ਰਜਿਸਟਰੀ ਫੀਸ ਵਿਚ ਵਾਧਾ ਕੀਤਾ ਜਾਵੇ ਅਤੇ ਕਰਜ਼ਾ ਵਸੂਲੀ ਵਿਚ ਤੇਜੀ ਲਿਆਂਦੀ ਜਾਵੇ- ਬਰਾੜ

ਫਾਜਿਲਕਾ 17 ਜੂਨ (ਵਿਨੀਤ ਅਰੋੜਾ ) – ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਡਿਪਟੀ ਕਮਿਸ਼ਨਰ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਲੋਕਾ ਨੂੰ ਜ਼ਮੀਨ ਦੇ ਸਾਂਝੇ ਖਾਤਿਆਂ ਦੀਆਂ ਰਜ਼ਾਮੰਦਗੀ ਤਕਸੀਮਾ ਲਈ ਵੱਧ ਤੋਂ ਵੱਧ ਪ੍ਰੇਰਿਆ ਜਾਵੇ ਅਤੇ ਮਾਲੀਆ ਇਕੱਤਰ ਕਰਨ ਵਿੱਚ ਕੋਈ ਢਿੱਲ ਨਾ ਵਿਖਾਈ ਜਾਵੇ, ਤਕਸੀਮ ਦੇ ਪੈਡਿੰਗ ਪਏ ਕੇਸ ਵੀ ਜਲਦੀ ਨਿਪਟਾਏ ਜਾਣ ਅਤੇ ਸਟਂੈਪ ਡਿਊਟੀ ਦੀ ਰੀਕਵਰੀ ਦੇ ਕੰਮ ਨੂੰ ਤੇਜ਼ੀ ਨਾਲ ਨਿਪਟਾਇਆ ਜਾਵੇ।
ਜ਼ਿਲ੍ਹੇ ਦੇ ਮਾਲੀਆ ਅਧਿਕਾਰੀਆਂ ਨੂੰ ਬਕਾਇਆ ਕਰਜ਼ਿਆਂ ਦੀ ਵਸੂਲੀਆਂ ‘ਚ ਤੇਜੀ ਲਿਆਉਣ ਦੇ ਸਖ਼ਤ ਆਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਲੀਆ ਇਕੱਤਰ ਕਰਨ ‘ਚ ਮਾਲ ਅਧਿਕਾਰੀਆਂ ਦਾ ਅਹਿਮ ਰੋਲ ਹੁੰਦਾ ਹੈ, ਇਸ ਲਈ ਵੱਖ-ਵੱਖ ਨਿਗਮਾਂ ਜਾਂ ਵਿਭਾਗਾਂ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਡਿਫਾਲਟਰ ਕਰਜ਼ਦਾਰਾਂ ਤੋਂ ਤੁਰੰਤ ਵਸੂਲੀ ਕਰਨ ਨੂੰ ਤਰਜੀਹ ਦਿੱਤੀ ਜਾਵੇ। ਉਨ੍ਹਾਂ ਸਮੂਹ ਮਾਲ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਵੱਖ-ਵੱਖ ਵਿਭਾਗਾਂ ਦੇ ਲੋਕਾਂ ਜਾਂ ਅਦਾਰਿਆਂ ਵੱਲ ਲੰਬਿਤ ਬਕਾਇਆ ਕਰਜ਼ਿਆਂ ਦੀ ਵਸੂਲੀ ਤੁਰੰਤ ਕਰਵਾਉਣ ਨੂੰ ਗੰਭੀਰਤਾ ਨਾਲ ਲਿਆ ਜਾਵੇ। ਇਸ ਮੌਕੇ ਉਨ੍ਹਾਂ ਨੇ ਮਾਲ ਵਿਭਾਗ ਦੇ ਕਾਰਜਾਂ, ਰਿਕਵਰੀਆਂ, ਆਬਿਆਨਾ, ਚੌਕੀਦਾਰਾ, ਖਾਨਗੀ ਤਕਸੀਮਾਂ, ਗਿਰਦਾਵਰੀ ਦੇ ਬਕਾਇਆ ਕੇਸਾਂ, ਇੰਤਕਾਲ ਆਦਿ ਦੀ ਸਮੀਖਿਆ ਵੀ ਕੀਤੀ। ਸ.