Thursday, February 26, 2026

ਏਅਰ ਇੰਡੀਆ ਤੇ ਜੈਟ ਏਅਰਵੇਜ਼ ਵੱਲੋਂ ਅੰਮ੍ਰਿਤਸਰ ਨਾਲ ਵਿਤਕਰਾ ਜਾਰੀ – ਅੰਮ੍ਰਿਤਸਰ ਵਿਕਾਸ ਮੰਚ

ਅੰਮ੍ਰਿਤਸਰ, 30 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ)- ਏਅਰ ਇੰਡੀਆ ਅਤੇ ਜੈਟ ਏਅਰਵੇਜ਼ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਿੱਧੀਆਂ ਵਿਦੇਸ਼ਾਂ ਨੂੰ ਉਡਾਣਾਂ ਚਲਾਉਣ ਲਈ ਵਿਤਕਰਾ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਇਸ ਸੰਬੰਧੀ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਪਿਛਲੇ ਸਾਲਾਂ ਦੇ ਮੁਕਾਬਲੇ ’ਤੇ 2016 ਵਿੱਚ ਇਸ ਹਵਾਈ ਅੱਡੇ ਤੋਂ ਵਿਦੇਸ਼ਾਂ ਨੂੰ ਜਾਣ ਵਾਲੇ ਮੁਸਾਫ਼ਰਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ, ਜਿਸ ਦਾ ਸਿਹਰਾ ਦੂਸਰੇ ਮੁਲਕਾਂ ਤੇ ਭਾਰਤ ਦੀਆਂ ਦੂਸਰੀਆਂ ਏਅਰਲਾਇਨਾਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਇਸ ਹਵਾਈ ਅੱਡੇ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਹਨ ਕਿਉਂਕਿ ਯਾਤਰੂ ਸਿੱਧੀ ਉਡਾਣ ਨੂੰ ਪਸੰਦ ਕਰਦੇ ਹਨ ।ਏਅਰ ਇੰਡੀਆ ਅਤੇ ਜੈਟ ਏਅਰਵੇਜ਼ ਨੇ ਅਜੇ ਤੀਕ ਸਿੱਧੀਆਂ ਉਡਾਣਾਂ ਸ਼ੁਰੂ ਨਹੀਂ ਕੀਤੀਆਂ। ਜੇ ਇਹ ਵੀ ਸ਼ੁਰੂ ਕਰ ਦੇਣ ਤਾਂ ਗਿਣਤੀ ਵਿੱਚ ਭਾਰੀ ਵਾਧਾ ਹੋ ਸਕਦਾ ਹੈ ਤੇ ਅੰਮ੍ਰਿਤਸਰ ਹਵਾਈ ਅੱਡਾ ਜੋ 60 ਕ੍ਰੋੜ ਸਾਲਾਨਾ ਘਾਟੇ ਵਿੱਚ ਜਾ ਰਿਹਾ ਹੈ ਕਮਾਊ ਪੁੱਤ ਬਣ ਸਕਦਾ ਹੈ।Amritsar Airport
