ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ ਬਿਊਰੋ)- ਆਮ ਆਦਮੀ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਨੇ ਪਾਰਟੀ ਲਈ ਚੋਣ ਪ੍ਰਚਾਰ ਕਰਨ ਲਈ ਕੈਨੇਡਾ ਤੋਂ ਆਏ ਪ੍ਰਵਾਸੀਆਂ ਦਾ ਮਨੋਬਲ ਵਧਾਉਂਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਬਾਹਰੋਂ ਆਏ ਪੰਜਾਬੀਆਂ ਨੂੰ ਧਮਕੀਆਂ ਦੇਣੀਆਂ ਬੰਦ ਕਰਨ ਅਤੇ ਉਨਾਂ ਖਿਲਾਫ ਗਲਤ ਸ਼ਬਦਾਵਲੀ ਦਾ ਇਸਤੇਮਾਲ ਨਾ ਕਰਨ। 
ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਹੀ ਪਾਰਟੀ ਦੇ ਸੀਨੀਅਰ ਆਗੂਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਬਾਗੀਆਂ ਵੱਲੋਂ ਕੈਪਟਨ ਅਮਰਿੰਦਰ ਦੇ ਡੁੱਬਦੇ ਬੇੜੇ ਵਿੱਚ ਵੱਟੇ ਪਾਏ ਜਾ ਰਹੇ ਹਨ, ਜਿਸ ਕਾਰਨ ਕੈਪਟਨ ਅਮਰਿੰਦਰ ਸਿੰਘ ਬੌਂਦਲ ਗਏ ਹਨ ਅਤੇ ਇਸੇ ਬੌਂਦਲਾਹਟ ਦੇ ਕਾਰਨ ਉਨਾਂ ਨੇ ਪ੍ਰਵਾਸੀਆਂ ਨੂੰ ਧਮਕੀ ਦਿੱਤੀ ਹੈ। ਉਨਾਂ ਕਿਹਾ ਕਿ ਪ੍ਰਵਾਸੀਆਂ ਵਿੱਚ ਕੋਈ ਵੀ ਬਾਹਰੀ ਵਿਅਕਤੀ ਨਹੀਂ ਹੈ ਅਤੇ ਸਾਰੇ ਹੀ ਸਾਡੇ ਆਪਣੇ ਭੈਣ-ਭਰਾ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਵੱਲੋਂ ਪੰਜਾਬ ਦੇ ਵਿਕਾਸ ਵਿੱਚ ਇੱਕ ਵੱਡਾ ਯੋਗਦਾਨ ਪਾਇਆ ਜਾਂਦਾ ਹੈ। ਉਨਾਂ ਕਿਹਾ ਕਿ ਐਨਆਰਆਈ ਭਾਈਚਾਰੇ ਨੂੰ ਪਤਾ ਹੈ ਕਿ ਪੰਜਾਬ ਵਿੱਚ ਭ੍ਰਿਸ਼ਟ ਸਿਸਟਮ ਦੇ ਕਾਰਨ ਇੱਥੇ ਉਨਾਂ ਦਾ ਨਿਵੇਸ਼ ਸੁਰੱਖਿਅਤ ਨਹੀਂ ਹੈ। ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਚਲਾਏ ਜਾਂਦੇ ਲੈਂਡ ਮਾਫੀਆ ਨੇ ਐਨਆਰਆਈਜ ਦੀਆਂ ਜਾਇਦਾਦਾਂ ਹੜਪ ਲਈਆਂ ਹਨ।ਉਨਾਂ ਕਿਹਾ ਕਿ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੇ ਮੋਗਾ ਵਿਖੇ ਇੱਕ ਪ੍ਰਵਾਸੀ ਪੰਜਾਬੀ ਦੀ ਜਮੀਨ ਹੜਪ ਲਈ ਅਤੇ ਜਿਹੜੇ ਐਨਆਰਆਈ ਵੀਰ ਆਪਣੀਆਂ ਜਮੀਨਾਂ ਹੜੱਪੇ ਜਾਣ ਦੇ ਕੇਸ ਲੈ ਕੇ ਅਦਾਲਤ ਵਿੱਚ ਜਾਂਦੇ ਹਨ, ਉਨਾਂ ਦਾ ਜਾਂ ਤਾਂ ਕਤਲ ਹੋ ਜਾਂਦਾ ਹੈ, ਜਾਂ ਫਿਰ ਉਨਾਂ ਖਿਲਾਫ ਝੂਠੇ ਕੇਸ ਦਰਜ ਕਰ ਦਿੱਤੇ ਜਾਂਦੇ ਹਨ।ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਦਲ ਪਰਿਵਾਰ ਖਿਲਾਫ ਉਸ ਵੇਲੇ ਕਦੇ ਆਵਾਜ ਨਹੀਂ ਚੁੱਕੀ ਗਈ, ਜਦੋਂ ਬਾਦਲ ਦੇ ਕੈਬਿਨੇਟ ਮੰਤਰੀਆਂ ਵੱਲੋਂ ਪ੍ਰਵਾਸੀਆਂ ਦੀ ਜਮੀਨ ਹੜੱਪੀ ਜਾਂਦੀ ਸੀ।
ਭਗਵੰਤ ਮਾਨ ਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਘਰ-ਘਰ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸਨੂੰ ਕਿ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਉਨਾਂ ਕਿਹਾ ਕਿ ਬਾਦਲ ਸਰਕਾਰ ਖਿਲਾਫ ਆਪਣੇ ਗੁੱਸੇ ਨੂੰ ਲੋਕ ਵੋਟਾਂ ਰਾਹੀਂ ਕੱਢਣਗੇ।ਮਾਨ ਨੇ ਕਿਹਾ ਕਿ ਐਨਆਰਆਈ ਵੀਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਬਾਦਲ ਨੂੰ ਕੁੱਝ ਕਹਿਣ ਦੀ ਬਜਾਏ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਨਆਰਆਈ ਭਾਈਚਾਰੇ ਨੂੰ ਹੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media