Thursday, February 26, 2026

ਅਕਾਲੀ ਦਲ ਦਾ ਚੋਣ ਮਨੋਰਥ ਪੱਤਰ ਝੂਠ ਦਾ ਪੁਲੰਦਾ- ਔਜਲਾ

ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ-ਸੁਖਬੀਰ ਸਿੰਘ)- ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅਕਾਲੀ ਦਲ ਦੇ ਚੋਣ ਮਨੋਰਥ ਪੱਤਰ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕੀਤਾ ਕਿ ਉਹ ਪਹਿਲੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ਬਾਰੇ ਪੰਜਾਬੀਆਂ ਨੂੰ ਸਥਿਤੀ ਸ਼ਪਸ਼ਟ ਕਰਨ ਫਿਰ ਨਵਾਂ ਚੋਣ ਮਨੋਰਥ ਪੱਤਰ  ਜਾਰੀ ਕਰਨ।

Aujla
ਅੱਜ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕਿਸਾਨਾਂ ਨੂੰ ਰਿਆਇਤਾਂ ਦੇ ਨਾਮ ’ਤੇ ਭਰਮਾਉਣ ਵਾਲੇ ਅਕਾਲੀ ਦਲ ਦੇ ਰਾਜ ਵਿਚ ਹੀ ਅਣਗਿਣਤ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ। ਕਿਸਾਨਾਂ ਦੀਆਂ ਫਸਲਾਂ ਮੰਡੀਆਂ ਵਿਚ ਰੁਲਦੀਆਂ ਰਹੀਆਂ, ਪਰ ਸੱਤਾ ਦੇ ਹੰਕਾਰ ਵਿਚ ਕਿਸੇ ਵੀ ਅਕਾਲੀ ਮੰਤਰੀ ਨੇ ਕਿਸਾਨਾਂ ਦੀ ਸਾਰ ਨਹੀਂ ਲਈ। ਉਨ੍ਹਾਂ ਅਕਾਲੀ ਦਲ ਦੇ 20 ਲੱਖ ਨੌਕਰੀਆਂ ਦੇ ਵਾਅਦੇ ’ਤੇ ਕਿਹਾ ਕਿ ਜਿਸ ਸਰਕਾਰ ਦੇ ਕਾਰਜਕਾਲ ਵਿਚ ਅਧਿਆਪਕਾਂ ਸਮੇਤ ਹਰ ਵਰਗ ਦੇ ਨੌਕਰੀ ਮੰਗਣ ਆਏ ਵਿਅਕਤੀਆਂ ਨੂੰ ਡਾਂਗਾਂ ਨਾਲ ਕੁੱਟਿਆ ਗਿਆ ਹੋਵੇ, ਜਿਸ ਸਰਕਾਰ ਵਿਚ ਅਪਾਹਿਜ਼ਾਂ ਨੂੰ ਭੁਖ ਹੜਤਾਲਾਂ, ਧਰਨੇ, ਮਰਨ ਵਰਤ ਰਖ ਕੇ ਨੌਕਰੀਆਂ ਮੰਗਣੀਆਂ ਪੈਂਦੀਆਂ ਹੋਣ, ਨੌਕਰੀਆਂ ਖਾਤਰ ਧੀਆਂ ਭੈਣਾਂ ਤਕ ਨੂੰ ਪਾਣੀ ਦੀਆਂ ਟੈਂਕੀਆਂ ’ਤੇ ਚੜ੍ਹ ਕੇ ਖੁਦ ’ਤੇ ਪੈਟਰੋਲ ਪਾ ਕੇ ਸੜਣਾ ਪੈਂਦਾ ਹੋਵੇ, ਧੀਆਂ ਭੈਣਾ ਦੀਆਂ ਚੁੰਨੀਆਂ ਸੜਕਾਂ ਤੇ ਰੋਲੀਆਂ ਜਾਣੀਆਂ ਹੋਣ ਉਹ ਸਰਕਾਰ 20 ਲੱਖ ਨੌਕਰੀਆਂ ਕਿਥੋਂ ਦੇਵੇਗੀ।
