ਭਗਵੰਤ ਮਾਨ ਹਲਕੇ ਦੇ ਲੋਕਾਂ ਨੂੰ ਚੁਟਕਲੇ ਸੁਣਾ ਕੇ ਕਰ ਰਿਹਾ ਗੁੰਮਰਾਹ
ਧੂਰੀ, 31 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਵਿਧਾਨ ਸਭਾ ਹਲਕਾ ਧੂਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਹਲਕੇ ਦੇ ਦਰਜਨਾਂ ਪਿੰਡਾਂ ਦਾ ਦੌਰਾ ਕਰਨ ਤੋਂ ਬਾਅਦ ਸ਼ਹਿਰ ਦੇ ਕ੍ਰਾਂਤੀ ਚੌਂਕ, ਧੂਰੀ ਪਿੰਡ, ਜਨਤਾ ਨਗਰ, ਧਰਮਪੁਰਾ ਮੁਹੱਲਾ, ਟੈਲੀਫੂਨ ਐਕਸਚੇਜ ਰੋਡ ਆਦਿ ਵਿਖੇ ਚੋਣ ਜਲਸਿਆਂ ਦੌਰਾਨ ਜੁੜੇ ਵੱਡੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਆਪ ਸੰਸਦ ਮੈਂਬਰ ਭਗਵੰਤ ਮਾਨ ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਲੋਕਾਂ ਨੂੰ ਚੁਟਕਲੇ ਸੁਣਾ ਕੇ ਹਸਾਉਣ ਵਾਲੇ ਭਗਵੰਤ ਮਾਨ ਨੇ ਹਲਕੇ ਲਈ ਕੱਖ ਵੀ ਨਹੀਂ ਕੀਤਾ, ਸਗੋਂ ਉਸ ਨੇ ਜੋ ਕੁੱਝ ਵੀ ਕੀਤਾ ਹੈ, ਉਸ ਨਾਲ ਸੰਗਰੂਰ ਹਲਕੇ ਦਾ ਨਾਮ ਵਿਸ਼ਵ ਪੱਧਰ ’ਤੇ ਸ਼ਰਮ ਨਾਲ ਝੁੱਕਿਆ ਹੈ।
ਉਨ੍ਹਾਂ ਕਿਹਾ ਕਿ ਇੱਕ ਮੈਂਬਰ ਪਾਰਲੀਮੈਂਟ ਨੂੰ ਸਰਕਾਰ ਵੱਲੋਂ ਹਰ ਸਾਲ ਗਰਾਂਟ ਦਿੱਤੀ ਜਾਂਦੀ ਹੈ, ਪਰ ਉਸਨੇ ਧੂਰੀ ਹਲਕੇ ਦੇ ਵਿਕਾਸ ਲਈ ਕੁੱਝ ਨਹੀਂ ਕੀਤਾ, ਸਗੋਂ ਚੋਣ ਜਿੱਤਣ ਤੋਂ ਬਾਅਦ ਹਲਕੇ ’ਚ ਵੜਿਆ ਤੱਕ ਵੀ ਨਹੀਂ ਅਤੇ ਨਾ ਹੀ ਲੋਕਾਂ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੋਇਆ। ਉਨ੍ਹਾਂ ਕਿਹਾ ਕਿ ਜਦ ਸਦਰ ਬਜਾਰ ਵਿਖੇ ਦੋ ਦੁਕਾਨਾਂ ਨੂੰ ਅੱਗ ਲੱਗੀ, ਜਦ ਧੂਰੀ ਹਲਕੇ ’ਚ ਟੋਲ ਪਲਾਜਾ ਲੱਗਿਆ, ਉਦੋਂ ਭਗਵੰਤ ਮਾਨ ਕਿੱਥੇ ਸੀ ? ਸਗੋਂ ਹੁਣ ਚੋਣਾਂ ਨੇੜੇ ਆਉਣ ਕਾਰਨ ਹਲਕੇ ਦੇ ਲੋਕਾਂ ਨੂੰ ਚੁਟਕਲੇ ਸੁਣਾ ਕੇ ਗੁੰਮਰਾਹ ਕਰ ਰਿਹਾ ਹੈ।
ਉਨਾਂ੍ਹ ਵਿਅੰਗ ਕਸਦਿਆਂ ਕਿਹਾ ਕਿ ਬੀਤੇ ਦਿਨੀਂ ਅਖਬਾਰਾਂ ’ਚ ਨਸ਼ਰ ਹੋਈਆਂ ਖਬਰਾਂ ਮੁਤਾਬਿਕ ਮੋਗਾ ਰੈਲੀ ’ਚ ਜੋ ਹਾਲ ਭਗਵੰਤ ਮਾਨ ਦਾ ਹੋਇਆ ਹੈ, ਇਹ ਕਿਸੇ ਚੁਣੇ ਹੋਏ ਲੋਕ ਨੁਮਾਇੰਦੇ ਨੂੰ ਤਾਂ ਕੀ, ਕਿਸੇ ਸਧਾਰਨ ਨਾਗਰਿਕ ਨੂੰ ਵੀ ਨਹੀਂ ਸ਼ੋਭਾ ਦਿੰਦੇ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੀਆਂ ਲੋਕ ਮਾਰੂ ਨੀਤੀਆਂ ਅਤੇ ਮੋਗਾ ਵਿਖੇ ਕੀਤੇ ਗਏ ਠਹਿਰਾਅ ਤੋਂ ਇਹ ਸਪੱਸਟ ਹੋ ਚੁੱਕਾ ਹੈ ਕਿ ਕੇਜਰੀਵਾਲ ਅੱਤਵਾਦੀ ਜੱਥੇਬੰਦੀਆਂ ਨਾਲ ਰਲਕੇ ਪੰਜਾਬ ਨੂੰ ਮੁੜ ਅੱਤਵਾਦ ਦੇ ਕਾਲੇ ਬੱਦਲਾਂ ਵੱਲ ਧੱਕਣਾ ਚਾਹੁੰਦਾ ਹੈ। ਉਨ੍ਹਾਂ ਅਮਰਗੜ੍ਹ ਅਤੇ ਨਾਭਾ ਤੋਂ ਆਏ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਬਾਰੇ ਕਿਹਾ ਕਿ ਜਿੰਨ੍ਹਾਂ ਉਮੀਦਵਾਰਾਂ ਦੀ ਇਸ ਹਲਕੇ ’ਚ ਹੀ ਵੋਟ ਨਹੀਂ ਹੈ, ਉਹ ਕਿਸ ਅਧਾਰ ਤੇ ਹਲਕੇ ਦੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਨ ? ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 25 ਸਾਲ ਬਾਅਦ ਹਲਕੇ ਨੂੰ ਮਿਲੇ ਲੋਕਲ ਉਮੀਦਵਾਰ ਦੇ ਚੋਣ ਨਿਸ਼ਾਨ ਹੱਥ ਪੰਜਾ ਦਾ ਬਟਨ ਦੱਬ ਕੇ ਹਲਕੇ ’ਚ ਲੋਕਲ ਵਿਧਾਇਕ ਨੂੰ ਚੁਣ ਕੇ ਵਿਧਾਨ ਸਭਾ ’ਚ ਭੇਜਣ।
Punjab Post Daily Online Newspaper & Print Media