
ਫਾਜ਼ਿਲਕਾ, 16 ਦਸੰਬਰ (ਵਿਨੀਤ ਅਰੋੜਾ) – 1971 ਦੀ ਭਾਰਤ ਪਾਕ ਜੰਗ ਦੇ ਫਾਜ਼ਿਲਕਾ ਸੈਕਟਰ ਵਿੱਚ ਸ਼ਹੀਦ ਹੋਏ ਫੋਜ ਦੇ ਅਧਿਕਾਰੀਆਂ ਅਤੇ ਜਵਾਨਾਂ ਦੀ ਯਾਦ ਵਿੱਚ ਇਥੋਂ 7 ਕਿਲੋਮੀਟਰ ਦੂਰ ਸਰਹੱਦੀ ਪਿੰਡ ਆਸਫਵਾਲ ਵਿੱਚ ਬਣੀ ਸ਼ਹੀਦਾਂ ਦੀ ਸਮਾਧੀ ਤੇ 16 ਦਸੰਬਰ ਨੂੰ ਲਗਣ ਵਾਲੇ ਸ਼ਹੀਦੀ ਮੇਲੇ ਦੀ ਪੂਰਬਲੀ ਸੰਧਿਆ ਤੇ ਸ਼ਹਿਰ ਵਿੱਚ ਦੇਸ਼ਭਗਤੀ ਨਾਲ ਭਰਿਆ ਵਿਜੈ ਜਲੂਸ ਕੱਢਿਆ ਗਿਆ। ਵਿਜੈ ਜਲੂਸ ਵਿੱਚ ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ, ਐਸ.ਐਸ.ਪੀ. ਡਾ. ਨਰਿੰਦਰ ਭਾਰਗਵ, ਸੈਨਾ ਦੇ ਕਰਨਲ ਊਦੇ ਸਾਮਯਾਲ, ਸ਼ਹੀਦਾਂ ਦੀ ਸਮਾਧੀ ਕਮੇਟੀ ਦੇ ਮੈਂਬਰ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ। ਵਿਜੈ ਜਲੂਸ ਦੀ ਅਗੁਵਾਈ ਆਰਮੀ ਬੈਂਡ ਨੇ ਕੀਤੀ। ਜਲੂਸ ਵਿੱਚ ਫੁੱਲਾਂ ਨਾਲ ਸਜੀਆਂ ਜੀਪਾਂ ਵਿੱਚ ਸ਼ਹੀਦਾਂ ਦੇ ਪਰਿਵਾਰ ਦੇ ਮੈਂਬਰ ਅਤੇ ਇੱਕ ਜੀਪ ਵਿੱਚ ਪਿਛਲੇ ਚਾਰ ਦਹਾਕਿਆਂ ਤੋਂ ਸ਼ਹੀਦਾਂ ਦੀ ਸਮਾਧੀ ਕਮੇਟੀ ਵਿੱਚ ਸੇਵਾਵਾਂ ਦੇ ਰਹੇ ਸੇਵਾਮੁਕਤ ਐਸ.ਡੀ.ਐਮ. ਬੀ.ਐਲ.ਸਿੱਕਾ, ਅਮਰ ਚੰਦ ਭਠੇਜਾ ਅਤੇ ਮੋਹਨ ਲਾਲ ਪਰੂਥੀ ਸਵਾਰ ਸਨ। ਇਹ ਵਿਜੈ ਜਲੂਸ ਸਥਾਨਕ ਸੰਜੀਵ ਸਿਨੇਮਾ ਚੌਕ ਤੋਂ ਸ਼ੁਰੂ ਹੋਇਆ ਅਤੇ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਵਿਚ ਲੱਗਿਆ। ਜਿੱਥੇ ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਗੁਲਬਧਰ ਦੀ ਅਗਵਾਈ ਵਿਚ ਸ਼ਹਿਰ ਦੇ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੇ ਲਗਭਗ ਇੱਕ ਦਰਜ਼ਨ ਥਾਵਾਂ ਤੇ ਵਿਜੈ ਜਲੂਸ ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਮਠਿਆਈ ਵੰਡੀ। ਵਿਜੈ ਜਲੂਸ ਸ਼ਹਿਰ ਦੇ ਇਤਿਹਾਸਕ ਚੌਕ ਘੰਟਾਘਰ ਤੇ ਸਮਾਪਤ ਹੋਇਆ। ਜਿੱਥੇ ਅਪਣੇ ਸੰਬੋਧਨ ਵਿਚ ਡਿਪਟੀ ਕਮਿਸ਼ਨਰ ਸ਼੍ਰੀਮਤੀ ਕਾਲੀਆ ਨੇ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਭੇਂਟ ਕਰਦੇ ਹੋਏ ਕਿਹਾ ਕਿ ਵਿਜੈ ਜਲੂਸ ਇੱਕ ਇਤਿਹਾਸਕ ਪ੍ਰੋਗਰਾਮ ਹੈ। ਕਿਉਂਕਿ ਵੱਡੀ ਗਿਣਤੀ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਲੋਕ ਪੁੱਜੇ। ਅਜਿਹਾ ਜਲੂਸ ਸ਼ਾਇਦ ਕਿਧਰੇ ਵੀ ਨਹੀਂ ਕੱਢਿਆ ਜਾਂਦਾ ਜੋ ਇਹ ਦਰਸਾਉਂਦਾ ਹੈ ਕਿ ਫਾਜ਼ਿਲਕਾ ਇਲਾਕਾ ਦੇ ਵਾਸੀਅ ਦੇ ਦਿਲਾਂ ਵਿਚ ਸ਼ਹੀਦਾਂ ਦੇ ਪ੍ਰਤੀ ਕਿਨਾਂ ਸਨਮਾਨ ਹੈ। ਆਪਣੇ ਸੰਬੋਧਨ ਵਿਚ ਡਾ. ਨਰਿੰਦਰ ਭਾਰਗਵ ਨੇ ਕਿਹਾ ਕਿ ਸੈਨਾ ਅਤੇ ਅਧਿਕਾਰੀਆਂ ਅਤੇ ਜਵਾਨ ਦੀ ਕੁਰਬਾਨੀ ਬੇਮਿਸਾਲ ਹੈ।ਆਪਣੇ ਸੰਬੋਧਨ ਵਿਚ ਕਾਰਗਿਲ ਵਿਚ ਜਿੱਤ ਪ੍ਰਾਪਤ ਕਰਨ ਵਾਲੀ ਜੈਕ ਰਾਇਫਲ ਦੇ ਕਰਨਲ ਉਦੈ ਸਾਮਯਾਲ ਨੇ ਵਿਜੈ ਜਲੂਸ ਦੇ ਅਯੋਜਨ ਲਈ ਸਮਾਧੀ ਕਮੇਟੀ, ਸ਼ਹਿਰ ਵਾਸੀਆਂ ਅਤੇ ਇਸ ਵਿਚ ਹਿੱਸਾ ਲੈਣ ਵਾਲੇ ਸਾਰਿਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਦੋਨਾ ਨਾਨਕਾ ਦੇ ਛੋਟੇ ਛੋਟੇ ਬੱਚਿਆਂ ਨੇ ਸਿੰਘ ਸਵਰੂਪ ਵਿਚ ਸੱਜਕੇ ਗਤਕੇ ਦੇ ਜ਼ੋਹਰ ਵਿਖਾਏ ਅਤੇ ਲੋਕਾਂ ਨੂੰ ਦੰਦਾਂ ਹੇਠਾਂ ਉਂਗਲੀਆਂ ਦਬਾਉਣ ਲਈ ਮਜ਼ਬੂਰ ਕਰ ਦਿਤਾ। ਆਰਮੀ ਪਬਲਿਕ ਸਕੂਲ ਦੀ ਵਿਦਿਆਰਥ੍ਰਣ ਬੰਬੀਨਾ ਨੇ ਏ ਮੇਰੇ ਵਤਨ ਕੇ ਲੋਕੋ ਗੀਤ ਤੇ ਆਪਣੀ ਭਾਵਪੂਰਨ ਪ੍ਰਸਤੁਤੀ ਦਿੱਤੀ। ਵਿਜੈ ਜਲੂਸ ਵਿਚ ਸ਼ਹੀਦਾਂ ਦੀ ਸਮਾਧੀ ਕਮੇਟੀ ਦੇ ਪ੍ਰਧਾਨ ਸੰਦੀਪ ਗਿਲੋਤਰਾ, ਸੀਨੀਅਰ ਮੀਤ ਪ੍ਰਧਾਨ ਅਮਰ ਚੰਦ ਭਠੇਜਾ, ਜਨਰਲ ਸਕੱਤਰ ਮੋਹਨ ਲਾਲ ਪਰੁੱਥੀ, ਮੀਤ ਪ੍ਰਧਾਨ ਐਡਵੋਕੇਟ ਉਮੇਸ਼ ਚੰਦਰ ਕੁੱਕੜ, ਖਜ਼ਾਨਚੀ ਸ਼ਸ਼ੀ ਕਾਂਤ, ਲੋਕ ਸੰਪਰਕ ਵਿਭਾਗ ਦੀ ਸੇਵਾਮੁਕਤ ਡਿਪਟੀ ਡਾਇਰੈਕਟਰ ਉਮਾ ਸ਼ਰਮਾ, ਪ੍ਰਫੁੱਲ ਚੰਦਰ ਨਾਗਪਾਲ, ਪਵਨ ਭਠੇਜਾ, ਵਿਨੋਦ ਗੁਪਤਾ, ਲਵਲੀ ਕਾਠਪਾਲ, ਇਸਤਰੀ ਆਰੀਆ ਸਮਾਜ ਦੀ ਸਰਪ੍ਰਸਤ ਸੁਦੇਸ਼ ਨਾਗਪਾਲ, ਰੰਜਨਾ ਗਿਲਹੋਤਰਾ, ਸ਼ਾਕਸ਼ੀ ਨਾਗਪਾਲ, ਡੀਐਸਪੀ ਸੁਬੇਗ ਸਿੰਘ, ਨੈਸ਼ਨਲੀ ਅਵਾਰਡੀ ਅਧਿਆਪਕ ਰਜਿੰਦਰ ਵਿਖੋਨਾ, ਸਟੇਟ ਅਵਾਰਡੀ ਅਧਿਆਪਕ ਪੰਮੀ ਸਿੰਘ ਅਤੇ ਹੋਰਨਾਂ ਨੇ ਸਹਿਯੋਗ ਕੀਤਾ। ਮੰਚ ਸੰਚਾਲਕ ਪ੍ਰਫੁੱਲ ਚੰਦਰ ਨਾਗਪਾਲ ਨੇ ਦੱਸਿਆ ਕਿ 16 ਦਸੰਬਰ ਸ਼ੁੱਕਰਵਾਰ ਨੂੰ ਸਮਾਧੀ ਤੇ ਸ਼ਹੀਦੀ ਮੇਲੇ ਦਾ ਅਯੋਜਨ ਕੀਤਾ ਜਾਵੇਗਾ।ਜਿਸ ਵਿਚ ਮੁੱਖ ਮਹਿਮਾਨ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਹੋਣਗੇ।ਜਦਕਿ ਸਮਾਗਮ ਵਿਚ ਸੀਨੀਅਰ ਸੈਨਿਕ ਅਫ਼ਸਰ ਪ੍ਰਸ਼ਾਸਨ ਅਤੇ ਪੁਲਸ ਦੇ ਅਧਿਕਾਰੀ ਵੀ ਹਿੱਸ ਲੈਣਗੇ। ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਉਘੇ ਗਾਇਕ ਜਸਬੀਰ ਜੱਸੀ ਵੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।
Punjab Post Daily Online Newspaper & Print Media