ਇਸ ਸਮੇਂ ਮਲਿੰਡੋ, ਸਕੂਟ, ਸਪਾਇਸ ਜੈਟ, ਕਤਰ ਏਅਰਵੇਜ਼, ਉਜ਼ਬੇਕਿਸਤਾਨ ਅਤੇ ਤੁਰਕਮਿਨਸਤਾਨ ਏਅਰ ਲਾਇਨਜ਼ ਦੀਆਂ ਸਿੱਧੀਆਂ ਉਡਾਣਾਂ ਹਨ। ਯੂਰਪ, ਬਰਮਿੰਘਮ, ਲੰਡਨ, ਫਰੈਂਕਫਰਟ, ਮਿਲਾਨ ਲਈ ਕੋਈ ਸਿੱਧੀ ਉਡਾਣ ਨਹੀਂ ਜਿੱਥੇ ਪੰਜਾਬੀ ਵੱਡੀ ਗਿਣਤੀ ਵਿੱਚ ਰਹਿੰਦੇ ਹਨ।ਨਵੰਬਰ 2016 ਵਿੱਚ ਏਅਰ ਇੰਡੀਆ ਦੇ ਸੀ ਐਮ ਡੀ ਸ੍ਰੀ ਅਸ਼ਵਨੀ ਲੋਹਾਨੀ ਅਤੇ ਹੋਰ ਅਧਿਕਾਰੀਆਂ ਨੇ ਅੰਮ੍ਰਿਤਸਰ-ਬਰਮਿੰਘਮ-ਟੋਰਾਂਟੋ ਉਡਾਣ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਜਦੋਂ ਇਸ ਉਡਾਣ ਦੀ ਸ਼ੁਰੂ ਕਰਨ ਦੀ ਮਿਤੀ ਬਾਰੇ ਪੁੱਛਿਆ ਗਿਆ ਤਾਂ ਏਅਰ ਇੰਡੀਆ ਦੇ ਜਨਰਲ ਮੈਨੇਜਰ ਮਾਰਕੀਟਿੰਗ ਸ੍ਰੀ ਰਜਨੀਸ਼ ਬੱਗਾ ਨੇ ਕਿਹਾ ਕਿ ਏਅਰ ਇੰਡੀਆ ਨਵੇਂ ਜਹਾਜ਼ ਖ੍ਰੀਦ ਰਹੀ ਹੈ। ਇਨ੍ਹਾਂ ਦੇ ਆਉਣ ਸਮੇਂ ਹੀ ਏਅਰ ਇੰਡੀਆ ਨਵੀਆਂ ਉਡਾਣਾਂ ਬਾਰੇ ਐਲਾਨ ਕਰ ਸਕਦੀ ਹੈ। ਇਸ ਤੋਂ ਸਪੱਸ਼ਟ ਹੈ ਕਿ ਏਅਰ ਇੰਡੀਆ ਦੀਆਂ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਕੋਈ ਯੋਜਨਾ ਨਹੀਂ। ਸਿਆਸਤਦਾਨ ਵੀ ਸਿਆਸੀ ਰੋਟੀਆਂ ਸੇਕ ਰਹੇ ਹਨ। ਪਿਛਲੇ ਸਾਲ ਉਪ-ਮੁੱਖ-ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਰਾਜ ਸਭਾ ਮੈਂਬਰ ਸ੍ਰੀ ਸ਼ਵੇਤ ਮਲਿਕ ਨੇ ਅੰਮ੍ਰਿਤਸਰ ਤੋਂ ਮੁੜ ਸਿੱਧੀਆਂ ਉਡਾਣਾਂ ਬਾਰੇ ਬਿਆਨ ਜਾਰੀ ਕੀਤੇ। ਏਅਰ ਇੰਡੀਆ ਵੱਲੋਂ ਅਜੇ ਤੀਕ ਸਿੱਧੀਆਂ ਉਡਾਣਾਂ ਬਾਰੇ ਕੋਈ ਵੀ ਐਲਾਨ ਜਾਰੀ ਨਹੀਂ ਕੀਤਾ ਗਿਆ।
ਏਅਰ ਇੰਡੀਆ ਵੱਲੋਂ ਦਿੱਲੀ-ਵਾਸ਼ਿੰਗਟਨ ਉਡਾਣ ਜੁਲਾਈ ਵਿੱਚ, ਚੰਡੀਗੜ੍ਹ-ਬੈਂਕਾਕ ਮਈ 2017ਵਿਚ, ਦਿੱਲੀ-ਕੋਪਨਹੈਗਨ (ਡੈਨਮਾਰਕ) ਮਈ 2017 ਵਿੱਚ ਅੰਤਰ-ਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਤੋਂ ਸਪੱਸ਼ਟ ਹੈ ਕਿ ਜਹਾਜ਼ ਨਾ ਹੋਣ ਦਾ ਇੱਕ ਬਹਾਨਾ ਹੀ ਹੈ।