ਅੰਮ੍ਰਿਤਸਰ, 2 ਫਰਵਰੀ (ਪੰਜਾਬ ਪੋਸਟ ਬਿਊਰੋ)- ਸਿੱਖ ਕੌਮ ਦੀ ਪਾਵਨ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼ਹੀਦਾਂ ਦੀ ਜਥੇਬੰਦੀ ਅਕਾਲੀ ਦਲ ਦੀ ਪਵਿੱਤਰਤਾ ਨੂੰ ਭੰਗ ਕਰਨ ਦੀਆਂ ਕਾਲੀਆਂ ਕਰਤੂਤਾਂ ਨੇ ਅਬਦਾਲੀ ਵਰਗੇ ਧਾੜਵੀਆਂ ਦੀ ਯਾਦ ਤਾਜ਼ਾ ਕਰ ਦਿੱਤੀ ਹੈ।ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਹੈ ਕਿ ਕੌਮ ਦੀ ਸੁਰੱਖਿਆ ਦੇ ਜ਼ਾਮਨ ਅਕਾਲੀ ਦਲ ਉਪਰ ਕਾਬਜ਼ ਹੋ ਚੁੱਕੇ ਸੌਦਾਗਰਾਂ ਨੇ ਸਿਰਸਾ ਡੇਰੇ ਨਾਲ ਸਾਂਝ ਭਿਆਲੀ ਨੂੰ ਜੱਗ ਜ਼ਾਹਰ ਕਰਨ ਦਾ ਅੰਤਮ ਸਬੂਤ ਪੇਸ਼ ਕਰ ਦਿੱਤਾ ਹੈ।
ਕੌਮ ਦੇ ਉੱਚੇ ਸੁੱਚੇ ਸਿਧਾਂਤਾਂ ਦਾ ਸੌਦਾ ਕਰਨ ਦਾ ਵਾਰ ਵਾਰ ਹੀਆ ਕੀਤਾ ਹੈ, ਜਿਸ ਨੂੰ ਕੌਮ ਕਿਸੇ ਹਾਲਤ ਵਿਚ ਵੀ ਬਰਦਾਸ਼ਤ ਨਹੀਂ ਕਰੇਗੀ।ਉਹ ਦਿਨ ਦੂਰ ਨਹੀਂ ਜਿਸ ਦਿਨ ਕੌਮ ਇਹਨਾਂ ਕਬਜ਼ਾਕਾਰਾਂ ਨੂੰ ਲਾਂਭੇ ਕਰਕੇ ਸੇਵਾਦਾਰਾਂ ਨੂੰ ਸੇਵਾ ਬਖਸ਼ ਦੇਵੇਗੀ।ਧਰਮੀ ਸੰਸਥਾਵਾਂ ਅਤੇ ਸੰਗਤਾਂ ਨੂੰ ਵੇਚ ਵੱਟ ਦੇਣ ਵਾਲੇ ਮਨਸੂਬੇ ਧਰੇ ਧਰਾਏ ਰਹਿ ਜਾਣਗੇ।ਸ਼ਹੀਦਾਂ ਦੀ ਯਾਦ ਵਿਚ ਬਣਾਈਆਂ ਯਾਦਗਾਰਾਂ ਵੀ ਕੋਈ ਸਹਾਰਾ ਨਹੀਂ ਦੇ ਸਕਣਗੀਆਂ ਕਿਉਂਕਿ ਸ਼ਹੀਦਾਂ ਦੇ ਸਿਧਾਂਤਾਂ ਨੂੰ ਢਾਅ ਦਿੱਤਾ ਗਿਆ ਹੈ।ਜਿਉਂਦੀਆਂ ਕੌਮਾਂ ਸੱਚੇ ਸਿਧਾਂਤਾਂ ਨੂੰ ਕਦੇ ਦਾਅ ਉਪਰ ਨਾ ਲਾਉਂਦੀਆਂ ਹਨ ਅਤੇ ਨਾ ਹੀ ਲਾਉਣ ਦੇਂਦੀਆਂ ਹਨ।
ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਐਲਾਨ ਕੀਤਾ ਕਿ ਅਖੌਤੀ ਅਕਾਲੀਆਂ ਵਲੋਂ ਕੂੜੇ ਰਾਜ ਭਾਗ ਦੇ ਲਾਲਚ ਵਿਚ ਸਿਰਸਾ ਦੇ ਡੇਰੇਦਾਰ ਨਾਲ ਸਾਂਝ ਬਣਾਈ ਗਈ ਹੈ।ਸ੍ਰੀ ਅਕਾਲ ਤਖਤ ਸਾਹਿਬ ਦੇ ਉਸ ਹੁਕਮਨਾਮੇ ਨੂੰ ਪਿੱਠ ਵਿਖਾਈ ਹੈ, ਜੋ ਕਿ ਵਿਸ਼ਵ ਭਰ ਦੀਆਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਹੈ।ਇਸ ਲਈ ਸੰਗਠਨ ਚੋਣਾਂ ਵਿਚ ਅਕਾਲੀ ਦਲ ਦੇ ਨਾਮ ਹੇਠ ਕਾਬਜ਼ਕਾਰਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਵਚਨ ਦਿੰਦਾ ਹੈ ਅਤੇ ਅਹਿਦ ਕਰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਹੋਣ ਤੱਕ ਆਪਣਾ ਹਰ ਸਾਹ ਲੇਖੇ ਲਾਏਗਾ।ਸੰਗਠਨ ਨੂੰ ਪੂਰਨ ਵਿਸ਼ਵਾਸ਼ ਹੈ ਕਿ ਜਿਥੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਿਤ ਸਿੱਖ ਜਗਤ ਇਹਨਾਂ ਅਕਾਲੀਆਂ ਨੂੰ ਮੂੰਹ ਨਹੀਂ ਲਾਵੇਗਾ ਉਥੇ ਇਹਨਾਂ ਨੂੰ ਜੋ ਮੂੰਹ ਦੀ ਖਾਣੀ ਪੈਣੀ ਹੈ, ਉਸ ਦਾ ਅਹਿਸਾਸ ਵੀ ਅੱਜ ਕਲ੍ਹ ਵਿਚ ਹੀ ਕਰਵਾ ਦੇਵੇਗਾ।
Punjab Post Daily Online Newspaper & Print Media