Tuesday, March 31, 2026

ਅੰਮ੍ਰਿਤਸਰ ਦੇ 11 ਵਿਧਾਨ ਸਭਾ ਹਲਕਿਆਂ ਵਿਚ ਕੁੱੱਲ 121 ਉਮੀਦਵਾਰ

ਲੋਕ ਸਭਾ ਜ਼ਿਮਨੀ ਚੋਣ ਲਈ ਡਟੇ 9 ਉਮੀਦਵਾਰ

election-commission-of-india-logo
ਅੰਮ੍ਰਿਤਸਰ, 21 ਜਨਵਰੀ (ਪੰਜਾਬ ਪੋਸਟ ਬਿਊਰੋ-ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਅੱਜ ਨਾਮਜਦਗੀ ਕਾਗਜ਼ਾਂ ਦੀ ਵਾਪਸੀ ਦਾ ਆਖਰੀ ਦਿਨ ਲੰਘ ਜਾਣ ਪਿਛੋਂ ਜ਼ਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਵਿਚ 121 ਉਮੀਦਵਾਰ ਚੋਣ ਮੈਦਾਨ ਵਿਚ ਡਟ ਗਏ ਹਨ। ਜ਼ਿਲ੍ਹਾ ਚੋਣ ਅਧਿਕਾਰੀ ਡਾ. ਬਸੰਤ ਗਰਗ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਇਸੇ ਤਰਾਂ ਲੋਕ ਸਭਾ ਹਲਕਾ ਅੰਮਿ੍ਰਤਸਰ ਦੀ ਜ਼ਿਮਨੀ ਚੋਣ ਦੇ ਨਾਮਜ਼ਦਗੀ ਵਾਪਸ ਲੈਣ ਦਾ ਵੀ ਆਖਰੀ ਦਿਨ ਸੀ ਅਤੇ ਉਥੇ ਇਕ ਉਮੀਦਵਾਰ ਵੱਲੋਂ ਕਾਗਜ ਵਾਪਸ ਲੈਣ ਕਾਰਨ 9 ਉਮੀਦਵਾਰ ਫਾਈਨਲ ਦੌੜ ਵਿਚ ਰਹਿ ਗਏ ਹਨ। ਸ੍ਰੀ ਗਰਗ ਨੇ ਦੱਸਿਆ ਕਿ ਵਿਧਾਨ ਸਭਾ ਦੀਆਂ ਚੋਣਾਂ ਲਈ ਕੁੱਲ 9 ਉਮੀਦਵਾਰਾਂ ਨੇ ਆਪਣੇ ਨਾਂਅ ਵਾਪਸ ਲਏ ਹਨ। ਉਨਾਂ ਦੱਸਿਆ ਕਿ ਅੱਜ ਤਿੰਨ ਵਜੇ ਤੱਕ ਕਾਗਜ ਵਾਪਸ ਲੈਣ ਦਾ ਸਮਾਂ ਲੰਘ ਜਾਣ ਮਗਰੋਂ ਮੈਦਾਨ ਵਿਚ ਡਟੇ ਬਾਕੀ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ। ਉਨਾਂ ਦੱਸਿਆ ਕਿ ਹਰੇਕ ਹਲਕੇ ਦੇ ਰਿਟਰਨਿੰਗ ਅਧਿਕਾਰੀ ਨੇ ਅੱਜ ਉਮੀਦਾਵਰਾਂ ਅਤੇ ਉਨਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਅਤੇ ਉਨਾਂ ਨੂੰ ਆਦਰਸ਼ ਚੋਣ ਜਾਬਤੇ ਦੀ ਹਦਾਇਤਾਂ ਤੋਂ ਜਾਣੂੰ ਕਰਵਾ ਕੇ ਇੰਨਾਂ ਦੀ ਇੰਨ-ਬਿਨ ਪਾਲਣਾ ਯਕੀਨੀ ਬਨਾਉਣ ਦੀਆਂ ਹਦਾਇਤਾਂ ਕੀਤੀਆਂ।
