ਬਠਿੰਡਾ, 18 ਫਰਵਰੀ (ਅਵਤਾਰ ਸਿੰਘ ਕੈਂਥ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਵਿਦਿਆਰਥੀਆਂ ਦੀ ਪਲੇਸਮੇਂਟ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਸ ਲਈ ਸਮੇਂ ਸਮੇਂ ਤੇ ਕਾਰਪੋਰੇਟ ਜਗਤ ਦੀਆਂ ਮੰਨੀਆਂ ਪ੍ਰਮੰਨੀਆਂ ਕੰਪਨੀਆਂ ਬਾਬਾ ਫ਼ਰੀਦ ਕੈਂਪਸ ਵਿਖੇ ਪਹੁੰਚ ਕੇ ਵਿਦਿਆਰਥੀਆਂ ਨੂੰ ਨੌਕਰੀ ਦੇ ਮੌਕੇ ਪ੍ਰਦਾਨ ਕਰ ਰਹੀਆਂ ਹਨ। ਇਸੇ ਲੜੀ ਤਹਿਤ ਬੀਤੇ ਦਿਨੀ ਸੰਸਥਾ ਦੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਦੇ ਵਿਸ਼ੇਸ਼ ਉਪਰਾਲਿਆਂ ਸਦਕਾ ਅੰਤਰਰਾਸ਼ਟਰੀ ਕੰਪਨੀ ਕਾਰਗਿਲ ਇੰਡੀਆ ਪ੍ਰਾ. ਲਿਮ. ਦੀ ਕੈਂਪਸ ਪਲੇਸਮੈਂਟ ਡਰਾਈਵ ਆਯੋਜਿਤ ਕਰਵਾਈ ਗਈ ਜਿਸ ਦੌਰਾਨ ਬੀ.ਐਸ.ਸੀ. (ਐਗਰੀਕਲਚਰ ) ਅਤੇ ਐਮ.ਬੀ.ਏ ਦੇ 20 ਵਿਦਿਆਰਥੀ ਨੌਕਰੀ ਲਈ ਚੁਣੇ ਗਏ। ਦੱਸਣਯੋਗ ਹੈ ਕਿ ਕਾਰਗਿਲ ਇੱਕ ਮੋਹਰੀ ਅੰਤਰਰਾਸ਼ਟਰੀ ਕੰਪਨੀ ਹੈ ਜੋ ਪੂਰੇ ਸੰਸਾਰ ਨੂੰ ਭੋਜਨ, ਖੇਤੀ, ਵਿੱਤੀ ਅਤੇ ਉਦਯੋਗਿਕ ਉਤਪਾਦਾਂ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰਸਿੱਧ ਹੈ । ਇਹ ਕੰਪਨੀ 1865 ਵਿੱਚ ਸ਼ੁਰੂ ਹੋਈ ਅਤੇ ਹੁਣ ਤੱਕ 70 ਦੇਸ਼ਾਂ ਵਿੱਚ ਇਸ ਕੰਪਨੀ ਦੇ 1,50,000 ਕਰਮਚਾਰੀ ਹਨ ਅਤੇ ਇਸ ਦਾ ਸਾਲਾਨਾ ਕਾਰੋਬਾਰ 119 ਬਿਲੀਅਨ ਡਾਲਰ ਤੋਂ ਵੀ ਵੱਧ ਹੈ।
ਬਾਬਾ ਫ਼ਰੀਦ ਕੈਂਪਸ ਵਿਖੇ ਕਾਰਗਿਲ ਕੰਪਨੀ ਦੀ ਪਲੇਸਮੈਂਟ ਡਰਾਈਵ ਦੌਰਾਨ ਕੰਪਨੀ ਅਧਿਕਾਰੀਆਂ ਨੇ ਵਿਦਿਆਰਥੀਆਂ ਦਾ ਲਿਖਤੀ ਟੈਸਟ ਲਿਆ ਅਤੇ ਫਿਰ ਗਰੁੱਪ ਡਿਸ਼ਕਸ਼ਨ ਕਰਵਾ ਕੇ ਵਿਦਿਆਰਥੀਆਂ ਨੂੰ ਸ਼ਾਰਟ ਲਿਸਟ ਕੀਤਾ। ਇਸ ਤੋਂ ਬਾਦ ਇਹਨਾਂ ਸ਼ਾਰਟ ਲਿਸਟ ਕੀਤੇ ਗਏ ਵਿਦਿਆਰਥੀਆਂ ਦੀ ਇੰਟਰਵਿਊ ਕੀਤੀ ਗਈ । ਇਸ ਪਲੇਸਮੈਂਟ ਡਰਾਈਵ ਦੌਰਾਨ ਬਾਬਾ ਫ਼ਰੀਦ ਕਾਲਜ ਅਤੇ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੇਂਟ ਐਂਡ ਟੈਕਨਾਲੋਜੀ ਦੇ ਵਿਦਿਆਰਥੀਆਂ ਨੇ ਪੂਰੇ ਹੌਸਲੇ ਅਤੇ ਸਵੈ-ਵਿਸ਼ਵਾਸ਼ ਨਾਲ ਇੰਟਰਵਿਊ ਦਿੱਤੀ। ਵਿਦਿਆਰਥੀਆਂ ਦੀ ਬੋਲ ਚਾਲ ਦੀ ਭਾਸ਼ਾ ਕੰਪਿਊਟਰ ਜਾਣਕਾਰੀ, ਆਮ ਗਿਆਨ ਅਤੇ ਪੇਸ਼ੇਵਰ ਪਹੁੰਚ ਦੇ ਸਿੱਟੇ ਵਜੋਂ ਕਾਰਗਿਲ ਕੰਪਨੀ ਦੇ ਅਧਿਕਾਰੀਆਂ ਨੇ ਬੀ.ਐਸ.ਸੀ. ( ਐਗਰੀਕਲਚਰ ) ਦੇ 14 ਅਤੇ ਐਮ.ਬੀ.ਏ. ਦੇ 6 ਵਿਦਿਆਰਥੀਆਂ ਨੂੰ ਨੌਕਰੀ ਲਈ ਚੁਣ ਲਿਆ।
