ਮਜੀਠਾ, 2 ਫਰਵਰੀ (ਪੰਜਾਬ ਪੋਸਟ ਬਿਊਰੋ)- ਚੋਣ ਪ੍ਰਚਾਰ ਦੇ ਆਖਰੀ ਦਿਨ ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਕਸਬਾ ਮਜੀਠਾ ਵਿਖੇ ਠਾਠਾ ਮਾਰਦੇ ਜਨ ਸੈਲਾਬ ਨਾਲ ਕੀਤੇ ਗਏ ਰੋਡ ਸ਼ੋਅ ਨੇ ਵਿਰੋਧੀਆਂ ਦੇ ਹੋਸ਼ ਉਡਾ ਦਿੱਤੇ।ਰੋਡ ਸ਼ੋਅ ਦੀ ਕਾਮਯਾਬੀ ਉਪਰੰਤ ਮਜੀਠੀਆ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਵੇਂ ਲੋਕਾਂ ਨੇ ਅਕਾਲੀ ਦਲ ਨੂੰ ਤਕੜਾ ਹੁੰਗਾਰਾ ਦਿੱਤਾ ਹੈ, ਲੋੜ ਪੈਣ ’ਤੇ ਉਹ ਮਜੀਠਾ ਦੇ ਲੋਕਾਂ ਅਤੇ ਪੰਜਾਬ ਦੀ ਚੜ੍ਹਦੀਕਲਾ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਸਭ ਤੋਂ ਮੂਹਰੇ ਖਲੋਤਾ ਹੋਵਾਂਗਾ। ਨਿਰਪੱਖ ਦਰਸ਼ਕਾਂ ਅਨੁਸਾਰ ਲੋਕਾਂ ਦੇ ਜੋਸ਼ ਨਾਲ ਮਜੀਠਾ ਦੀਆਂ ਗਲੀਆਂ ਤੇ ਸੜਕਾਂ ਛੋਟੀਆਂ ਪਾ ਦੇਣ ਵਾਲਾ ਅਜਿਹਾ ਨਜ਼ਾਰਾ ਮਜੀਠਾ ਦੇ ਰਾਜਸੀ ਇਤਿਹਾਸ ’ਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ।ਵਿਰੋਧੀਆਂ ਦੇ ਤਮਾਮ ਰੋਡ ਸ਼ੋਅ ਅੱਜ ਦੇ ਮੁਕਾਬਲਤਨ ਕਿਤੇ ਵੀ ਨਹੀਂ ਸੀ ਖੜਦੇ।ਜਿਊਂ ਜਿਉਂ ਰੋਡ ਸ਼ੋਅ ਅੱਗੇ ਵਧਦਾ ਗਿਆ ਤਕੜੀ ਵਾਲੀਆਂ ਝੰਡੀਆਂ ਫੜੇ ਲੋਕਾਂ ਦਾ ਕਾਫਲਾ ਵੱਡਾ ਹੁੰਦਾ ਚਲਾ ਗਿਆ ਅਤੇ ਤਿਲ ਸੁੱਟਣ ਲਈ ਵੀ ਥਾਂ ਨਹੀਂ ਸੀ ਰਹੀ। ਜਿੱਥੇ ਸਾਰਾ ਨਗਰ ਅਕਾਲੀ ਰੰਗ ਵਿੱਚ ਰੰਗਿਆ ਗਿਆ ਉੱਥੇ ਆਤਿਸ਼ਬਾਜ਼ੀ ਦੇ ਸ਼ਾਨਦਾਰ ਨਜ਼ਾਰੇ ਨਾਲ ਨੌਜਵਾਨਾਂ ਨੇ ਢੋਲ ਢਮੱਕੇ ਨਾਲ ਜ਼ਬਰਦਸਤ ਭੰਗੜੇ ਪਾਏ, ਦੁਕਾਨਦਾਰਾਂ ਨੇ ਦੁਕਾਨਾਂ ’ਚੋ ਬਾਹਰ ਨਿਕਲ ਕੇ ਰੋਡ ਸ਼ੋਅ ’ਚ ਸ਼ਾਮਿਲ ਲੋਕਾਂ ਦੀ ਪਾਣੀ ਅਤੇ ਫਲਾਂ ਨਾਲ ਸੇਵਾ ਕੀਤੀ , ਨਾਲ ਹੀ ਥਾਂ ਥਾਂ ਫੁੱਲਾਂ ਦੀ ਵਰਖਾ ਕਰਨ ਵਾਲਿਆਂ ਦੇ ਚਿਹਰਿਆਂ ’ਤੇ ਆਪਣੇ ਮਹਿਬੂਬ ਨੇਤਾ ਦੀ ਜਿੱਤ ਦੀ ਖੁਸ਼ੀ ਪ੍ਰਤੱਖ ਨਜ਼ਰ ਆ ਰਹੀ ਸੀ। ਮਜੀਠਾ ਨਗਰ ਦੀਆਂ ਔਰਤਾਂ ਅਤੇ ਬਚਿਆਂ ਨੇ ਘਰਾਂ ਉੱਤੇ ਚੜ ਕੇ ਇਸ ਨਜ਼ਾਰੇ ਦਾ ਅਨੰਦ ਮਾਣਦਿਆਂ ਮਜੀਠੀਆ ਦਾ ਹੌਸਲਾ ਵਧਾਇਆ।