ਮਨਜੀਤ ਸਿੰਘ ਬਰਾੜ ਨੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਜ਼ਮੀਨਾਂ ਦੀਆਂ ਜਮਾਂਬੰਦੀਆਂ, ਇੰਤਕਾਲ, ਖਸਰਾ ਗਿਰਦਾਵਰੀ ਅਤੇ ਖਾਨਗੀ ਤਕਸੀਮਾਂ ਦੇ ਮਾਮਲੇ ਤੁਰੰਤ ਨਿਪਟਾਉਣ ਦੇ ਵੀ ਸਖ਼ਤ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪੰਚਾਇਤਾਂ ਦੀਆਂ ਜ਼ਮੀਨਾਂ ਦੇ ਮਾਮਲੇ ‘ਚ ਮੌਜੂਦਾ ਜਮ੍ਹਾਬੰਦੀਆਂ ਅਤੇ ਪੁਰਾਣਾ ਰਿਕਾਰਡ ਵਾਚ ਕੇ ਫਰਕ ਲੱਭਿਆ ਜਾਵੇ ਤਾਂ ਜੋ ਨਜਾਇਜ ਕਾਬਜਕਾਰਾਂ ਦੀ ਪਛਾਣ ਕਰਕੇ ਨਜਾਇਜ ਕਬਜ਼ੇ ਦੂਰ ਕਰਵਾਏ ਜਾਣ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਲੋਕਾਂ ਨੂੰ ਮਾਲ ਵਿਭਾਗ ਦੇ ਕੰਮਾਂ ਸਬੰਧੀ ਕਿਸੇ ਕਿਸਮ ਦੀ ਦਿੱਕਤ ਨਹੀ ਆਉਣੀ ਚਾਹੀਦੀ ਅਤੇ ਇਸ ਸਬੰਧੀ ਅਨੁਸ਼ਾਸ਼ਨਹੀਣਤਾਂ ਬਰਦਾਸ਼ਤ ਨਹੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਸ਼ਟਾਮਾਂ ਦੀ ਵਿਕਰੀ ਜ਼ਿਲ੍ਹੇ ਦੇ ਸਾਰੇ ਸੁਵਿਧਾਂ ਕੇਂਦਰਾਂ ਵਿਚ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਲ੍ਹਾ ਪੰਚਾਇਤ ਤੇ ਵਿਕਾਸ ਅਫਸਰ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਕੁੱਲ 7ਹਜ਼ਾਰ 179 ਏਕੜ ਸ਼ਾਮਲਾਟ ਜਮੀਨ ਵਿਚੋਂ 5728 ਏਕੜ ਜਮੀਨ ਠੇਕੇ ਤੇ ਦਿੱਤੀ ਜਾ ਚੁੱਕੀ ਹੈ ਜਿਸ ਨਾਲ ਪੰਚਾਇਤਾਂ ਨੂੰ 13 ਕਰੋੜ ਰੁਪਏ ਦੀ ਆਮਦਨ ਹੋਈ ਹੈ ਜੋ ਵਿਕਾਸ ਕਾਰਜਾਂ ਲਈ ਖਰਚ ਕੀਤੀ ਜਾਵੇਗੀ। ਉਨ੍ਹਾਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਲੰਬਿਤ ਕੇਸ ਤੁਰੰਤ ਨਿਪਟਾਏ ਜਾਣ। ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਅਮਿਤ ਕੁਮਾਰ, ਸ.ਪਰਮਜੀਤ ਸਿੰਘ ਐਸ.ਡੀ.ਐਮ ਜਲਾਲਾਬਾਦ, ਸ੍ਰੀ ਰਾਜ ਪਾਲ ਐਸ.ਡੀ.ਐਮ. ਅਬੋਹਰ, ਸ੍ਰੀ ਡੀ.ਪੀ.ਪਾਂਡੇ ਜਿਲ੍ਹਾ ਮਾਲ ਅਫਸਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਰਾਕੇਸ਼ ਕੁਮਾਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।
Punjab Post Daily Online Newspaper & Print Media