ਸੰਸਥਾ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਸੰਸਥਾ ਵੱਲੋਂ ਹਰ ਕੋਰਸ ਦੇ ਵਿਦਿਆਰਥੀਆਂ ਦੀ 100 ਫੀਸਦੀ ਪਲੇਸਮੈਂਟ ਨੂੰ ਯਕੀਨੀ ਬਣਾਉਣ ਲਈ ਉਪਰਾਲੇ ਜਾਰੀ ਹਨ। ਸੰਸਥਾ ਵਿਖੇ ਲਾਗੂ ਇਨੋਵੇਟਿਵ ਟੀਚਿੰਗ ਮੈਥਡੋਲੋਜੀ ਦੇ ਤਹਿਤ ਵਿਦਿਆਰਥੀਆਂ ਦੀ ਸਮੁੱਚੀ ਸਖ਼ਸ਼ੀਅਤ ਉਸਾਰੀ, ਕੰਮਿਊਨੀਕੇਸ਼ਨ ਸਕਿੱਲਜ਼, ਸੈਮੀਨਾਰ, ਇੰਡਸਟਰੀਅਲ ਟੂਰ ਅਤੇ ਗੈਸਟ ਲੈਕਚਰ ਆਦਿ ਗਤੀਵਿਧੀਆਂ ਤੇ ਧਿਆਨ ਕੇਂਦਰਤ ਕੀਤਾ ਜਾਦਾਂ ਹੈ । ਉਹਨਾਂ ਨੇ ਸੰਸਥਾ ਦੇ ਮਿਹਨਤੀ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ ਪਾਏ ਜਾ ਰਹੇ ਯੋਗਦਾਨ ਦੀ ਪ੍ਰਸੰਸਾ ਕਰਦਿਆਂ ਸਫ਼ਲ ਹੋਏ ਵਿਦਿਆਰਥੀਆਂ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਅੱਗੇ ਕਿਹਾ ਕਿ ਕੰਪਨੀਆਂ ਨੂੰ ਹੁਨਰਮੰਦ ਕਾਮਿਆਂ ਦੀ ਭਾਰੀ ਲੋੜ ਹੈ ਪਰ ਵਿਦਿਆਰਥੀਆਂ ਵਿੱਚ ਸਕਿੱਲਜ਼ ਦੀ ਘਾਟ ਹੋਣ ਕਰਕੇ ਉਹ ਨੌਕਰੀ ਪ੍ਰਾਪਤ ਕਰਨ ਤੋ ਵਾਂਝੇ ਰਹਿ ਜਾਂਦੇ ਹਨ। ਇਸੇ ਲਈ ਬਾਬਾ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਪੱਕੇ ਤੌਰ ਤੇ ਸਕੂਲ ਆਫ਼ ਸਕਿੱਲ ਡਿਵੈਲਪਮੈਂਟ ਦੀ ਸਥਾਪਨਾ ਕੀਤੀ ਗਈ ਹੈ ਜਿਥੇ ਕੰਪਨੀਆਂ ਦੀਆਂ ਲੋੜਾਂ ਅਨੁਸਾਰ ਵਿਦਿਆਰਥੀਆਂ ਦੀਆਂ ਸਕਿੱਲਜ਼ ਨੂੰ ਪ੍ਰਫੁੱਲਤ ਕੀਤਾ ਜਾਦਾਂ ਹੈ ਅਤੇ ਉਹ ਚੰਗੇ ਪੈਕੇਜ਼ਾਂ ’ਤੇ ਨੌਕਰੀ ਪ੍ਰਾਪਤ ਕਰਨ ਵਿੱਚ ਸਫ਼ਲ ਹੋ ਰਹੇ ਹਨ । ਉਹਨਾਂ ਨੇ ਕੰਪਨੀ ਅਧਿਕਾਰੀਆਂ ਦਾ ਵਿਦਿਆਰਥੀਆਂ ਨੂੰ ਅਜਿਹਾ ਮੌਕਾ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ ਅਤੇ ਸੰਸਥਾ ਦੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਦੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media