ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ ਸੱਗੂ)- ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਜ਼ਿਮਨੀ ਚੋਣ ਦੇ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਦੇ ਚੋਣ ਦਫਤਰ ਦੇ ਉਦਘਾਟਨ ਮੌਕੇ ਅਕਾਲੀ ਭਾਜਪਾ ਦੀ ਇਕਜੁਟਤਾ ਦਾ ਸ਼ਾਨਦਾਰ ਮੁਜ਼ਾਹਰ ਵੇਖਣ ਨੂੰ ਮਿਲਿਆ।ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਤਿੱਖੇ ਵਾਰ ਵੀ ਕੀਤੇ।ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਮਾਝੇ ਦੀ ਧਰਤੀ ਨੂੰ ਨਜ਼ਰਅੰਦਾਜ ਅਤੇ ਅੰਮ੍ਰਿਤਸਰ ਦੇ ਵੋਟਰਾਂ ਨਾਲ ਧੋਖਾ ਕਰਨ ਦੇ ਦੋਸ਼ ਲਗਾਏ।

ਮਜੀਠੀਆ ਨੇ ਭਾਜਪਾ ਦੇ ਸਾਬਕਾ ਐਮ.ਪੀ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ’ਚ ਸ਼ਾਮਿਲ ਹੋਣ ’ਤੇ ਕਿਹਾ ਕਿ ਕੈਪਟਨ ਦੇ ਹੱਥੋਂ ਕਾਂਗਰਸ ਦੀ ਵਾਂਗਡੋਰ ਖਿਸਕਦੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਇਥ ਮੌਕਾਪ੍ਰਸਤ ਵਿਅਕਤੀ ਹੈ, ਜੋ ਕਾਂਗਰਸ ਨੂੰ ਵੀ ਦਰ ਕਿਨਾਰ ਕਰਨ ਅਤੇ ਇਸ ਨੂੰ ਖ਼ਤਮ ਕਰਨ ’ਚ ਦੇਰੀ ਨਹੀਂ ਲਗਾਏਗਾ। ਕੈਪਟਨ ਵੱਲੋਂ ਲੰਬੀ ਹਲਕੇ ’ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ਼ ਚੋਣ ਲੜਣ ਦੇ ਮੁੱਦੇ ’ਤੇ ਪ੍ਰਤੀਕ੍ਰਮ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਕੈਪਟਨ ਦੀਆਂ ਲੱਤਾਂ ’ਚ ਇੰਨ੍ਹੀ ਜਾਨ ਨਹੀਂ ਹੈ ਕਿ ਉਹ ਬਾਦਲਾਂ ਖਿਲਾਫ਼ ਚੋਣ ਲੜ ਸਕੇ।
ਅਕਾਲੀਆਂ ਦੇ ਅਹੁਦੇਦਾਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆ ਮਜੀਠੀਆ ਨੇ ਛੀਨਾ ਨੂੰ ਇਕ ਸੱਚੀ ਸੁੱਚੀ ਦਿੱਖ ਵਾਲੇ ਪੜ੍ਹੇ ਲਿਖੇ ਇਨਸਾਨ ਦੱਸਦਿਆਂ ਉਨ੍ਹਾਂ ਨੂੰ ਜਿਤਾਉਣ ਦੀ ਹਮਾਇਤ ਕੀਤੀ। ਇਸ ਮੌਕੇ ਭਾਜਪਾ ਦੇ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ, ਸੀਨੀਅਰ ਅਕਾਲੀ ਨੇਤਾ ਵੀਰ ਸਿੰਘ ਲੋਪੋਕੇ, ਅਮਰਪਾਲ ਸਿੰਘ ਬੋਨੀ ਅਜਨਾਲਾ, ਭਾਜਪਾ ਆਗੂ ਸ੍ਰੀ ਤਰੁਣ ਚੁੱਘ, ਸ੍ਰੀ ਰਾਕੇਸ਼ ਗਿੱਲ, ਸ੍ਰੀ ਰਾਜੇਸ਼ ਹਨੀ ਤੇ ਹੋਰ ਬਹੁਤ ਸਾਰੇ ਸੀਨੀਅਰ ਨੇਤਾ ਮੌਜ਼ੂਦ ਸਨ।
ਛੀਨਾ ਨੇ ਜਿੱਥੇ ਸਮੁੱਚੀ ਲੀਡਰਸ਼ਿਪ ਅਤੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ, ਉਥੇ ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਇਕਜੁਟ ਹੋ ਕੇ ਇਹ ਚੋਣ ਲੜ ਰਿਹਾ ਹੈ ਅਤੇ ਇਹ ਸਰਕਾਰ ਫ਼ਿਰ ਵੱਡੀ ਪੱਧਰ ਜਿੱਤ ਹਾਸਲ ਕਰਕੇ ਮੁੜ ਇਤਿਹਾਸ ਦੁਹਰਾਏਗੀ।ਇਸ ਤੋਂ ਪਹਿਲਾਂ ਮਜੀਠੀਆ ਨੇ ਛੀਨਾ ਦੇ ਖਿਲਾਫ਼ ਚੋਣ ਮੈਦਾਨ ’ਚ ਗੁਰਜੀਤ ਸਿੰਘ ਔਜਲਾ ਨੂੰ ਕਾਂਗਰਸ ਵੱਲੋਂ ਉਤਾਰੇ ਜਾਣ ’ਤੇ ਕਿਹਾ ਕਿ ਦੋਹਾਂ ਆਗੂਆਂ ’ਚ ਕੋਈ ਮੇਲ ਨਹੀਂ ਹੈ, ਕਿਉਂਕਿ ਛੀਨਾ ਬੇਦਾਗ ਅਤੇ ਸਾਫ਼ ਸੁੱਥਰੇ ਅਕਸ ਵਰਗੇ ਲੀਡਰ ਹਨ।ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਵੱਧ ਤੋਂ ਵੱਧ ਸਕੀਮਾਂ ਹਾਸਲ ਕਰਨ ਲਈ ਉਹ ਦਿਨ ਰਾਤ ਇਕ ਕਰ ਦੇਣਗੇ।
ਇਸ ਮੌਕੇ ਗੁਰਪ੍ਰਤਾਪ ਸਿੰਘ ਟਿੱਕਾ, ਨਵਦੀਪ ਸਿੰਘ ਗੋਲਡੀ, ਜਥੇ: ਬਾਵਾ ਸਿੰਘ ਗੁਮਾਨਪੁਰਾ, ਮੰਗਵਿੰਦਰ ਸਿੰਘ ਖਾਪੜਖੇੜੀ, ਭਾਈ ਰਾਮ ਸਿੰਘ, ਕੇਵਲ ਕੁਮਾਰ, ਡਾ. ਸ਼ੁਸ਼ੀਲ ਦੇਵਗਨ ਅਤੇ ਓ. ਐਸ. ਡੀ. ਅਜੈਪਾਲ ਸਿੰਘ ਢਿੱਲੋਂ ਵੀ ਮੌਜ਼ੂਦ ਸਨ।
Punjab Post Daily Online Newspaper & Print Media