ਨਵੀਂ ਦਿੱਲੀ, 25 ਜਨਵਰੀ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਆਟੋਪਿੰਨ ਦੇ ਅਕਾਲ ਚਲਾਣੇ ਨੂੰ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਪਰਿਵਾਰਕ ਘਾਟਾ ਦੱਸਿਆ ਹੈ। ਜੀ.ਕੇ ਦੇ ਪਿਤਾ ਜਥੇਦਾਰ ਸੰਤੋਖ ਸਿੰਘ ਦੇ ਸਾਥੀ ਰਹੇ ਆਟੋਪਿੰਨ ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਸਨ ਉਥੇ ਹੀ ਦਿੱਲੀ ਦੀਆਂ ਸਿੱਖ ਸੰਗਤਾਂ ਲਈ ਕੀਤੇ ਗਏ ਬੇਮਿਸਾਲ ਕੰਮਾਂ ਕਰਕੇ ਹਮੇਸ਼ਾ ਹੀ ਉਨ੍ਹਾਂ ਨੂੰ ਪੰਥ ਪ੍ਰਸਤ, ਇਮਾਨਦਾਰ ਅਤੇ ਅਗਾਹਵਧੂ ਸੋਚ ਵਾਲੇ ਆਗੂ ਵੱਜੋਂ ਜਾਣਿਆ ਜਾਂਦਾ ਹੈ।
ਜੀ.ਕੇ. ਨੇ ਕਿਹਾ ਕਿ ਆਟੋਪਿੰਨ ਨੇ ਜਥੇਦਾਰ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਅੱਜ ਤਕ ਉਨ੍ਹਾਂ ਦਾ ਪਿਤਾ ਜੀ ਵਾਂਗ ਹੀ ਹਮੇਸ਼ਾ ਖਿਆਲ ਰੱਖਿਆ ਹੈ। ਪਰਿਵਾਰਿਕ ਸਮਾਗਮਾਂ ਦੌਰਾਨ ਹਮੇਸ਼ਾ ਵੱਡੇ ਬਜ਼ੁਰਗ ਵਾਂਗ ਜਿਥੇ ਮੈਨੂੰ ਪਿਤਾ ਦੀ ਕਮੀ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਉਥੇ ਹੀ ਸਿਆਸਤ ’ਚ ਪੰਥਪ੍ਰਸਤੀ ਦੇ ਸਿਧਾਂਤ ਨੂੰ ਹਮੇਸ਼ਾ ਅੱਗੇ ਰੱਖਣ ਦੀ ਸਿੱਖਿਆ ਦਿੱਤੀ ਹੈ। ਇਸ ਕਰਕੇ ਉਨ੍ਹਾਂ ਦਾ ਅਕਾਲ ਚਲਾਣਾ ਦਿੱਲੀ ਦੀਆਂ ਸੰਗਤਾਂ ਦਾ ਵੱਡਾ ਨੁਕਸਾਨ ਹੋਣ ਦੇ ਨਾਲ ਹੀ ਮੇਰੇ ਪਰਿਵਾਰ ਦਾ ਨਾ ਪੂਰਾ ਹੋਣ ਵਾਲਾ ਘਾਟਾ ਹੈ।ਇੱਥੇ ਜ਼ਿਕਰਯੋਗ ਹੈ ਕਿ ਆਟੋਪਿੰਨ ਦਿੱਲੀ ਕਮੇਟੀ ਦੇ ਪ੍ਰਧਾਨ, ਜਥੇਦਾਰ ਸੰਤੋਖ ਸਿੰਘ ਫਾਉਂਡੇਸ਼ਨ ਦੇ ਫਾਉਂਡਰ ਅਤੇ ਅਕਾਲੀ ਦਲ ਦਿੱਲੀ ਇਕਾਈ ਦੇ ਸਰਪ੍ਰਸਤ ਵਰਗੇ ਵੱਡੇ ਵਕਾਰੀ ਅਹੁੱਦੀਆਂ ਦਾ ਮਾਣ ਆਪਣੀ ਸੇਵਾ ਜਰੀਏ ਨਿਭਾਉਣ ਵਿਚ ਕਾਮਯਾਬ ਰਹੇ ਸਨ।
Punjab Post Daily Online Newspaper & Print Media