ਰਾਜਾਸਾਂਸੀ ਹਲਕੇ ਦੇ ਰਿਟਰਨਿੰਗ ਅਧਿਕਾਰੀ ਕਮ ਜ਼ਿਲ੍ਹਾ ਮਾਲ ਅਫਸਰ ਸ੍ਰੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਰਾਜਾਸਾਸੀਂ ਹਲਕੇ ਵਿਚ ਕਿਸੇ ਉਮੀਦਵਾਰ ਨੇ ਕਾਗਜ਼ ਵਾਪਸ ਨਹੀਂ ਲਏ ਅਤੇ 10 ਉਮੀਦਵਾਰ ਚੋਣ ਮੈਦਾਨ ਵਿਚ ਡਟੇ ਹੋਏ ਹਨ। ਉਨਾਂ ਦੱਸਿਆ ਕਿ ਸਾਰੇ ਉਮੀਦਾਵਰਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਪ੍ਰਚਾਰ ਕਰਨ ਦੀ ਨਸੀਹਤ ਦਿੱਤੀ ਗਈ ਹੈ ਅਤੇ ਇਸ ’ਤੇ ਚੋਣ ਮਸ਼ਿਨਰੀ ਵੱਲੋਂ ਵੀ ਸਖਤੀ ਨਾਲ ਪਹਿਰਾ ਦਿੱਤਾ ਜਾਵੇਗਾ।
ਮਜੀਠਾ ਹਲਕੇ ਦੇ ਰਿਟਰਨਿੰਗ ਅਧਿਕਾਰੀ ਕਮ ਐਸ ਡੀ ਐਮ ਮਜੀਠਾ ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਮਜੀਠਾ ਵਿਧਾਨ ਸਭਾ ਹਲਕੇ ਵਿਚੋਂ ਵੀ ਕਿਸੇ ਉਮੀਦਾਵਰ ਨੇ ਅੱਜ ਕਾਗਜ ਵਾਪਸ ਨਹੀਂ ਲਏ ਅਤੇ 10 ਉਮੀਦਵਾਰ ਚੋਣ ਮੈਦਾਨ ਵਿਚ ਡਟੇ ਹਨ। ਹਲਕਾ ਅਜਨਾਲਾ ਦੇ ਰਿਟਰਨਿੰਗ ਅਧਿਕਾਰੀ ਮੈਡਮ ਅਨੂਪ੍ਰੀਤ ਕੌਰ ਨੇ ਦੱਸਿਆ ਕਿ ਉਨਾਂ ਦੇ ਹਲਕੇ ਵਿਚ 1 ਉਮੀਦਵਾਰ ਨੇ ਕਾਗਜ ਵਾਪਸ ਲਏ ਹਨ, ਜਿਸ ਕਾਰਨ 15 ਉਮੀਦਵਾਰ ਮੈਦਾਨ ਵਿਚ ਬਾਕੀ ਰਹਿ ਗਏ ਹਨ। ਬਾਬਾ ਬਕਾਲਾ ਹਲਕੇ ਦੇ ਰਿਟਰਨਿੰਗ ਅਧਿਕਾਰੀ ਕਮ ਐਸ ਡੀ ਐਮ ਤੇਜਦੀਪ ਸਿੰਘ ਸੈਣੀ ਅਨੁਸਾਰ 2 ਉਮੀਦਵਾਰਾਂ ਦੇ ਕਾਗਜ਼ ਵਾਪਸ ਲੈ ਲਏ ਜਾਣ ਕਾਰਨ 7 ਉਮੀਦਵਾਰ ਬਾਬਾ ਬਕਾਲਾ ਵਿਧਾਨ ਸਭਾ ਹਲਕੇ ਵਿਚ ਬਾਕੀ ਹਨ। ਅਟਾਰੀ ਹਲਕੇ ਦੀ ਜਾਣਕਾਰੀ ਦਿੰਦੇ ਐਸ ਡੀ ਐਮ ਕਮ ਰਿਟਰਨਿੰਗ ਅਫਸਰ ਸ੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ 2 ਉਮੀਦਾਵਾਰਾਂ ਵੱਲੋਂ ਕਾਗਜ ਵਾਪਸ ਲੈਣ ਕਾਰਨ 11 ਉਮੀਦਵਾਰ ਵਿਧਾਨ ਸਭਾ ਦੀ ਦੌੜ ਵਿਚ ਬਾਕੀ ਹਨ। ਜੰਡਿਆਲਾ ਹਲਕੇ ਦੇ ਰਿਟਰਨਿੰਗ ਅਧਿਕਾਰੀ ਕਮ ਡੀ ਟੀ ਓ ਸ੍ਰੀ ਕੰਵਲਜੀਤ ਸਿੰਘ ਨੇ ਦੱਸਿਆ ਕਿ ਕਿਸੇ ਉਮੀਦਾਵਰ ਨੇ ਕਾਗਜ ਵਾਪਸ ਨਹੀਂ ਲਏ ਅਤੇ 8 ਉਮੀਦਵਾਰ ਮੈਦਾਨ ਵਿਚ ਡਟੇ ਹੋਏ ਹਨ।
