ਵਿਸ਼ੇਸ਼ ਲੇਖ
ਅਵਤਾਰ ਸਿੰਘ ਕੈਂਥ
ਪੰਜਾਬ ਅਜਿਹਾ ਸੂਬਾ ਹੈ, ਜਿਥੇ ਹਰ ਮੌਸਮ ਵਿਚ ਕੋਈ ਨਾ ਕੋਈ ਤਿਉਹਾਰ ਮਨਾਇਆ ਜਾਂਦਾ ਹੈ।ਅਨੇਕਾਂ ਤਿਉਹਾਰਾਂ ਵਿਚੋਂ ਇਕ ਤਿਉਹਾਰ ਲੋਹੜੀ ਹੈ, ਸ਼ਗਨਾਂ ਅਤੇ ਖੁਸ਼ੀਆਂ ਭਰਪੂਰ ਇਹ ਤਿਉਹਾਰ ਸਰਦੀਆਂ ਦੇ ਅੰਤ ਅਤੇ ਹਾੜੀ ਦੀਆਂ ਫਸਲਾਂ ਦੇ ਪ੍ਰਫ਼ੁਲਤ ਹੋਣ `ਤੇ ਮਨਾਇਆ ਜਾਂਦਾ ਹੈ।ਜਿਸ ਘਰ ਲੜਕੇ ਦਾ ਵਿਆਹ ਹੋਇਆ ਹੋਵੇ, ਮੰੁਡਾ ਜੰਮਿਆ ਹੋਵੇ (ਅੱਜਕਲ ਲੜਕੀ ਜੰਮਣ `ਤੇ ਵੀ) ਪੰਜਾਬ ਵਾਸੀਆਂ ਵਲੋਂ ਮਾਘ ਮਹੀਨੇ ਤੋਂ ਇਕ ਦਿਨ ਪਹਿਲਾਂ ਲੋਹੜੀ ਦਾ ਤਿਉਹਾਰ ਪੂਰੇ ਢੋਲ ਢਮਕਿਆਂ ਤੇ ਪੁਰਾਤਣ ਰਸਮਾਂ ਮੁਤਾਬਿਕ ਸ਼ਗਨਾਂ ਨਾਲ ਮਨਾਇਆ ਜਾਂਦਾ ਹੈ।ਲੋਹੜੀ ਸ਼ਬਦ ਅਸਲ `ਚ ਦੋ ਸਬਦਾਂ ਤਿਲ ਅਤੇ ਰਿਉੜੀਆਂ ਦੇ ਸ਼ਬਦਾਂ ਸੁਮੇਲ ਹੈ।ਲੋਕਾਂ ਵਲੋਂ ਰਲ ਮਿਲ ਕੇ ਲੱਕੜਾਂ ਅਤੇ ਪਾਥੀਆਂ ਨੂੰ ਇੱਕਠਾ ਕਰਕੇ ਅਗਨੀ ਦਾ ਧੂਣਾ ਲਗਾਇਆ ਜਾਂਦਾ ਹੈ, ਫਿਰ ਲੋਕ ਆਪਸ ਵਿਚ ਮਿਲ ਕੇ ਧੂਣੇ ਦੁਆਲੇ ਬੈਠ ਕੇ ਅਰਦਾਸ ਕਰਨ ਉਪਰੰਤ ਅੱਗ ਵਿਚ ਤਿੱਲ ਸੁੱਟ ਕੇ “ਇਸ਼ਰ ਆ ਦਲਿਦਰ ਜਾ, ਦਲਿਦਰ ਦੀ ਜੜ ਚੁੱਲੇ ਪਾ।“ ਬੋਲਿਆ ਜਾਂਦਾ ਹੈ।
ਪਹਿਲਾਂ ਲੋਕਾਂ ਵਿਚ ਇਤਨਾ ਪਿਆਰ ਹੰੁਦਾ ਸੀ ਕਿ ਸਾਰਿਆਂ ਵਲੋਂ ਸਾਂਝੀ ਥਾਂ `ਤੇ ਲੋਹੜੀ ਬਾਲੀ ਜਾਂਦੀ ਸੀ ਲੇਕਿਨ ਸਮੇਂ ਦੀ ਕੜੱਤਣ ਸਮਝੋਂ ਜਾਂ ਕਿ ਆਪਸ ਵਿਚ ਭਾਈਚਾਰਕ ਦੀ ਸਾਂਝ, ਅਮੀਰ ਗਰੀਬ, ਜਾਤ ਪਾਤ ਵਿਚ ਫ਼ਰਕ ਦੇ ਕਾਰਨ ਲੋਹੜੀ ਦੀ ਵੰਡ ਪੈ ਗਈ, ਜਿਸ ਕਰ ਕੇ ਆਪਣੇ ਆਪਣੇ ਘਰ ਜਾਂ ਬੂਹੇ ਅੱਗੇ ਅੱਗ ਦੇ ਢੇਰ ਲਗਾ ਕੇ ਲੋਹੜੀ ਮਨਾਈ ਜਾਂਦੀ ਹੈ।ਮਾਘ ਦੇ ਮਹੀਨੇ ਕਾਰਨ ਇਸ ਮੌਕੇ ਸਰੋਂ ਦਾ ਸਾਗ ਲੋਹੜੀ ਉਪਰੋਂ ਵਾਰ ਕੇ ਖਾਣ ਨੂੰ ਸ਼ੁੱਭ ਸ਼ਗਨ ਸਮਝਿਆ ਜਾਂਦਾ ਹੈ।ਲੋਹੜੀ ਦੀ ਅੱਗ ਦੁਆਲੇ ਇਕੱਤਰ ਹੋਏ ਸਾਰੇ ਲੋਕ ਇਕ ਦੂਜੇ ਨੂੰ ਮੁੰਗਫਲੀਆਂ, ਗੱਚਕ, ਰਿਉੜੀਆਂ ਆਦਿ ਵੰਡ ਕੇ ਖਾਂਦੇ ਹਨ।ਪਹਿਲਾਂ ਇੱਕਠੇ ਹੋਏ ਲੋਕ ਰਿਸ਼ਤੇਦਾਰ, ਭੈਣ ਭਰਾ ਦੋੋੋਸਤ ਰਲ ਮਿਲ ਕੇ ਪਿਆਰ ਭਰੇ ਗੀਤ ਅਤੇ ਬੋਲੀਆਂ ਗਾ ਕੇ ਲੋਹੜੀ ਦਾ ਭਰਪੂਰ ਅਨੰਦ ਮਾਣਦੇ ਸਨ, ਲੇਕਿਨ ਹੁਣ ਲੋਕ ਡੀ.ਜੇ ਆਦਿ ਲਗਾ ਕੇ ਕੰਨ ਪਾੜ ਆਵਾਜ਼ਾਂ ਨਾਲ ਪ੍ਰਦੂਸ਼ਣ ਪੈਦਾ ਕਰਦੇ ਹਨ।
ਲੋਹੜੀ ਦੇ ਤਿਉਹਾਰ ਦੀਆਂ ਅਨੇਕਾਂ ਹੀ ਪ੍ਰਚਲਤ ਕਹਾਣੀਆਂ ਵਿਚੋਂ ਇਕ ਦੁੱਲਾ ਭੱਟੀ ਨਾਲ ਵੀ ਜੋੜੀ ਜਾਂਦੀ ਹੈ।ਮੁਗਲ ਕਾਲ ਦੇ ਸਮੇਂ ਦੁੱਲਾ ਭੱਟੀ (ਜਿਸ ਨੂੰ ਡਾਕੂ ਵੀ ਆਖਿਆ ਜਾਂਦਾ ਹੈ) ਅਮੀਰਾਂ ਦਾ ਦੁਸ਼ਮਣ ਅਤੇ ਗਰੀਬਾਂ ਲਈ ਮਸੀਹਾ ਸੀ।ਸੰੁਦਰੀ ਮੁੰਦਰੀ ਦੋ ਭੈਣਾਂ ਜੋ ਕਿ ਇਕ ਗਰੀਬ ਪੰਡਤ ਦੀਆਂ ਧੀਆਂ ਸਨ `ਤੇ ਮੁਗਲ ਸ਼ਾਸਕ ਅਧਿਕਾਰੀ ਦੀ ਨਜ਼ਰ ਪੈ ਗਈ।ਉਸ ਨੇ ਪੰਡਤ ਨੂੰ ਕਿਹਾ ਕਿ ਉਹ ਲੜਕੀਆਂ ਦਾ ਵਿਆਹ ਉਸ ਨਾਲ ਕਰ ਦੇਵੇ।ਪੰਡਤ ਦੇ ਕਹਿਣ `ਤੇ ਕਿ ਉਹ ਤਾਂ ਪਹਿਲਾਂ ਹੀ ਮੰਗੀਆਂ ਹੋਈਆਂ ਹਨ, ਪ੍ਰੰਤੂ ਮੁਗਲ ਸ਼ਾਸਕ ਨੇ ਉਸ ਦੇ ਸੁਹਰਿਆਂ ਨੂੰ ਡਰ ਧਮਕਾ ਕੇ ਲੜਕੀਆਂ ਦੀ ਸ਼ਾਦੀ ਤੁੜਵਾ ਦਿੱਤੀ।ਪੰਡਤ ਨੇ ਦੁੱਲਾ ਭੱਟੀ ਨਾਲ ਪਹੰੁਚ ਕੀਤੀ ਤਾਂ ਦੁੱਲਾ ਭੱਟੀ ਨੇ ਲੜਕੀ ਦੇ ਸੁਹਰਿਆਂ ਨਾਲ ਮਿਲ ਕੇ ਜੰਗਲ ਵਿਚ ਹੀ ਅੱਗ ਬਾਲ ਕੇ ਲੜਕੀਆਂ ਦੇ ਵਿਆਹ ਦੀਆਂ ਰਸਮਾਂ ਪੂਰੀਆਂ ਕਰਵਾ ਦਿਤੀਆਂ, ਇਸ ਮੌਕੇ ਦੂਲੇ ਕੋਲ ਸਿਰਫ਼ ਸ਼ੱਕਰ ਹੀ ਸੀ, ਉਸ ਨੇ ਸ਼ੱਕਰ ਹੀ ਸਗਨ ਵਜੋਂ ਦੇ ਕੇ ਸੰੁਦਰੀ ਮੁੰਦਰੀ ਨੂੰ ਵਿਦਾ ਕੀਤਾ।
ਅਜਿਹੀ ਕਿੱਸਾ ਕਹਾਣੀ ਕਾਰਨ ਹੀ ਦੁੱਲਾ ਭੱਟੀ ਨੂੰ ਯਾਦ ਕਰਦਿਆਂ – ਲੋਹੜੀ ਦਾ ਤਿਉਹਾਰ ਆਉਣ ਤੋਂ ਪਹਿਲਾਂ ਹੀ ਮੁਹੱਲਿਆਂ ਵਿਚ ਬੱਚਿਆਂ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ-
“ਦੇ ਮਾਈ ਲੋਹੜੀ, ਤੇਰੀ ਜੀਵੇ ਜੋੜੀ,
ਦੇ ਮਾਈ ਗੁੜ ਮਿੱਠਾ, ਦੇ ਰੁਪਈਆ ਚਿੱਟਾ।“
“ਸੁੰਦਰੀ ਮੁੰਦਰੀ ਹੋ ਤੇਰਾ ਕੋਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ,
ਦੁੱਲੇ ਨੇ ਧੀ ਵਿਆਹੀ ਹੋ, ਸ਼ੇਰ ਸ਼ੱਕਰ ਪਾਈ ਹੋ,
ਕੁੜੀ ਦਾ ਲਾਲ ਦੁਪੱਟਾ, ਕੁੜੀ ਦਾ ਸਾਲੂ ਪਾਟਾ,
ਸਾਲੂ ਕੋਣ ਸਮੇਟੇ, ਚਾਚਾ ਗਾਲਾਂ ਦੱਸੇ।
ਚਾਚੇ ਚੂਰੀ ਕੁੱਟੀ, ਜਿੰਮੀਦਾਰਾਂ ਲੁੱਟੀ,
ਜਿੰਮੀਦਾਰ ਸਧਾਏ, ਗਿਣ ਗਿਣ ਪੌਲੇ ਲਾਏ,
ਇਕ ਪੌਲਾ ਰਹਿ ਗਿਆ, ਸਿਪਾਹੀ ਫੜ੍ਹ ਕੇ ਲੈ ਗਿਆ।
“ਅੱਜ ਕਲ੍ਹ ਸ਼ਹਿਰ ਵਿਚ ਸਮਾਜ ਸੇਵੀਆਂ ਸੰਸਥਾਵਾਂ ਵਲੋਂ ਵੀ ਲੋਹੜੀ ਦੇ ਤਿਉਹਾਰ ਮਨਾਉਣ ਦੀ ਰੀਤ ਚੱਲ ਨਿਕਲ ਪਈ ਹੈ, ਜਿਸ ਨੂੰ ਲੜਕੀਆਂ ਦੀ ਲੋਹੜੀ ਦਾ ਨਾਮ ਦਿੱਤਾ ਜਾਂਦਾ ਹੈ।ਇਹ ਸਮੇਂ ਦੀ ਲੋੜ ਵੀ ਹੈ, ਕਿਉਂਕਿ ਲੜਕੀਆਂ ਕਿਸੇ ਵੀ ਖੇਤਰ ਵਿਚ ਲੜਕਿਆਂ ਤੋਂ ਘੱਟ ਨਹੀ ਹਨ।ਆਪਣੀ ਮਿਹਨਤ ਨਾਲ ਅਹਿਮ ਅਹੁੱਦੇ ਤੇ ਪੁਜੀਸ਼ਨਾਂ ਹਾਸਲ ਕਰ ਕੇ ਲੜਕੀਆਂ ਨੇ ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕੀਤਾ ਹੈ।ਸੋ ਆਓ ਅੱਜ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਥਨ:-
“ਸੋ ਕਿਉਂ ਮੰਦਾ ਆਖਿਐ।ਜਿਤੁ ਜੰਮੈ ਰਾਜਾਨ“
ਅਨੁਸਾਰ ਤਹੱਈਆ ਕਰ ਕੇ ਆਪਣੀਆਂ ਧੀਆਂ ਨੂੰ ਰਾਜ ਕੁਮਾਰੀਆਂ ਤੇ ਪੁੱਤਰਾਂ ਵਾਂਗੂ ਪਾਲ ਕੇ ਸਤਿਕਾਰ ਦੇਈਏ, ਉਨ੍ਹਾਂ ਦੀ ਲੋਹੜੀ ਮਨਾਈਏ ਅਤੇ ਖੁਸ਼ੀਆਂ `ਤੇ ਚਾਵਾਂ ਦੇ ਤੋਹਫੇ ਦੇਈਏ, ਤਾਂ ਕਿ ਉਹ ਪੜ੍ਹ ਲਿਖ ਕੇ ਹਮੇਸ਼ਾ ਹੀ ਅੱਗੇ ਵੱਧਣ ।

ਅਵਤਾਰ ਸਿੰਘ ਕੈਂਥ
ਬਠਿੰਡਾ
ਮੋਬਾ: 93562-00120
Punjab Post Daily Online Newspaper & Print Media