ਬੰਬ ਬਲਾਸਟ ਦੀ ਮੁੱਖ ਜਿੰਮੇਵਾਰ ਬਾਦਲ ਹਕੂਮਤ, ਗ੍ਰਹਿ ਮੰਤਰੀ ’ਤੇ ਹੋਵੇ ਪਰਚਾ ਦਰਜ
ਬਠਿੰਡਾ, 18 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬੀਤੀਆਂ ਵਿਧਾਨ ਸਭਾ ਚੋਣਾਂ ਵੇਲੇ ਬਠਿੰਡਾ ਜਿਲ੍ਹੇ ਦੀ ਮੌੜ ਮੰਡੀ ’ਚ ਹੋਏ ਬੰਬ ਬਲਾਸਟ ਦੇ ਮਾਮਲੇ ਵਿੱਚ ਇਨਕਲਾਬੀ ਜਮਹੂਰੀ ਧਿਰਾਂ ਦੇ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਅਤੇ ਹਿਰਾਸਤ ਵਿੱਚ ਲੈਣ ਵਿਰੁੱਧ ਜਨਤਕ ਜਥੇਬੰਦੀਆਂ ਨੇ ਤਿੱਖੇ ਵਿਰੋਧ ਦਾ ਪ੍ਰਗਟਾਵਾ ਕਰਦਿਆਂ ਇਸ ਬੰਬ ਕਾਂਡ ਲਈ ਬਾਦਲ ਹਕੂਮਤ ਨੂੰ ਜਿੰਮੇਵਾਰ ਠਹਿਰਾ ਕੇ ਅਸਲੀ ਦੋਸੀਆਂ ਨੂੰ ਗਿਰਫ਼ਤਾਰ ਕਰਨ ਦੀ ਮੰਗ ਕੀਤੀ। ਅੱਜ ਬਠਿੰਡਾ ਦੇ ਪ੍ਰੈਸ ਕਲੱਬ ਵਿੱਚ ਸੱਦੀ ਗਈ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਇਸ ਬੰਬ ਕਾਂਡ ਸਬੰਧੀ ਪੁਲਿਸ ਦੀ ਤਫ਼ਤੀਸ਼ ਕਾਰਵਾਈ ਨੂੰ ਗਲਤ ਠਹਿਰਾਇਆ।ਲੋਕ ਸੰਗਰਾਮ ਮੰਚ ਆਰ.ਡੀ.ਐਫ, ਇਨਕਲਾਬੀ ਕੇਂਦਰ ਪੰਜਾਬ, ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ, ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਜਮਹੂਰੀ ਅਧਿਕਾਰ ਸਭਾ ਅਤੇ ਪਿੰਡ ਰਾਮਪੁਰਾ ਦੇ ਦੋ ਸਾਬਕਾ ਸਰਪੰਚ ਪ੍ਰੈਸ ਕਾਨਫ਼ਰੰਸ ਵਿੱਚ ਹਾਜ਼ਰ ਹੋਏ।ਆਗੂਆਂ ਨੇ ਮੌੜ ਬੰਬ ਬਲਾਸਟ ਸਬੰਧੀ ਲੋਕ ਸੰਗਰਾਮ ਮੰਚ ਬਠਿੰਡਾ ਦੇ ਵਰਕਰ ਸੁਖਮੰਦਰ ਸਿੰਘ ਨੂੰ ਘਰੋਂ ਚੁੱਕ ਕੇ ਸੀ.ਆਈ.ਏ ਸਟਾਫ਼ ਬਠਿੰਡਾ ਵਿੱਚ ਪੁੱਛਗਿੱਛ ਕਰਨ ਦੇ ਨਾਂਅ ਹੇਠ ਧਮਕਾਉਣ ਤੇ ਜ਼ਲੀਲ ਕਰਨ ਦਾ ਸਖ਼ਤ ਨੋਟਿਸ ਲਿਆ। ਆਗੂਆਂ ਨੇ ਦੱਸਿਆ ਸੁਖਮੰਦਰ ਸਿੰਘ ਨੂੰ ਚੁੱਕਣ ਤੋਂ ਬਾਅਦ ਪੁਲਿਸ ਨੇ ਖੱਬੇ ਪੱਖੀ ਬੁੱਧੀਜੀਵੀ ਤੇ ਸੰਪਾਦਕ ਹਰਭਿੰਦਰ ਜਲਾਲ ਦੇ ਰਾਮਪੁਰਾ ਫੂਲ ਸਥਿਤ ਘਰ ਵੀ ਛਾਪੇਮਾਰੀ ਕੀਤੀ। ਲੋਕ ਸੰਗਰਾਮ ਮੰਚ ਦੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਕੌਰ, ਲੋਕਰਾਜ, ਇਨਕਲਾਬੀ ਕੇਂਦਰ ਦੇ ਸੂਬਾ ਆਗੂ ਮੁਖਤਿਆਰ ਪੂਹਲਾ, ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਦੇ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਮੌੜ ਮੰਡੀ ਬੰਬ ਕਾਂਡ ਵਰਗੀ ਘਿਨੌਣੀ ਲੋਕ ਵਿਰੋਧੀ ਕਾਰਵਾਈ ਹੈ।