ਅੰਮ੍ਰਿਤਸਰ, 12 ਜਨਵਰੀ (ਜਗਦੀਪ ਸਿੰਘ ਸੱਗੂ) – ਅੱਜ ਦਿੱਲੀ ਵਿਖੇ ਹੋਈ ਭਾਜਪਾ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ

ਮੀਟਿੰਗ ਉਪਰੰਤ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਸਟੇਟ ਐਗਜੈਕਟਿਵ ਮੈਂਬਰ ਅਤੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਪਾਰਟੀ ਦੇ ਉਮੀਦਵਾਰ ਘੋਸ਼ਿਤ ਕੀਤਾ। ਜਿਮਨੀ ਚੋਣ ਜੋ ਕਿ 4 ਫਰਵਰੀ ਨੂੰ ਹੋਣੀ ਨਿਸ਼ਚਿਤ ਹੋਈ ਹੈ, ਦਾ ਮਤਦਾਨ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਹੋਣਾ ਹੈ। ਛੀਨਾ ਜੋ ਕਿ ਪੰਜਾਬ ਭਾਜਪਾ ਦੇ ਉੱਪ ਪ੍ਰਧਾਨ, ਪੰਜਾਬ ਰਾਜ ਲਘੂ ਉਦਯੋਗ ਅਤੇ ਅਯਾਤ ਕਾਰਪੋਰੇਸ਼ਨ ਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਹਿ ਚੁੱਕੇ ਹਨ, ਕ੍ਰਿਕੇਟਰ ਅਤੇ ਸਾਬਕਾ ਲੋਕ ਸਭਾ ਐਮ.ਪੀ ਨਵਜੋਤ ਸਿੰਘ ਸਿੱਧੂ ਦੇ ਕੱਟੜ ਵਿਰੋਧੀਆਂ ’ਚੋਂ ਇਕ ਮੰਨ੍ਹੇ ਜਾਂਦੇ ਹਨ।
ਸ਼ਹਿਰੀ ਅਤੇ ਪੇਂਡੂ ਖੇਤਰਾਂ ’ਚ ਪ੍ਰਭਾਵ ਰੱਖਣ ਵਾਲੇ ਛੀਨਾ ਪਿਛਲੇ ਕਾਫ਼ੀ ਸਮੇਂ ਤੋਂ ਭਾਜਪਾ ਦੇ ਇਕ ਵਫ਼ਾਦਾਰ ਸਿਪਾਹੀ ਵਜੋਂ ਹਾਈਕਮਾਂਡ ਵੱਲੋਂ ਦਿੱਤੇ ਗਏ ਵੱਖ-ਵੱਖ ਅਹੁੱਦਿਆਂ ’ਤੇ ਸੇਵਾਵਾਂ ਨਿਭਾਅ ਰਹੇ ਹਨ।ਉਹ ਪਾਰਟੀ ਦੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਵੀ ਗੂੜ੍ਹੇ ਰਿਸ਼ਤਿਆਂ ਲਈ ਜਾਣੇ ਜਾਂਦੇ ਹਨ।ਇਸ ਤੋਂ ਇਲਾਵਾ ਉਹ ਕੇਂਦਰੀ ਵਿੱਤ ਅਤੇ ਭਾਜਪਾ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਦੇ ਨਜ਼ਦੀਕੀ ਮੰਨ੍ਹੇ ਜਾਂਦੇ ਹਨ।ਇਕ ਜੱਟ ਸਿੱਖ ਹੋਣ ਦੇ ਨਾਤੇ ਉਨ੍ਹਾਂ ਦੀ ਚੋਣ ਉਮੀਦਵਾਰੀ ’ਚ ਮੋਹਰੀ ਆਗੂਆਂ ’ਚ ਸੀ, ਕਿਉਂਕਿ ਵੋਟਰਾਂ ’ਚ 64 ਫੀਸਦੀ ਵਧੇਰੇ ਸੀਟ ’ਤੇ ਸਿੱਖ ਵੋਟਰ ਹਨ।
ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਇਤਿਹਾਸਕ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਵਜੋਂ ਸੇਵਾ ਨਿਭਾਅ ਰਹੇ ਛੀਨਾ ਨੇ ਜਿੱਥੇ ਆਪਣੀ ਸਿਆਸਤ ’ਚ ਪੈਂਠ ਜਮਾਈ, ਉਥੇ ਉਹ 1934 ’ਚ ਸਥਾਪਿਤ ਹੋਈ ਇੰਡੀਅਨ ਅਕੈਡਮੀ ਆਫ਼ ਫ਼ਾਈਨ ਆਰਟ ਦੇ ਪ੍ਰਧਾਨ ਅਤੇ ਦਿੱਲੀ ਵਿਖੇ ਪੰਜਾਬ ਨੈਸ਼ਨਲ ਬੈਂਕ ਦੇ ਡਾਇਰੈਕਟਰ ਵੀ ਨਿਯੁਕਤ ਹਨ।ਕਿਸਾਨ ਪਰਿਵਾਰ ਨਾਲ ਸਬੰਧਿਤ ਛੀਨਾ ਕਾਰੋਬਾਰ ’ਚ ਵੀ ਆਪਣੀ ਹੋਂਦ ਨੂੰ ਬਰਕਰਾਰ ਰੱਖਦੇ ਹਨ। ਉਨ੍ਹਾਂ ਨੇ ਉਮੀਦਵਾਰ ਦੀ ਘੋਸ਼ਣਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ, ਜੇਤਲੀ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜ਼ੈ ਸਾਂਪਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਜੋ ਉਨ੍ਹਾਂ ’ਚ ਵਿਸ਼ਵਾਸ਼ ਜਤਾਇਆ ਹੈ, ਉਸ ’ਤੇ ਖਰਾ ਉਤਰਣਗੇ ਅਤੇ ਇਹ ਸੀਟ ਜਿੱਤ ਕੇ ਮੋਦੀ ਸਰਕਾਰ ਦੀ ਝੋਲੀ ’ਚ ਪਾਉਣਗੇ।
ਇਸ ਮੌਕੇ ਉਨ੍ਹਾਂ ਆਪਣੇ ਜਾਰੀ ਬਿਆਨ ’ਚ ਵਰਕਰਾਂ ਨੂੰ ਲਾਮਬੰਧ ਕਰਦਿਆਂ ਚੋਣਾਂ ਲਈ ਕਮਰਕੱਸੇ ਕਰਕੇ ਚੋਣ ਦੰਗਲ ’ਚ ਕੁਦ ਜਾਣ ਲਈ ਹੱਲਾਸ਼ੇਰੀ ਦਿੱਤੀ।
ਸੰਨ 1949 ’ਚ ਪਿਤਾ ਸਵ: ਲਾਲ ਸਿੰਘ ਦੇ ਗ੍ਰਹਿ ਵਿਖੇ ਛੀਨਾ ਦਾ ਜਨਮ 6 ਅਗਸਤ ਹੋਇਆ।ਉਨ੍ਹਾਂ ਨੇ ਆਪਣੀ ਮੁੱਢਲੀ ਵਿੱਦਿਆ ਅੰਮ੍ਰਿਤਸਰ ਨਜ਼ਦੀਕ ਜੱਦੀ ਪਿੰਡ ਹਰਸਾ ਛੀਨਾ ਵਿਖੇ ਹਾਸਲ ਕੀਤੀ।ਬਾਅਦ ’ਚ ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜ਼ੂਏਸ਼ਨ ਕਰਨ ਉਪਰੰਤ ਆਪਣੇ ਕਾਰੋਬਾਰ ਨੂੰ ਸੰਭਾਲਦਿਆਂ ਭਾਜਪਾ ਪਾਰਟੀ ਤੋਂ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ।ਜਿਸ ’ਚ ਛੀਨਾ ਵੱਲੋਂ 2007 ਤੋਂ 09 ਤੱਕ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਣ ਉਪਰੰਤ ਹਾਈਕਮਾਂਡ ਉਨ੍ਹਾਂ ਨੂੰ 2011-16 ਤੱਕ ਭਾਜਪਾ ਦੇ ਮੀਤ ਪ੍ਰਧਾਨ ਵਜੋਂ ਅਹੁੱਦੇ ’ਤੇ ਬਿਰਾਜਮਾਨ ਰਹੇ। 2007 ਵਿਧਾਨ ਸਭਾ ਹਲਕਾ ਅੰਮ੍ਰਿਤਸਰ (ਪੱਛਮੀ) ਦੀਆਂ ਚੋਣਾਂ ਦੌਰਾਨ 48,885 ਵੋਟਾਂ ਹਾਸਲ ਕੀਤੀਆਂ।
ਵਰਨਣਯੋਗ ਹੈ ਕਿ ਅੰਮ੍ਰਿਤਸਰ ਲੋਕ ਸਭਾ ਹਲਕਾ ਸੰਨ 1966 ਜਦੋਂ ਤੋਂ ਪੰਜਾਬ ਸੂਬੇ ਦਾ ਮੁੜ ਨਿਰਮਾਣ ਹੋਇਆ ਹੈ, ਤੋਂ ਜਿਆਦਾਤਰ ਕਾਂਗਰਸ ਦੀ ਝੋਲੀ ’ਚ ਰਿਹਾ ਹੈ। ਸੰਨ 66 ’ਚ ਮੌਜ਼ੂਦਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਦਾਦਾ ਜੀ ਸੁਰਜੀਤ ਸਿੰਘ ਮਜੀਠੀਆ ਇੱਥੋਂ ਕਾਂਗਰਸੀ ਟਿਕਟ ’ਤੇ ਐਮ.ਪੀ ਚੁਣੇ ਗਏ ਅਤੇ ਉਹ ਨਹਿਰੂ ਵਜ਼ਾਰਤ ’ਚ ਮੰਤਰੀ ਰਹੇ।ਉਸ ਤੋਂ ਬਾਅਦ ਇਸ ਸੀਟ ਤੋਂ ਕਾਂਗਰਸ ਦੇ ਦੁਰਗਾ ਦਾਸ ਭਾਟੀਆ ਚੋਣ ਜਿੱਤੇ ਅਤੇ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਛੋਟੇ ਭਰਾ ਰਘੂਨੰਦਨ ਲਾਲ ਭਾਟੀਆ ਇੱਥੋਂ ਚੋਣ ਜਿੱਤੇ।ਸੰਨ 1977 ’ਚ ਇੱਥੋਂ ਭਾਰਤੀ ਜਨਤਾ ਪਾਰਟੀ ਦੇ ਆਗੂ ਬਲਦੇਵ ਪ੍ਰਕਾਸ਼ ਨੇ ਚੋਣ ਜਿੱਤੀ।ਸੰਨ 80 ’ਚ ਆਰ. ਐਲ. ਭਾਟੀਆ ਦੁਬਾਰਾ ਇਸ ਸੀਟ ’ਤੇ ਕਾਬਜ਼ ਰਹੇ ਅਤੇ ਇਹ ਸਫ਼ਲਤਾ ਉਨ੍ਹਾਂ ਨੇ 84 ’ਚ ਵੀ ਦੁਹਰਾਈ।ਸੰਨ 89 ’ਚ ਇੱਥੋਂ ਜਨਤਾ ਪਾਰਟੀ ਦੇ ਉਮੀਦਵਾਰ ਕ੍ਰਿਪਾਲ ਸਿੰਘ ਜੇਤੂ ਰਹੇ। ਪਰ ਸੰਨ 91 ’ਚ ਦੁਬਾਰਾ ਆਰ. ਐਲ. ਭਾਟੀਆ ਚੋਣ ਜਿੱਤੇ।ਸੰਨ 1996 ’ਚ ਇੱਥੋਂ ਭਾਜਪਾ ਦੇ ਦਯਾ ਸਿੰਘ ਸੋਢੀ ਨੇ ਭਾਟੀਆ ਨੂੰ ਹਰਾਇਆ, ਪਰ 1999 ’ਚ ਦੁਬਾਰਾ ਭਾਟੀਆ ਚੋਣਾਂ ਜਿੱਤ ਗਏ।ਸੰਨ 2004 ’ਚ ਇੱਥੋਂ ਭਾਜਪਾ ਦੇ ਨਵਜੋਤ ਸਿੰਘ ਸਿੱਧੂ ਚੋਣ ਜਿੱਤੇ ਅਤੇ ਉਨ੍ਹਾਂ ਇਹ ਸਫ਼ਲਤਾ 2007 ਅਤੇ 09 ’ਚ ਦੁਹਰਾਈ।ਪਿਛਲੀਆਂ 2014 ਦੀਆਂ ਚੋਣਾਂ ’ਚ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੇ ਅਰੁਣ ਜੇਤਲੀ ਨੂੰ ਵੱਡੇ ਫ਼ਰਕ ਨਾਲ ਹਰਾਇਆ।
Punjab Post Daily Online Newspaper & Print Media