ਵਪਾਰੀ ਵਰਗ ਨਾਲ ਕੀਤੇ ਚੋਣ ਵਾਅਦਿਆਂ ਬਾਰੇ ਬੋਲਦਿਆਂ ਔਜਲਾ ਨੇ ਕਿਹਾ ਕਿ ਜਿਸ ਸਰਕਾਰ ਦੇ ਕਾਰਜਕਾਲ ਵਿਚ ਵਪਾਰੀ ਆਪਣੀਆਂ ਜਾਨਾਂ ਤੇ ਕਾਰੋਬਾਰ ਬਚਾਉਣ ਲਈ ਤਰਲੇ ਕੱਢਦੇ ਰਹੇ ਉਸ ਸਰਕਾਰ ਦਾ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਵਪਾਰੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਦਮਗਜ਼ੇ ਮਾਰ ਰਿਹਾ ਹੈ।
ਗੁਰਜੀਤ ਸਿੰਘ ਔਜਲਾ ਨੇ ਸਸਤੇ ਭਾਅ ਅਨਾਜ ਦੇਣ ਦੇ ਵਾਅਦੇ ਬਾਰੇ ਬੋਲਦਿਆਂ ਕਿਹਾ ਕਿ ਹੁਣ ਨੀਲੇ ਕਾਰਡ ਧਾਰਕਾਂ ਨੂੰ ਆਟਾ ਦਾਲ ਦੇ ਨਾਲ ਖੰਡ ਤੇ ਘਿਓ ਵੀ ਸਸਤੇ ਰੇਟਾਂ ਵਿਚ ਦੇਣ ਦੇ ਵਾਅਦੇ ਤੋਂ ਪਹਿਲਾਂ ਅਕਾਲੀ ਦਲ ਸਪੱਸ਼ਟ ਕਰੇ ਕਿ ਹੁਣ ਤਕ ਕਿੰਨੇ ਲੋਕਾਂ ਨੂੰ ਸਸਤਾ ਆਟਾ ਦਾਲ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਆਟਾ ਦਾਲ ਸਕੀਮ ਦੇ ਨਾਮ ਤੇ ਇਹ ਇਕ ਬਹੁਕਰੋੜੀ ਘਪਲਾ ਹੈ ਨੂੰ ਸਾਡੀ ਸਰਕਾਰ ਆਉਣ ’ਤੇ ਨੀਲੇ ਕਾਰਡ ਧਾਰਕਾਂ ਨੂੰ ਦਿੱਤੇ ਜਾ ਰਹੇ ਰਾਸ਼ਨ ਘੋਟਾਲੇ ਨੂੰ ਜਨਤਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦਾ ਲਾਭ ਜ਼ਰੂਰਤਮੰਦਾਂ ਤੱਕ ਪੁੱਜਾ ਹੀ ਨਹੀਂ ਬਲਕਿ 70 ਫੀਸਦੀ ਰਾਸ਼ਨ ਅਕਾਲੀ ਆਗੂ ਹੀ ਛਕ ਗਏ।ਉਨ੍ਹਾਂ ਕਿਹਾ ਕਿ ਰਾਜ ਦੇ ਬਜ਼ੁਰਗ ਬੁਢਾਪਾ ਪੈਨਸ਼ਨ ਦੀ ਉਡੀਕ ਕਰਦੇ ਹਨ ਤੇ ਧੀਆਂ ਸ਼ਗਨ ਸਕੀਮ ਦਾ ਇੰਤਜਾਰ ਕਰਦੀਆਂ ਰਹਿੰਦੀਆਂ ਹਨ।ਪੰਜਾਬ ਵਾਸੀਆਂ ਨਾਲ ਨਵੇਂ ਵਾਅਦੇ ਕਰਨ ਤੋਂ ਪਹਿਲਾਂ ਅਕਾਲੀ ਦਲ ਪੁਰਾਣੇ ਵਾਅਦਿਆਂ ਬਾਰੇ ਸਥਿਤੀ ਸ਼ਪੱਸ਼ਟ ਕਰੇ, ਕਿਉਂਕਿ ਲੋਕ ਇਨ੍ਹਾਂ ਵਾਅਦਿਆਂ ਨੂੰ ਮੁੰਗੇਰੀ ਲਾਲ ਦੇ ਹਸੀਨ ਸੁਪਨੇ ਦੱਸਦੇ ਹਨ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply