਰੀ ਐਮ. ਐਮ ਫਾਰੂਕੀ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਇਕ ਗੁਪਤ ਇਤਲਾਹ ਦੇ ਆਧਾਰ ‘ਤੇ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੇ ਗੁਰਨਾਮ ਸਿੰਘ ਪੁੱਤਰ ਅਨੋਖ ਸਿੰਘ, ਪਿੰਡ ਮੁਹਾਵਾ, ਪੁਲਿਸ ਥਾਣਾ ਘਰਿੰਡਾ ਨੂੰ ਇੰਡੀਆ ਗੇਟ, ਛੇਹਰਟਾ ਨੇੜਿਓਂ ਉਸ ਸਮੇਂ ਗ੍ਰਿਫ਼ਤਾਰ ਕੀਤਾ, ਜਦੋਂ ਉਹ ਜਦੋਂ ਉਹ ਇਹ ਹੈਰੋਇਨ ਅਤੇ ਪੈਸੇ ਕਿਸੇ ਹੋਰ ਪਾਰਟੀ ਨੂੰ ਦੇਣ ਲਈ ਉਡੀਕ ਕਰ ਰਿਹਾ ਸੀ।ਉਨ੍ਹਾਂ ਦੱਸਿਆ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਵੱਲੋਂ ਉਸ ਖਿਲਾਫ਼ ਐਨ ਡੀ ਪੀ ਐਸ ਐਕਟ ਦੀ ਧਾਰਾ 21, 25, 29/61/85 ਤਹਿਤ ਐਫ ਆਈ ਆਰ ਨੰ: 20, ਮਿਤੀ 15.12.2016 ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮੁਢਲੀ ਜਾਂਚ ਤੋਂ ਇਹ ਸਾਹਮਣੇ ਆਇਆ ਹੈ ਕਿ ਗੁਰਨਾਮ ਸਿੰਘ ਰਾਣਾ ਨਾਂਅ ਦੇ ਪਾਕਿਸਤਾਨੀ ਸਮੱਗਲਰ ਦੇ ਸੰਪਰਕ ਵਿਚ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਭਾਰਤ-ਪਾਕਿ ਸਰਹੱਦ ਰਾਹੀਂ ਆਪਣੇ ਸਾਥੀਆਂ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸੁਖਦੇਵ ਸਿੰਘ, ਹਰਦੇਵ ਸਿੰਘ ਉਰਫ ਬਿੱਟੂ ਪੁੱਤਰ ਬਚਨ ਸਿੰਘ ਅਤੇ ਆਪਣੇ ਪੁੱਤਰ ਬੱਬਨ ਬਾਜ ਸਿੰਘ (ਸਾਰੇ ਵਾਸੀ ਪਿੰਡ ਮੁਹਾਵਾ, ਜ਼ਿਲ੍ਹਾ ਅੰਮ੍ਰਿਤਸਰ) ਨਾਲ ਮਿਲ ਕੇ ਹੈਰੋਇਨ ਦੀ ਸਮੱਗਲਿੰਗ ਦਾ ਧੰਦਾ ਕਰਦਾ ਸੀ।ਉਨ੍ਹਾਂ ਦੱਸਿਆ ਕਿ ਹੁਣ ਵੀ ਉਹ ਪਾਕਿਸਤਾਨੀ ਸਮੱਗਲਰ ਰਾਣਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਹ ਖੇਪ ਕਿਸੇ ਹੋਰ ਪਾਰਟੀ ਨੂੰ ਦੇਣ ਦੀ ਤਾਕ ਵਿਚ ਸੀ, ਕਿ ਪੁਲਿਸ ਦੇ ਅੜਿੱਕੇ ਚੜ੍ਹ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਹੋਰ ਜਾਂਚ ਕੀਤੀ ਜਾ ਰਹੀ ਹੈ, ਜਿਸ ਦੌਰਾਨ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਹੈ।
Check Also
ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …
Punjab Post Daily Online Newspaper & Print Media