ਅਸਲ ਵਿਚ ਇਸ ਦੇ ਜੁੰਮੇਵਾਰ ਸਾਡੇ ਸਿਆਸਤਦਾਨ ਹਨ। ਮੋਦੀ ਸਾਹਿਬ ਨੇ ਗੁਰੂ ਦੀ ਨਗਰੀ ਤੋਂ ਪਹਿਲਾਂ ਤੋਂ ਚਲਦੀ ਬਰਾਸਤਾ ਲੰਡਨ ਏਅਰ ਇੰਡੀਆ ਦੀ ਉਡਾਣ ਇੱਥੋਂ ਖੋਹ ਕੇ ਆਪਣੇ ਗੁਜਰਾਤੀ ਭਾਈਆਂ ਨੂੰ ਖ਼ੁਸ਼ ਕਰਨ ਲਈ ਅਹਿਮਦਾਬਾਦ ਤੋਂ ਸਿੱਧੀ ਲੰਡਨ ਪਿਛਲੇ ਸਾਲ 15 ਅਗਸਤ ਤੋਂ ਸ਼ੁਰੂ ਕਰ ਲਈ ਪਰ ਜਦ ਵਿਕਾਸ ਮੰਚ ਵਲੋਂ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਦੀ ਗਲ ਕਰਦਾ ਹੈ ਤਾਂ ਕਿਹਾ ਜਾਂਦਾ ਹੈ,ਦਿੱਲੀ ਹੱਬ ਹੈ ,ਇਸ ਲਈ ਇਹ ਉਡਾਣਾਂ ਬਰਾਸਤਾ ਦਿੱਲੀ ਹੀ ਜਾਣਗੀਆਂ ਪਰ ਜਦੋਂ ਅਹਿਮਦਾਬਾਦ ਤੇ ਹੁਣ ਚੰਡੀਗੜ ਤੋਂ ਸਿਧੀਆਂ ਉਡਾਣਾਂ ਬਾਰੇ ਪੁਛਿਆ ਜਾਂਦਾ ਹੈ ਤਾਂ ਇਸ ਦਾ ਕੋਈ ਜੁਆਬ ਨਹੀਂ ਦਿੱਤਾ ਜਾਂਦਾ।ਦਿੱਲੀ ਹਵਾਈ ਅਡਾ ਪ੍ਰਾਈਵੇਟ ਹੋਣ ਕਰਕੇ ਭਾਰਤ ਸਰਕਾਰ ਨੂੰ ਉਸ ਦਾ ਫ਼ਿਕਰ ਹੈ, ਅੰਮ੍ਰਿਤਸਰ ਹਵਾਈ ਅੱਡਾ ਜੋ ਕਿ ਸਰਕਾਰੀ ਹੈ ਉਸ ਦੀ ਕੋਈ ਚਿੰਤਾ ਨਹੀਂ।
ਅੰਮ੍ਰਿਤਸਰ ਵਿਕਾਸ ਮੰਚ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਭਾਰਤ ਸਰਕਾਰ ਤੇ ਜੈਟ ਏਅਰਵੇਜ਼ ਵੱਲੋਂ ਦਿੱਲੀ ਦੇ ਪ੍ਰਾਈਵੇਟ ਏਅਰ ਪੋਰਟ ਨੂੰ ਲਾਭ ਪਹੁੰਚਾਉਣ ਦੀ ਨੀਤੀ ਵਿਰੁੱਧ ਆਵਾਜ਼ ਬੁਲੰਦ ਕਰਨ ਤੇ ਅੰਮ੍ਰਿਤਸਰ ਨੂੰ ਲਾਭਦਾਇਕ ਹਵਾਈ ਅੱਡਾ ਬਨਾਉਣ ਤੇ ਏਅਰ ਇੰਡੀਆ ਦੀ ਕਮਾਈ ਵਿਚ ਵਾਧਾ ਕਰਨ ਲਈ ਇੱਥੋਂ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਲਈ ਅੱਗੇ ਆਉਣ। ਇੱਥੇ ਦੱਸਣਯੋਗ ਹੈ ਕਿ ਦਿੱਲੀ ਤੋਂ ਜਿਹੜੇ ਯਾਤਰੂ ਵਿਦੇਸ਼ਾਂ ਵਿੱਚ ਜਾਂਦੇ ਹਨ ਉਨ੍ਹਾਂ ਵਿੱਚ ਕੋਈ 40% ਦੇ ਕ੍ਰੀਬ ਪੰਜਾਬੀ ਹੁੰਦੇ ਹਨ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply