
ਫਾਜ਼ਿਲਕਾ, 17 ਜਨਵਰੀ (ਵਿਨੀਤ ਅਰੋੜਾ)- ਪਿਛਲੀਆਂ ਵਿਧਾਨਸਭਾ ਚੋਣਾਂ ਵਿਚ ਹਲਕਾ ਫਾਜ਼ਿਲਕਾ ਤੋਂ ਪਹਿਲੀ ਵਾਰ ਚੋਣ ਲੜਨ ਵਾਲੇ ਜਸਵਿੰਦਰ ਸਿੰਘ ਰੋਕੀ ਆਪਣੇ ਨੇੜਲੇ ਵਿਰੋਧੀ ਭਾਜਪਾ ਦੇ ਸੁਰਜੀਤ ਕੁਮਾਰ ਜਿਆਣੀ ਤੋਂ ਚੋਣ ਹਾਰ ਕੇ ਦੂਸਰੇ ਸਥਾਨ `ਤੇ ਰਹੇ ਸਨ ਤੋਂ ਬਾਅਦ ਇਸ ਵਾਰ ਫਾਜ਼ਿਲਕਾ ਵਿਚ ਆਜ਼ਾਦ ਉਮੀਦਵਾਰ ਦੇ ਰੂਪ ਵਿਚ ਚੋਣ ਲੜ ਰਹੀ ਜਸਵਿੰਦਰ ਸਿੰਘ ਰੋਕੀ ਦੀ ਭੈਣ ਰਾਜਦੀਪ ਕੌਰ ਦੇ ਪੱਖ ਵਿਚ ਵਿਸ਼ਾਲ ਰੈਲੀ ਕੀਤੀ ਗਈ।ਹਾਜ਼ਰੀਨ ਨੂੰ ਸੰਬੋਧਤ ਕਰਦਿਆਂ ਜਸਵਿੰਦਰ ਸਿੰਘ ਰੋਕੀ ਦੀ ਮਾਤਾ ਹਰਮਿੰਦਰ ਕੌਰ ਨੇ ਕਿਹਾ ਕਿ ਉਸ ਦੇ ਪੁੱਤਰ ਨੂੰ ਮਰਵਾਉਣ ’ਚ ਵਕਤ ਦੇ ਸੱਤਾਧਾਰੀ ਹੁਕਮਰਾਨਾ ਅਤੇ ਪ੍ਰਸ਼ਾਸਨ ਦਾ ਪੂਰਾ ਹੱਥ ਸੀ ਅਤੇ ਉਸ ਦੀ ਹੱਤਿਆ ਨੂੰ ਗੈਂਗਵਾਰ ਦੀ ਲੜਾਈ ਦਾ ਰੂਪ ਦੇ ਕੇ ਪੇਸ਼ ਕੀਤਾ ਗਿਆ। ਜਦਕਿ ਅਸਲੀ ਕਾਰਨ ਤਾਂ ਰਾਜਨੀਤੀ ਵਿਰੋਧਤਾ ਅਤੇ ਆਪਣੀ ਕੁਰਸੀ ਖਿਸਕਣ ਦਾ ਡੱਰ ਸੀ। ਉਨ੍ਹਾਂ ਕਿਹਾ ਕਿ ਉਸਦੇ ਪੁੱਤਰ ਦੀ ਮੌਤ ਅਜਾਈ ਨਹੀਂ ਜਾਵੇਗੀ ਅਤੇ ਉਸ ਦੇ ਖੂਨ ਦੇ ਇੱਕ ਇੱਕ ਕਤਰੇ ਦਾ ਹਿਸਾਬ ਲਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀ 4 ਫਰਵਰੀ ਦੀ ਤਰੀਕ ਨੂੰ ਰਾਜਦੀਪ ਕੌਰ ਦੇ ਹੱਕ ’ਚ ਵੋਟਾਂ ਪਾ ਕੇ ਅਜਿਹੀਆਂ ਤਾਕਤਾਂ ਨੂੰ ਮੂੰਹ ਤੋੜ ਜਵਾਬ ਦੇਣ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਨੇ ਜਸਵਿੰਦਰ ਸਿੰਘ ਰੋਕੀ ਦਾ ਸਾਥ ਦਿੱਤਾ ਸੀ ਉਸੇ ਤਰ੍ਹਾਂ ਉਹ ਰਾਜਦੀਪ ਕੌਰ ਦੀ ਸਹਾਇਤਾ ਕਰਨ। ਸੰਬੋਧਤ ਕਰਦਿਆਂ ਰਾਜਦੀਪ ਕੌਰ ਨੇ ਕਿਹਾ ਕਿ ਜਿਸ ਤਰ੍ਹਾਂ ਉਸ ਦਾ ਭਰਾ ਜਸਵਿੰਦਰ ਸਿੰਘ ਰੋਕੀ ਲੋਕਾਂ ਦੇ ਦੁੱਖ ਸੁੱਖ ’ਚ ਸ਼ਾਮਲ ਹੁੰਦਾ ਸੀ ਮੈਂ ਵੀ ਉਸੇ ਦੀਆਂ ਪੈੜਾਂ ਤੇ ਚਲਦੇ ਹੋਏ ਉਸ ਵੱਲੋਂ ਪਾਏ ਪੂਰਨਿਆਂ ’ਤੇ ਚੱਲੇਗੀ। ਉਨ੍ਹਾਂ ਕਿਹਾ ਕਿ ਰੋਕੀ ਵੱਲੋਂ ਗਰੀਬਾਂ ਦੀ ਭਲਾਈ ਲਈ ਸ਼ੁਰੂ ਕੀਤੇ ਗਏ ਮਿਸ਼ਨ ਨੂੰ ਚਾਲੂ ਰੱਖਿਆ ਜਾਵੇਗਾ।
Punjab Post Daily Online Newspaper & Print Media