ਅੰਮ੍ਰਿਤਸਰ, 2 ਫਰਵਰੀ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ (ਹਿਮਾਚਲ ਪ੍ਰਦੇਸ਼) ਦੇ ਪ੍ਰਧਾਨ ਪ੍ਰੋ:ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਹੈ ਕਿ ਪੰਥ ਦੀ ਸਿਰਮੌਰ ਧਾਰਮਿਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਧਰਮ ਦੇ ਪ੍ਰਚਾਰ ’ਤੇ ਪ੍ਰਸਾਰ ਦੀ ਮੁਹਿੰਮ ਨੂੰ ਹੋਰ ਪ੍ਰਚੰਡ ਕਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ।ਇਸੇ ਉਦੇਸ਼ ਦੀ ਪੂਰਤੀ ਦੇ ਲਈ ਜਲਦੀ ਹੀ ਧਰਮ ਪ੍ਰਚਾਰ ਕਮੇਟੀ ਵੱਲੋਂ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਅੰਦਰ ਵੱਡੇ ਪੱਧਰ ‘ਤੇ ਧਰਮ ਪ੍ਰਚਾਰ ਦੀ ਲਹਿਰ ਆਰੰਭ ਕੀਤੀ ਜਾਵੇਗੀ। 
ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੇ ਮੀਤ ਪ੍ਰਧਾਨ ਹਰਭਜਨ ਸਿੰਘ ਦੀ ਅਗਵਾਈ ਹੇਠ ਪੁੱਜੇ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਅਹੁਦੇਦਾਰਾਂ ਨਾਲ ਮੀਟਿੰਗ ਕਰਨ ਉਪਰੰਤ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਾਹਿਬ-ਏ-ਕਮਾਲ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਵੇਗਾ।ਇਸ ਸਬੰਧ ਵਿਚ 11 ਫਰਵਰੀ ਨੂੰ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ।ਜਿਸ ਵਿਚ ਪੰਥ ਦੇ ਪ੍ਰਸਿੱਧ ਵਿਦਵਾਨ, ਕਥਾਵਾਚਕ ਤੇ ਗੁਰੂ ਘਰ ਦੇ ਕੀਰਤਨੀਏ ਆਪਣੀਆਂ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਨਿਹਾਲ ਕਰਨਗੇ। ਇਸ ਦੌਰਾਨ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਹਰਭਜਨ ਸਿੰਘ, ਸੰਤ ਬਾਬਾ ਨਾਗਰ ਸਿੰਘ ਹਰੀਆਂ ਵੇਲਾਂ ਮੈਂਬਰ, ਗੁਰਮੀਤ ਸਿੰਘ ਕੈਸ਼ੀਅਰ, ਡਾ. ਪਰਮਜੀਤ ਸਿੰਘ ਸਰੋਆ ਐਡੀ: ਸਕੱਤਰ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਰੋਪਾਓ ਤੇ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media