ਮਜੀਠਾ, 9 ਫਰਵਰੀ (ਪੰਜਾਬ ਪੋਸਟ ਬਿਊਰੋ) – ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਮਾਲ ਅਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਵਿਧਾਨ ਸਭਾ ਚੋਣਾਂ ’ਚ ਅਕਾਲੀ ਭਾਜਪਾ ਗੱਠਜੋੜ ਦੀ ਵੱਡੀ ਜਿੱਤ ਹੋਵੇਗੀ ਅਤੇ ਸਰਕਾਰ ਦੀ ਹੈਟ੍ਰਿਕ ਬਣੇਗੀ।ਮਜੀਠੀਆ ਮਜੀਠਾ ਦੇ ਰੀਪੋਲਿੰਗ ਦੌਰਾਨ ਬੂਥ ਨੰ: 35 ’ਚ ਕਰੀਬ ਦਸ ਵਜੇ ਆਪਣੀ ਵੋਟ ਪਾਉਣ ਆਏ ਸਨ।ਦੋ ਵਾਰ ਵੋਟਾਂ ਪਾਉਣ ਪ੍ਰਤੀ ਮੀਡੀਆ ਦੇ ਸਵਾਲ ਦੇ ਜਵਾਬ ’ਚ ਉਹਨਾਂ ਕਿਹਾ ਕਿ ਉਹ ਲੋਕ ਖੁਸ਼ ਕਿਸਮਤ ਹੁੰਦੇ ਹਨ ਜਿਨ੍ਹਾਂ ਨੂੰ ਦੋ ਵਾਰ ਵੋਟ ਪਾਉਣ ਦਾ ਮੌਕਾ ਮਿਲਦਾ ਹੈ।
ਉਹਨਾਂ ਰੀ ਪੋਲਿੰਗ ਦੇ ਚੋਣ ਕਮਿਸ਼ਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਨੂੰ ਕੁੱਝ ਬੂਥਾਂ ’ਤੇ ਕਮੀ ਪੇਸ਼ੀ ਨਜ਼ਰ ਆਈ ਹੋਵੇਗੀ।ਉਨ੍ਹਾਂ ਚੋਣ ਕਮਿਸ਼ਨ ਦੇ ਰੂਲਾਂ ਮੁਤਬਕ ਬਿਨਾ ਕਿਸੇ ਡਰ ਭੈਅ ਦੇ ਨਿਰਪਖ ਪੋਲਿੰਗ ਨੂੰ ਯਕੀਨੀ ਬਣਾਉਣ ਲਈ ਕਿਹਾ।ਕਾਂਗਰਸ ਵੱਲੋਂ ਮਜੀਠਾ ’ਚ ਹੀ ਰੀ ਪੋਲਿੰਗ ਦੀ ਗਲ ਕਰਨ ’ਤੇ ਉਹਨਾਂ ਕਾਂਗਰਸ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਰੀਪੋਲਿੰਗ ਮਜੀਠਾ ਤੋਂ ਇਲਾਵਾ ਪੰਚ ਹੋਰਨਾਂ ਹਲਕਿਆਂ ’ਚ ਵੀ ਹੋ ਰਹੀ ਹੈ।ਉਹਨਾਂ ਕਿਹਾ ਕਿ ਕਾਂਗਰਸ ਹਾਰ ਤੋਂ ਬੁਖਲਾਈ ਪਈ ਹੈ, ਬੁਖਲਾਹਟ ’ਚ ਉਹ ਚੋਣ ਕਮਿਸ਼ਨ ’ਚ ਵੀ ਨੁਕਸ ਕੱਢਣ ’ਚ ਲੱਗੇ ਹੋਏ ਹਨ।ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਿਛਲੀ ਵਾਰ ਆਪਣੀ ਹਾਰ ਦਾ ਠੀਕਰਾ ਚੋਣ ਮਸ਼ੀਨਾਂ ’ਚ ਨੁਕਸਦਾਰ ਹੋਣ ’ਤੇ ਭੰਨਿਆ ਸੀ।
