ਅੰਮ੍ਰਿਤਸਰ, 5 ਫਰਵਰੀ (ਜਗਦੀਪ ਸਿੰਘ ਸੱਗੂ) – ਦੋ ਦਿਨ ਸ਼ਨੀਵਾਰ ਤੇ ਐਤਵਾਰ ਚੱਲ ਰਹੀ ਨਾਟਕਾਂ ਦੀ ਪੇਸ਼ਕਾਰੀ ਦੇ ਤਹਿਤ ਐਤਵਾਰ ਸ਼ਾਮ ਨੂੰ ਪੰਜਾਬ ਨਾਟਸ਼ਾਲਾ ਵਿਖੇ ਯੰਗ ਮਲੰਗ ਥਿਏਟਰ ਗਰੁਪ ਵੱਲੋਂ ਨਾਟਕ ਜਸਟਿਸ ਦਾ ਮੰਚਨ ਕੀਤਾ ਗਿਆ। ਸ਼ੰਕਰ ਸ਼ੇਸ਼ ਦੀ ਹਿੰਦੀ ਕਹਾਣੀ ਇੱਛੂ ਨੂੰ ਨਾਟਕ ਬੰਦੀ ਦੇ ਰੂਪ ਵਿੱਚ ਪੇਸ਼ ਇਸ ਪੰਜਾਬੀ ਡਰਾਮੇ ਵਿੱਚ ਇੱਛਾਮ੍ਰਿਤਊ ਮੁੱਦੇ ਨੂੰ ਫੋਕਸ ਕੀਤਾ ਗਿਆ ਹੈ। ਪੰਜਾਬ ਨਾਟਸ਼ਾਲਾ ਦੇ ਖਾਸ ਸਹਿਯੋਗ ਨਾਲ ਖੇਡੇ ਗਏ ਡਰਾਮੇ ਦੇ ਤਿੰਨ ਕਿਰਦਾਰਾਂ ਵਿੱਚ ਇੱਕ ਪਾਸੇ ਵਕੀਲ, ਇਕ ਪਾਸੇ ਮੁਜ਼ਰਿਮ ਅਤੇ ਇਕ ਤਰਫ ਸਰਕਾਰ ਹੈ।ਮੁਜ਼ਰਿਮ ਦਾ ਬਾਪ ਜਾਨਲੇਵਾ ਰੋਗ ਤੋਂਂ ਗ੍ਰਸਤ ਹੁੰਦਾ ਹੈ, ਜੋ ਰਾਤ-ਦਿਨ ਪੀੜਾ ਨਾਲ ਤੜਫਦਾ ਰਹਿੰਦਾ ਹੈ, ਲੇਕਿਨ ਉਸ ਦੇ ਬੇਟੇ ਕੋਲ ਇਲਾਜ ਕਰਵਾਉਣ ਨੂੰ ਪੈਸੇ ਨਹੀਂ ਹੁੰਦੇ।ਬਾਪ ਵਲੋਂ ਦਰਦ ਬਰਦਾਸ਼ਤ ਨਾ ਕਰਨ ਕਰ ਕੇ ਉਹ ਆਪਣੇ ਪਿਤਾ ਦੇ ਕਹਿਣ `ਤੇ ਉਸ ਦੀ ਹੱਤਿਆ ਕਰ ਦਿੰਦਾ ਹੈ।ਇਹ ਮਾਮਲਾ ਜਦ ਅਦਾਲਤ ਵਿੱਚ ਜਾਂਦਾ ਹੈ ਤਾਂ ਵਕੀਲ ਆਪਣਾ ਪੱਖ ਰੱਖਦਾ ਹੈ ਕਿ ਬੇਟੇ ਨੇ ਠੀਕ ਕੀਤਾ ਹੈ, ਜਦਕਿ ਸਰਕਾਰ ਅਤੇ ਕਨੂੰਨ ਦਾ ਕਹਿਣਾ ਹੈ ਕਿ ਕੋਈ ਇਹ ਹੱਕ ਨਹੀਂ ਰੱਖਦਾ ਕਿ ਕਿਸੇ ਦੀ ਜਿੰਦਗੀ ਖਤਮ ਕਰੇ।ਇੱਛਾਮ੍ਰਿਤਊ ਜਿਹੇ ਆਮ ਮੁੱਦੇ `ਤੇ ਆਧਾਰਿਤ ਇਸ ਨਾਟਕ ਦੇ ਅਖੀਰ ਵਿੱਚ ਕੋਈ ਹੱਲ ਨਹੀਂ ਵਿਖਾਇਆ ਗਿਆ ਅਤੇ ਫੈਸਲਾ ਜਨਤਾ ਉਤੇ ਛੱਡ ਦਿੱਤਾ ਗਿਆ। ਸਾਜਨ ਕਪੂਰ ਨਿਰਦੇਸ਼ਿਤ ਇਸ ਨਾਟਕ ਵਿੱਚ ਸਾਜਨ ਕਪੂਰ, ਅਮਨ, ਸ਼ੇਰ ਸਿੰਘ ਅਤੇ ਪਵਨਦੀਪ ਨੇ ਕਿਰਦਾਰ ਨਿਭਾਏ ਹਨ, ਜਦਕਿ ਲਾਇਟਿੰਗ ਬਲਜਿੰਦਰ ਨੇ ਕੀਤੀ ਹੈ।ਨਾਟਸ਼ਾਲਾ ਦੇ ਮੁਖੀ ਜਤਿੰਦਰ ਬਰਾੜ ਨੇ ਡਰਾਮਾ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਾਮਾਜਕ ਮੁੱਦਿਆਂ ਨੂੰ ਪਹਿਲ ਦੇ ਆਧਾਰ `ਤੇ ਉਭਾਰਿਆ ਜਾਣਾ ਚਾਹੀਦਾ ਹੈ।
Check Also
ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ
‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …
Punjab Post Daily Online Newspaper & Print Media