ਜਿਸ ਵਿੱਚ ਲੋਕ ਪੱਖੀ ਕਾਰਕੁੰਨਾਂ ਨੂੰ ਨਿਸ਼ਾਨਾ ਬਣਾਉਣਾ ਬਿਲਕੁੱਲ ਸਹਿਣ ਨਹੀਂ ਕੀਤਾ ਜਾਵੇਗਾ। ਉਹਨਾਂ ਪੁਲਿਸ ਦੇ ਪੜ੍ਹਤਾਲ ਵਾਲੇ ਤੌਰ ਤਰੀਕੇ ’ਤੇ ਹੈਰਾਨੀ ਪ੍ਰਗਟ ਕਰਦਿਆ ਕਿਹਾ ਕਿ ਜਿਹੜੇ ਆਗੂਆਂ ਨੇ ਲੋਕਾਂ ਦੇ ਹੱਕਾਂ ਲਈ ਕੰਮ ਕਰਦਿਆ ਸਰਕਾਰੀ ਜਬਰ ਝੱਲਿਆ ਹੈ, ਉਹਨਾਂ ਨੂੰ ਹੀ ਇਸ ਲੋਕ ਵਿਰੋਧੀ ਘਿਨੌਣੀ ਕਾਰਵਾਈ ਲਈ ਸ਼ੱਕੀ ਨਜ਼ਰ ਨਾਲ ਵੇਖਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਜਰੂਰਤ ਪੈਣ ’ਤੇ ਪੁਲਿਸ ਦੇ ਇਸ ਧੱਕੇ ਵਿਰੁੱਧ ਜਨਤਕ ਰੋਸ ਲਾਮਬੰਦ ਕਰਨ ਤੋਂ ਵੀ ਗੁਰੇਜ ਨਹੀਂ ਕੀਤਾ ਜਾਵੇਗਾ।
ਆਗੂਆਂ ਨੇ ਸਾਂਝੇ ਤੌਰ ’ਤੇ ਮੌੜ ਕਾਂਡ ਵਿੱਚ ਮਾਰੇ ਗਏ ਨਿਰਦੋਸ਼ ਲੋਕਾਂ ਲਈ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੀ ਮੌਜੂਦਾ ਹਕੂਮਤ ਹੀ ਬਰਗਾੜੀ ਕਾਂਡ ਵਾਂਗ ਇਸ ਧਮਾਕੇ ਦੀ ਵੀ ਮੁੱਖ ਜਿੰਮੇਵਾਰ ਹੈ ਅਤੇ ਇਸ ਮਾਮਲੇ ਵਿੱਚ ਪੰਜਾਬ ਦੇ ਗ੍ਰਹਿ ਮੰਤਰੀ ’ਤੇ ਪਰਚਾ ਹੋਣਾ ਚਾਹੀਦਾ ਹੈ ਬੀ.ਕੇ.ਯੂ ਕ੍ਰਾਂਤੀਕਾਰੀ ਦੇ ਸੂਬਾਈ ਆਗੂ ਸੁਰਜੀਤ ਫੂਲ ਨੇ ਮੌੜ ਬੰਬ ਕਾਂਡ ਵਿੱਚ ਜਾਨਾਂ ਗੁਆਉਣ ਵਾਲਿਆਂ ਮਾਸੂਮ ਬੱਚਿਆਂ ਸਮੇਤ ਦੂਜੇ ਸਾਰਿਆਂ ਨੂੰ 10-10 ਲੱਖ ਰੁਪਏ ਤੇ ਜਖ਼ਮੀਆਂ ਨੂੰ 1-1 ਲੱਖ ਰੁਪਏ ਮੁਆਵਜਾ ਦੇਣ ਦੀ ਮੰਗ ਵੀ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜਮਹੂਰੀ ਅਧਿਕਾਰ ਸਭਾ ਦੇ ਪ੍ਰਿਤਪਾਲ, ਕੇਸ਼ੋ ਰਾਮ, ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਸੁਖਪਾਲ ਖਿਆਲੀਵਾਲਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾਈ ਆਗੂ ਸੁਰਮੁੱਖ ਸੇਲਵਰਾਹ, ਜਿਲ੍ਹਾ ਆਗੂ ਪ੍ਰਸੋਤਮ ਮਹਿਰਾਜ ਤੇ ਗੁਰਮੇਲ ਸਿੰਘ ਜੰਡਾਵਾਲਾ, ਔਰਤ ਮੁਕਤੀ ਮੰਚ ਦੀ ਆਗੂ ਮੁਖਤਿਆਰ ਕੌਰ, ਸਾਬਕਾ ਸਰਪੰਚ ਰਾਮਪੁਰਾ ਪਿੰਡ ਹਰਜੀਵਨ ਸਿੰਘ ਤੇ ਹਰਨੇਕ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media