ਕੁੱਝ ਅਕਾਲੀ ਵਰਕਰਾਂ ਦੇ ਫੜੇ ਜਾਣ ਬਾਰੇ ਪੁੱਛੇ ਜਾਣ ’ਤੇ ਮਜੀਠੀਆ ਨੇ ਦੱਸਿਆ ਕਿ ਕਾਂਗਰਸ ਬੁਖਲਾਹਟ ’ਚ ਹੀ ਅਜਿਹੇ ਇਲਜ਼ਾਮ ਲਗਾ ਰਹੇ ਹਨ, ਉਹਨਾਂ ਕਿਹਾ ਕਿ ਕਾਂਗਰਸ ਗਹਿਰੀ ਸਾਜ਼ਿਸ਼ ਤਹਿਤ ਕੁੱਝ ਅਕਾਲੀ ਵਰਕਰਾਂ ਨੂੰ ਫੜ ਕੇ ਆਪਣੇ ਕੋਲੋਂ ਪੈਸੇ ਵਿਖੇ ਦਿੱਤੇ ਅਤੇ ਉਹਨਾਂ ਦੀ ਵੀਡੀਉ ਬਣਾ ਕੇ ਪ੍ਰਾਪੇਗੰਡਾ ਸ਼ੁਰੂ ਕਰ ਦਿਤਾ, ਜਿਸ ’ਚ ਕੋਈ ਵੀ ਸ਼ਿਕਾਇਤਕਰਤਾ ਨਹੀਂ ਸੀ। ਉਹਨਾਂ ਕਿਹਾ ਕਿ ਅਸਲ ਵਿੱਚ ਕਾਂਗਰਸ ਉਮੀਦਵਾਰ ਵੱਲੋਂ ਪੈਸੇ ਦੇ ਕੇ ਵੋਟ ਖਰੀਦਣ ਦੀ ਗਲ ਜਗ ਜ਼ਾਹਿਰ ਹੋਈ ਹੈ ਪਿੰਡ ਪੰਨਵਾਂ ’ਚ ਕਾਂਗਰਸੀ ਆਗੂ ਮੋਹਨ ਸਿੰਘ ਨੇ ਇੱਕ ਗਰੀਬ ਨੂੰ ਵੋਟ ਬਦਲੇ ਨੋਟ ਦੇਣ ਦੀ ਗਲ ਕਹੀ ਤਾਂ ਉਸ ਨੇ ਇਨਕਾਰ ਕਰ ਦਿੱਤਾ, ਅਜਿਹੇ ’ਚ ਪਿੰਡ ਵਾਸੀਆਂ ਨੇ ਉਕਤ ਕਾਂਗਰਸੀ ਅਤੇ ਸਾਥੀਆਂ ਨੂੰ ਫੜ ਕੇ ਪੁਲੀਸ ਹਵਾਲੇ ਕਰ ਦਿਤਾ। ਉਸੇ ਤਰਾਂ ਪਿੰਡ ਮਰੜੀ ਦਾ ਕਾਂਗਰਸੀ ਦੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਘਰ ’ਚ ਲੋਕਾਂ ਨੂੰ ਸ਼ਰਾਬ ਵਰਤਾ ਰਿਹਾ ਸੀ ਤੇ ਚੋਣ ਅਬਜ਼ਰਵਰ ਨੇ ਰੇਡ ਕਰਦਿਆਂ ਉਸ ਨੂੰ ਦੋ ਪੇਟੀਆਂ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ। ਜਦ ਕਿ ਸ਼ਰਾਬ ਨਾਲ ਭਰੀ ਗੱਡੀ ਕਾਂਗਰਸ ਦੇ ਲੋਕ ਭਜਾ ਕੇ ਲੈ ਗਏ ਜਿਸ ਦੀ ਇਨਕੁਆਰੀ ਹੋਣੀ ਚਾਹੀਦੀ ਹੈ।ਐਗਜਿਜਟ ਪੋਲ ਬਾਰੇ ਉਹਨਾਂ ਕਿਹਾ ਕਿ ਇਹ ਕੋਈ ਪਾਏਦਾਰ ਨਹੀਂ ਹਨ ਕਿਉਂਕਿ ਪਿਛਲੀਆਂ ਕਿਆਸ ਅਰਾਈਆਂ ਸਭ ਫੇਲ੍ਹ ਸਾਬਤ ਹੋਈਆਂ ਹਨ ਤੇ ਅਕਾਲੀ ਦਲ ਭਾਜਪਾ ਦੀ ਜਿੱਤ ਹੁੰਦੀ ਆਈ ਹੈ ਅਤੇ ਹੁਣ ਵੀ ਗੱਠਜੋੜ ਭਾਰੀ ਜਿੱਤ ਦਰਜ ਕਰ ਕੇ ਸਰਕਾਰ ਬਣਾਏਗਾ।
Punjab Post Daily Online Newspaper & Print Media