ਅੰਮ੍ਰਿਤਸਰ, 2 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ) -ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਪਕਾਰ ਸਿੰਘ ਸੰਧੂ ਅਤੇ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਪਾਰਟੀ ਦੇ ਉਮੀਦਵਾਰ ਰਾਜਪ੍ਰੀਤ ਸਿੰਘ ਸੰਨੀ ਰੰਧਾਵਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਾਰੀ ਹੁਲਾਰਾ ਮਿਲਿਆ ਜਦ ਵਿਧਾਨ ਸਭਾ ਹਲਕਾ ਅਜਨਾਲਾ ਅਧੀਨ ਪੈਂਦੇ ਇਤਿਹਾਸਕ ਪਿੰਡ ਚਮਿਆਰੀ ਦੇ ਸੈਂਕੜੇ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਦੀ ਹਮਾਇਤ ਦਾ ਐਲਾਨ ਕੀਤਾ ।
ਸਾਬਕਾ ਅਸਿਸਟੈਂਟ ਕਮਿਸ਼ਨਰ ਦਵਿੰਦਰ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਦੇ ਗ੍ਰਹਿ ਪਿੰਡ ਚਮਿਆਰੀ ਵਿਖੇ ਹੋਏ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਚੌਧਰ ਦੀ ਲਾਲਸਾ ਨਹੀਂ ਹੈ ਸਗੋਂ ਉਨ੍ਹਾਂ ਨੇ ਪੰਜਾਬ ਦੀ ਅਕਾਲੀ ਭਾਜਪਾ ਹਕੁਮਤ ਦੌਰਾਨ ਮਿਲੇ ਅਹੁੱਦਿਆਂ ਦਾ ਤਿਆਗ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੀਤੇ ਸਮੇਂ ਦੌਰਾਨ ਵੱਖ-ਵੱਖ ਸਥਾਨਾਂ ‘ਤੇ ਹੋਈ ਬੇਅਦਬੀ ਦੇ ਰੋਸ ਵਜੋਂ ਵਕਾਰੀ ਅਹੁੱਦਿਆਂ ਦਾ ਤਿਆਗ ਕਰਕੇ ਆਪਣੇ ਅਕੀਦੇ ਪ੍ਰਤੀ ਸਮਰਪਣ ਦਾ ਇਜ਼ਹਾਰ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਜੀਵਨ ਵਿੱਚ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਤੋਂ ਵੱਧ ਕੁੱਝ ਵੀ ਨਹੀਂ ਹੈ।ਸੰਧੂ ਨੇ ਕਿਹਾ ਕਿ ਜੇਕਰ ਪੰਜਾਬ ਵਾਸੀ ਆਮ ਆਦਮੀ ਪਾਰਟੀ ਪ੍ਰਤੀ ਆਪਣੇ ਭਰੋਸੇ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬ ਵਿੱਚ ‘ਆਪ’ ਦੀ ਸਰਕਾਰ ਹੋਂਦ ਵਿੱਚ ਲਿਆਉਂਦੇ ਹਨ ਤਾਂ ਉਨ੍ਹਾਂ ਦਾ ਪਹਿਲਾ ਕਾਰਜ ਇਹ ਹੋਵੇਗਾ, ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀ, ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲੇ ਨਸ਼ਿਆਂ ਦੇ ਸੌਦਾਗਰਾਂ, ਰੇਤ ਮਾਫੀਆ ਰਾਹੀਂ ਸੂਬੇ ਦੀ ਦੋਵੇਂ ਹੱਥੀਂ ਲੁੱਟ-ਖਸੁੱਟ ਕਰਨ ਵਾਲੇ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾਵੇਗਾ।ਇਸ ਮੌਕੇ ਸੰਨੀ ਰੰਧਾਵਾ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਲੀਹੋਂ ਲਹਿ ਚੁੱਕੇ ਪੰਜਾਬ ਨੂੰ ਮੁੜ ਲੀਹਾਂ ‘ਤੇ ਪਾਉਣ ਲਈ ਆਮ ਆਦਮੀ ਪਾਰਟੀ ਨੂੰ ਜਿਤਾਉਣ।ਇਸ ਮੌਕੇ ਗੁਰਵਿੰਦਰ ਸਿੰਘ ਗੋਲੂ ਕਾਹਲੋਂ, ਹਰਪ੍ਰੀਤ ਸਿੰਘ ਰੰਧਾਵਾ, ਅਵਤਾਰ ਸਿੰਘ ਬਾਜਵਾ, ਚਰਨ ਸਿੰਘ ਢਿੱਲੋਂ, ਬਲਬੀਰ ਸਿੰਘ ਢਿੱਲੋਂ, ਅਮਰੀਕ ਸਿੰਘ, ਪਰਮਿੰਦਰ ਸਿੰਘ, ਪਾਲਾ ਸਿੰਘ, ਸੁਖਵਿੰਦਰ ਸਿੰਘ, ਪ੍ਰਿੰਸ ਮਾਨ, ਚਰਨਜੀਤ ਸਿੰਘ, ਗੁਰਜੀਤ ਸਿੰਘ ਗੋਰਾ, ਫੋਜੀ ਗੁਰਨਾਮ ਸਿੰਘ, ਲਖਵਿੰਦਰ ਸਿੰਘ ਢਿੱਲੋਂ, ਦੀਪ ਢਿੱਲੋਂ, ਜਗਦੀਪ ਸਿੰਘ ਆਦਿ ਹਾਜਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media