ਅੰਮਿ੍ਰਤਸਰ ਸ਼ਹਿਰ ਦੇ ਦੱਖਣੀ ਹਲਕੇ ਦੇ ਰਿਟਰਨਿੰਗ ਅਧਿਕਾਰੀ ਕਮ ਜੁਇੰਟ ਕਮਿਸ਼ਨਰ ਮੈਡਮ ਅਲਕਾ ਨੇ ਦੱਸਿਆ ਕਿ 3 ਉਮੀਦਵਾਰਾਂ ਵੱਲੋਂ ਕਾਗਜ ਵਾਪਸ ਲੈਣ ਕਾਰਨ 12 ਉਮੀਦਵਾਰ ਅੰਮਿ੍ਰਤਸਰ ਦੱਖਣੀ ਤੋਂ ਮੈਦਾਨ ਵਿਚ ਬਾਕੀ ਹਨ। ਅੰਮਿ੍ਰਤਸਰ ਪੂਰਬੀ ਦੇ ਰਿਟਰਨਿੰਗ ਅਧਿਕਾਰੀ ਕਮ ਡੀ ਡੀ ਪੀ ਓ ਸ੍ਰੀ ਇਕਬਾਲਜੀਤ ਸਿੰਘ ਨੇ ਕਿਸੇ ਉਮੀਦਵਾਰ ਨੇ ਕਾਗਜ ਵਾਪਸ ਨਹੀਂ ਲਏ ਅਤੇ 15 ਉਮੀਦਵਾਰ ਮੈਦਾਨ ਵਿਚ ਹਨ। ਇਸੇ ਤਰਾਂ ਹਲਕਾ ਉਤਰੀ ਦੇ ਰਿਟਰਨਿੰਗ ਅਧਿਕਾਰੀ ਕਮ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਕਿਸੇ ਉਮੀਦਾਵਰ ਵੱਲੋਂ ਕਾਗਜ ਵਾਪਸ ਨਾ ਲੈਣ ਕਾਰਨ 13 ਉਮੀਦਵਾਰ ਚੋਣ ਮੈਦਾਨ ਵਿਚ ਹਨ। ਹਲਕਾ ਪੱਛਮੀ ਦੇ ਚੋਣ ਅਧਿਕਾਰੀ ਕਮ ਐਸ ਡੀ ਐਮ ਮੈਡਮ ਪ੍ਰੀਤੀ ਯਾਦਵ ਨੇ ਦੱਸਿਆ ਕਿ ਇਕ ਉਮੀਦਵਾਰ ਵੱਲੋਂ ਕਾਗਜ ਵਾਪਸ ਲੈਣ ਕਾਰਨ 11 ਉਮੀਦਵਾਰ ਚੋਣ ਮੈਦਾਨ ਵਿਚ ਹਨ। ਹਲਕਾ ਕੇਂਦਰੀ ਦੇ ਚੋਣ ਅਧਿਕਾਰੀ ਕਮ ਡਿਪਟੀ ਡਾਇਰੈਕਟਰ ਲੋਕਲ ਬਾਡੀ ਸ੍ਰੀ ਸੌਰਵ ਅਰੋੜਾ ਅਨੁਸਾਰ ਕਿਸੇ ਉਮੀਦਾਵਰ ਵੱਲੋਂ ਕਾਗਜ ਵਾਪਸ ਨਾ ਲਏ ਜਾਣ ਕਾਰਨ 9 ਉਮੀਦਵਾਰ ਚੋਣ ਮੈਦਾਨ ਵਿਚ ਡਟੇ ਹੋਏ ਹਨ।
ਹਲਕਾ ਮਜੀਠਾ ਦੇ ਚੋਣ ਮੈਦਾਨ ਵਿਚ ਡਟੇ ਉਮੀਦਵਾਰ
ਇੰਡੀਅਨ ਨੈਸ਼ਨਲ ਕਾਂਗਰਸ ਦੇ ਸੁਖਜਿੰਦਰ ਰਾਜ ਸਿੰਘ ਲਾਲੀ, ਬਹੁਜਨ ਸਮਾਜ ਪਾਰਟੀ ਦੇ ਸੁਰਜੀਤ ਸਿੰਘ, ਆਮ ਆਦਮੀ ਪਾਰਟੀ ਦੇ ਹਿੰਮਤ ਸਿੰਘ ਸ਼ੇਰਗਿਲ, ਸ੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ, ਸ੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ ਸਿਮਰਨਜੀਤ ਸਿੰਘ ਮਾਨ) ਦੇ ਕੁਲਵੰਤ ਸਿੰਘ ਤੋਂ ਇਲਾਵਾ ਸੁਖਜਿੰਦਰ ਸਿੰਘ ਤਨੇਲ, ਸੁਖਜਿੰਦਰ ਸਿੰਘ, ਹਿੰਮਤ ਸਿੰਘ, ਗਗਨਦੀਪ ਕੁਮਾਰ ਅਤੇ ਵਰਿਆਮ ਸਿੰਘ ਅਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਹਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply