ਅੰਮ੍ਰਿਤਸਰ, 19 ਜਨਵਰੀ (ਜਗਦੀਪ ਸਿੰਘ ਸੱਗੂ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਵਿਚ ਆਮ ਆਦਮੀ ਪਾਰਟੀ ਦਾ ਲੱਕ ਤੋੜ ਦਿੱਤਾ ਹੈ।ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿਚੋ ਪਿਛਲੇ ਲੰਮੇ ਸਮੇਂ ਤੋਂ ਜ਼ਮੀਨੀ ਪੱਧਰ ਤੇ ਆਮ ਆਦਮੀ ਪਾਰਟੀ ਲਈ ਕੰਮ ਕਰਨ ਵਾਲੇ ਪੰਜ ਦਰਜਨ ਤੋ ਵੱਧ ਸਿਰਕੱਢ ਆਗੂ ਅੱਜ ਕਾਂਗਰਸ ਵਿਚ ਸ਼ਾਮਲ ਹੋ ਗਏ।

ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਕੁਮਾਰੀ ਆਸ਼ਾ ਕੁਮਾਰੀ, ਸਾਬਕਾ ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ ਅਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਉਨ੍ਹਾਂ ਦਾ ਪਾਰਟੀ ਵਿਚ ਆਉਣ `ਤੇ ਨਿੱਘਾ ਸੁਆਗਤ ਕੀਤਾ। ਇਸ ਸਮੇ ਅੰਮ੍ਰਿਤਸਰ ਕੇਂਦਰੀ ਤੋ ਓਮ ਪ੍ਰਕਾਸ਼ ਸੋਨੀ, ਰਾਜਾਸਾਂਸੀ ਤੋ ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਅੰਮ੍ਰਿਤਸਰ ਪੱਛਮੀ ਤੋ ਡਾਕਟਰ ਰਾਜ ਕੁਮਾਰ, ਮਜੀਠਾ ਹਲਕੇ ਤੋ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਅਜਨਾਲਾ ਤੋ ਹਰਪ੍ਰਤਾਪ ਸਿੰਘ ਅਜਨਾਲਾ , ਅਟਾਰੀ ਤੋ ਤਰਸੇਮ ਸਿੰਘ ਡੀ.ਸੀ, ਉਤਰੀ ਹਲਕੇ ਤੋਂ ਸੁਨੀਲ ਦੱਤੀ, ਅੰਮ੍ਰਿਤਸਰ ਦੱਖਣੀ ਤੋ ਇੰਦਰਬੀਰ ਸਿੰਘ ਬੁਲਾਰੀਆ ਆਦਿ ਹਾਜਰ ਸਨ। ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਆਉਣ ਵਾਲਿਆਂ ਵਿੱਚ ਪ੍ਰਮੁੱਖ ਆਗੂ ਸੁਬਾਈ ਜੁਆਇੰਟ ਸਕਤੱਰ ਨਵਦੀਪ ਸਿੰਘ ਵਿਛੋਆ, ਮਾਝਾ ਜ਼ੋਨ ਦੇ ਮੀਡੀਆ ਇੰਚਾਰਜ ਗੁਰਭੇਜ ਸਿੰਘ ਸੰਧੂ, ਵਿਧਾਨ ਸਭਾ ਹਲਕਾ ਉੱਤਰੀ ਦੇ ਇੰਚਾਰਜ ਅਜੀਤਪਾਲ ਸ਼ਰਮਾ, ਜਯੋਤੀ ਠਾਕੁਰ, ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਸੈਕਟਰ ਇੰਚਾਰਜ ਸਾਬਕਾ ਕੌਸਲਰ ਭਾਵਨਾ, ਸਰਪੰਚ ਨਿਜਾਮਪੁਰਾ ਹਰਿੰਦਰ ਸਿੰਘ ਆਦਿ ਸ਼ਾਮਲ ਹੋਏ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਜੁਆਇੰਟ ਸਕਤੱਰ ਪੰਜਾਬ ਨਵਦੀਪ ਸਿੰਘ ਵਿਛੋਆ ਨੇ ਕਿਹਾ ਕਿ ਜਿਸ ਸੋਚ ਦੇ ਅਧਾਰ ਤੇ ਉਹ ਆਪ ਵਿਚ ਆਏ ਸਨ ਪਾਰਟੀ ਨੇ ਉਸ ਵਿਚਾਰਧਾਰਾ ਨੂੰ ਤਿਆਗ ਦਿੱਤਾ ਹੈ।ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਅਜਨਾਲਾ ਦੇ ਸਾਰੇ ਸਰਕਲ, ਬੂਥ ਅਤੇ ਬਲਾਕ ਪ੍ਰਧਾਨ ਜਲਦ ਹੀ ਕਾਂਗਰਸ ਵਿਚ ਸ਼ਾਮਲ ਹੋਣਗੇ। ਵਿਧਾਨ ਸਭਾ ਹਲਕਾ ਮਜੀਠਾ, ਰਾਜਾਸਾਂਸੀ ਅਤੇ ਅਟਾਰੀ ਤੋਂ ਵੀ ਸੀਨੀਅਰ ਆਗੂ ਅਤੇ ਵਲੰਟੀਅਰ ਉਨਾਂ ਦੇ ਸੰਪਰਕ ਵਿਚ ਹਨ ਤੇ ਜਲਦ ਹੀ ਇਨ੍ਹਾਂ ਸਭ ਨੂੰ ਕਾਂਗਰਸ ਵਿਚ ਲਿਆਂਦਾ ਜਾਵੇਗਾ। 9 ਦੀਆਂ 9 ਵਿਧਾਨ ਸਭਾ ਸੀਟਾਂ ਸਮੇਤ ਕਾਂਗਰਸ ਲੋਕ ਸਭਾ ਦੀ ਜਿਮਨੀ ਚੋਣ ਬੜੇ ਹੀ ਸ਼ਾਨ ਨਾਲ ਜਿੱਤ ਰਹੀ ਹੈ।ਵਿਛੋਆ ਨੇ ਕਿਹਾ ਕਿ 4 ਫਰਵਰੀ ਤੋ ਬਾਅਦ ਆਮ ਆਦਮੀ ਦੇ ਲੀਡਰ ਦਿੱਲੀ ਭੱਜ ਜਾਣਗੇ ਅਤੇ ਇਥੇ ਕੋਈ ਨਹੀ ਲੱਭੇਗਾ।ਪੰਜਾਬ ਵਿਚ ਸਿਰਫ ਕੈਪਟਨ ਅਮਰਿੰਦਰ ਸਿੰਘ ਹੀ ਨਜ਼ਰ ਆਉਣਗੇ।ਮਾਝਾ ਜੋਨ ਦੇ ਮੀਡੀਆ ਇੰਚਾਰਜ ਗੁਰਭੇਜ ਸਿੰਘ ਸੰਧੂ ਨੇ ਕਿਹਾ ਕਿ ਉਹ ਨਵਜੋਤ ਸਿੰਘ ਸਿੱਧੂ ਵਲੋ ਲਏ ਫੈਸਲੇ ਤੋ ਪ੍ਰਭਾਵਿਤ ਹੋ ਕੇ ਵੀ ਕਾਂਗਰਸ ਵਿਚ ਸ਼ਾਮਲ ਹੋਏ ਹਨ।
Punjab Post Daily Online Newspaper & Print Media