ਇਸ ਮੌਕੇ ਜੋਸ਼ੀਲੇ ਇਕੱਠ ਨੇ ਜੋਸ਼ ’ਚ ਆ ਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਜਨ ਸੈਲਾਬ ਨੂੰ ਸੰਬੋਧਨ ਦੌਰਾਨ ਮਜੀਠੀਆ ਨੇ ਨੌਜਵਾਨਾਂ ਅਤੇ ਬਜ਼ੁਰਗਾਂ ਦੇ ਅੰਦਰ ਨਵੀਂ ਰੂਹ ਫੂਕਦਿਆਂ ਕਿਹਾ ਕਿ ਉਹਨਾਂ ਨੂੰ ਜੋਸ਼ ਉਸ ਵਕਤ ਆਉਂਦਾ ਜਦ ਉਹਨਾਂ ਦਾ ਅਜ਼ੀਜ਼ ਨੌਜਵਾਨ ਮੁੱਛਾਂ ਨੂੰ ਤਾਅ ਦਿੰਦਾ ਹੈ, ਉਹਨਾਂ ਨੂੰ ਤਦ ਜੋਸ਼ ਆਉਂਦਾ ਹੈ ਜਦ ਉਹਨਾਂ ਦੇ 80 ਸਾਲਾਂ ਦਾ ਬਜ਼ੁਰਗ ਮੁੱਛਾਂ ਨੂੰ ਮਰੋੜਾ ਦਿੰਦਾ ਹੈ। ਮੁੱਛਾਂ ਨੂੰ ਇੱਕ ਵਾਰ ਮਰੋੜਾ ਦੇ ਕੇ ਵਿਖਾਉਣ ਦੀ ਲੋਕਾਂ ਦੀ ਮੰਗ ’ਤੇ ਮਜੀਠੀਆ ਨੇ ਕਿਹਾ ਕਿ ਜਦ ਅਨਜਾਣੇ ਵਿੱਚ ਵੀ ਮੇਰਾ ਹੱਥ ਮੁੱਛਾਂ ’ਤੇ ਚਲਾ ਜਾਵੇ ਤਾਂ ਕੇਜਰੀਵਾਲ ਦੇ ਦਿਲ ਦੀ ਧੜਕਣ ਤੇਜ ਹੋ ਜਾਂਦੀ ਹੈ। ਨਵਜੋਤ ਸਿੰਘ ਸਿੱਧੂ ਬਾਰੇ ਤਾਂ ਉਹਨਾਂ ਕਿਹਾ ਕਿ ਉਸ ਨੇ ਤਾਂ ਮੁੱਛਾਂ ਹੀ ਪਤਾ ਨਹੀਂ ਕਿੱਥੇ ਮੁਨਾ ਕੇ ਸੁੱਟੀਆਂ ਹਨ। ਉਹਨਾਂ ਲੋਕ ਸਭਾ ਲਈ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਇਹ ਮਜੀਠਾ ਦੇ ਉਹ ਬਹਾਦਰ ਲੋਕ ਹਨ ਜਿਨ੍ਹਾਂ ਸਿੱਧੂ ਵਰਗੇ ਦੀ ਉੱਡ ਚਲੀ ਦਸਤਾਰ ਨੂੰ ਸੰਭਾਲਦਿਆਂ ਉਸ ਦੀ ਡੁੱਬਦੀ ਬੇੜੀ ਨੂੰ ਕਈ ਵਾਰ ਪਾਰ ਲਗਾਇਆ। ਜੋ ਕਹਿੰਦਾ ਹੁੰਦਾ ਸੀ ਕਿ ਮਜੀਠਾ ਦੇ ਵਾਸੀ ਉਸ ਦੇ ਚੰਮ ਦੀਆਂ ਜੁੱਤੀਆਂ ਬਣਾ ਲੈਣ ਪਰ ਅੱਜ ਉਸ ਅਹਿਸਾਨ ਫ਼ਰਾਮੋਸ਼ ਸਿੱਧੂ ਦਾ ਨਾ ਚੰਮ ਨਜ਼ਰ ਆ ਰਿਹਾ ਹੈ ਨਾ ਜੁੱਤੀ। ਉਹਨਾਂ ਵਿਰੋਧੀਆਂ ਦੇ ਇਲਜ਼ਾਮਾਂ ਦਾ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਵਿਰੋਧੀ ਜਦ ਉਸ ਨੂੰ ਵੋਟਾਂ ’ਚ ਨਹੀਂ ਹਰਾ ਸਕਦੇ ਤਾਂ ਬੌਖਲਾਹਟ ’ਚ ਇਲਜ਼ਾਮਾਂ ਦੀ ਝੜੀ ਲਾ ਦਿੰਦੇ ਹਨ।ਉਹਨਾਂ ਤਕੜੀ ਨੂੰ ਅਤੇ ਲੋਕ ਸਭਾ ਲਈ ਕਮਲ ਦੇ ਫੁੱਲ ਨੂੰ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਲਾਲੀਆਂ, ਘੁੱਗੀਆਂ ਘੁੱਗੂ ਸਭ ਉਡਾ ਦੇਣ ਲਈ ਕਿਹਾ , ਉਹਨਾਂ ਇਹ ਵੀ ਕਿਹਾ ਕਿ ਉਹ ਲੋਕਾਂ ਦੀਆਂ ਆਸਾਂ ਉਮੀਦਾਂ ’ਤੇ ਖਰਾ ਉਤਰਨ ਦੀ ਪਿਰਤ ਨੂੰ ਹਰ ਹਾਲ ’ਚ ਕਾਇਮ ਰੱਖੇਗਾ।ਇਸ ਮੌਕੇ ਮਜੀਠਾ ਦੇ ਤਮਾਮ ਅਕਾਲੀ ਭਾਜਪਾ ਆਗੂ ਅਤੇ ਸਰਗਰਮ ਵਰਕਰ ਮੌਜੂਦ ਸਨ।
Punjab Post Daily Online Newspaper & Print Media