ਜੋਸ਼ੀ ਪਰਿਵਾਰ ਵੱਲੋਂ ਜਨਮ ਦਿਨ ਮੌਕੇ ਸਭਾ ਨੂੰ 5100 ਦੀ ਰਾਸ਼ੀ ਭੇਟ
ਸਮਰਾਲਾ, 22 ਫਰਵਰੀ (ਪੰਜਾਬ ਪੋਸਟ- ਕੰਗ) – ਪੰਜਾਬੀ ਸਾਹਿਤ ਸਭਾ ਸਮਰਾਲਾ (ਰਜਿ.) ਦੀ ਮਾਸਿਕ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿਖੇ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਹੋਈ। ਸਭ ਤੋਂ ਪਹਿਲਾਂ ਸਭਾ ਪ੍ਰਧਾਨ ਦੇ ਸਿਹਤਯਾਬ ਹੋ ਕੇ ਵਾਪਸ ਆਉਣ ਤੇ ਵਧਾਈਆਂ ਦਿੱਤੀਆਂ ਗਈਆਂ। ਇਸ ਉਪਰੰਤ ਸ਼ਦੀਵੀ ਵਿਛੋੜਾ ਦੇ ਗਏ ਲੇਖਕਾਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਉਨ੍ਹਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਸਭਾ ਨਾਲ ਲੰਬੇ ਸਮੇਂ ਤੋਂ ਜੁੜੇ ਰਹੇ ਲੈਕ: ਜਗਰੂਪਜੀਤ ਸਿੰਘ ਸ਼ਾਹੀ, ਹਿੰਦੀ ਗੀਤਕਾਰ ਨਕਸ਼ੇ ਲਾਇਲਬਰੀ, ਕਹਾਣੀਕਾਰ ਅਮਰ ਗਿਰੀ ਅਤੇ ਦਰਸ਼ਨ ਸਿੰਘ ਨਾਵਲਕਾਰ ਸ਼ਾਮਿਲ ਹਨ।ਇੱਕ ਹੋਰ ਮਤੇ ਰਾਹੀਂ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪੁੱਤਰੀ ਪ੍ਰੋ. ਮੰਜੂ ਬਾਲਾ ਜੋਸ਼ੀ ਸੱਦੀ, ਦਾਮਾਦ ਗੋਪਾਲ ਜੋਸ਼ੀ ਵੱਲੋਂ ਆਪਣੇ ਬੇਟੇ ਵਾਸੂ ਜੋਸ਼ੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਜੋਸ਼ੀ ਪਰਿਵਾਰ ਵੱਲੋਂ ਸਭਾ ਲਈ 5100/- ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ ਗਈ। 
ਉਪਰੰਤ ਪ੍ਰਵਾਸੀ ਸ਼ਾਇਰ ਸਿੰਦਰ ਸਿੰਘ ਮੀਰਪੁਰੀ (ਨਵਾਂ ਸ਼ਹਿਰ) ਦਾ ਪਲੇਠਾ ਕਾਵਿ-ਸੰਗ੍ਰਹਿ ‘ਸਰਦਾਰੀਆਂ’ ਸਭਾ ਵੱਲੋਂ ਲੋਕ ਅਰਪਣ ਕੀਤਾ ਗਿਆ। ਜਿਸ ਸਬੰਧੀ ਸਭਾ ਦੇ ਮੀਤ ਪ੍ਰਧਾਨ ਬਲਬੀਰ ਸਿੰਘ ਬੱਬੀ ਵੱਲੋਂ ਪਰਚਾ ਪੜ੍ਹਿਆ ਗਿਆ ਜਿਸ ਵਿੱਚ ਸਿੰਦਰ ਸਿੰਘ ਮੀਰਪੁਰੀ ਦੁਆਰਾ ਅਜੋਕੇ ਸਮੇਂ ਸਮਾਜ ਅੰਦਰ ਫੈਲੀਆਂ ਬੁਰਾਈਆਂ ਨੂੰ ਉਜਾਗਰ ਕਰਦੀਆਂ ਕਵਿਤਾਵਾਂ ਸਬੰਧੀ ਜਿਕਰ ਕੀਤਾ। ਸਭਾ ਦੇ ਸਾਰੇ ਮੈਂਬਰਾਂ ਵੱਲੋਂ ਸਿੰਦਰ ਸਿੰਘ ਮੀਰਪੁਰੀ ਦੀ ਇਸ ਪਲੇਠੀ ਪੁਸਤਕ ਦੀਆਂ ਤਹਿ ਦਿਲੋਂ ਵਧਾਈਆਂ ਦਿੱਤੀਆਂ ਗਈਆਂ ਅਤੇ ਕਾਮਨਾ ਕੀਤੀ ਗਈ ਇਹ ਕਵੀ ਆਪਣੇ ਸਾਹਿਤਕ ਖੇਤਰ ਵਿੱਚ ਹੋਰ ਤਰੱਕੀਆਂ ਕਰੇ ਅਤੇ ਸਮਾਜਿਕ ਬੁਰਾਈਆਂ ਖਿਲਾਫ ਇਸੇ ਤਰ੍ਹਾਂ ਲੜਦਾ ਰਹੇ।
ਇਕੱਤਰਤਾ ਦੌਰਾਨ ਰਚਨਾਵਾਂ ਦੇ ਦੌਰ ਦਾ ਆਰੰਭ ਸਰਪ੍ਰਸਤ ਜੋਗਿੰਦਰ ਸਿੰਘ ਜੋਸ਼ ਦੀ ਉਰਦੂ ਨਜ਼ਮ ‘ਦਿਲ’ ਨਾਲ ਕੀਤਾ ਗਿਆ। ਮਨਦੀਪ ਮਾਣਕੀ ਦੁਆਰਾ ਪੇਸ਼ ਕੀਤੀ ਗ਼ਜ਼ਲ ਉੱਤੇ ਵਿਸ਼ੇਸ਼ ਚਰਚਾ ਹੋਈ।ਗੀਤਕਾਰ ਹਰਬੰਸ ਸਿੰਘ ਸ਼ਾਨ ਦੇ ਕਸ਼ਮੀਰ ਬਾਰੇ ਗਾਏ ਗੀਤ ਬਾਰੇ ਕਿਹਾ ਗਿਆ ਕਿ ਅਜਿਹੇ ਨਾਜ਼ੁਕ ਵਿਸ਼ੇ ਨੂੰ ਬਹੁਤ ਸੋਚ ਸਮਝਕੇ ਰਚਨਾ ਦਾ ਹਿੱਸਾ ਬਣਾਉਣਾ ਚਾਹੀਦਾ ਹੈ, ਪ੍ਰੰਤੂ ਤੁਰੰਨਮ ਵਿੱਚ ਗਾਏ ਗੀਤ ਦੀ ਸਾਰਿਆਂ ਨੇ ਪ੍ਰਸੰਸਾ ਕੀਤੀ। ਤਰਨ ਸਿੰਘ ਬੱਲ ਦੀ ਕਵਿਤਾ ‘ਕਲਮ’ ਨੇ ਸਰੋਤਿਆਂ ਦਾ ਵਿਸ਼ੇਸ਼ ਧਿਆਨ ਖਿੱਚਿਆ।ਗਜ਼ਲ਼ਗੋ ਗੁਰਦਿਆਲ ਦਲਾਲ ਦੀ ਕਵਿਤਾ ‘ਰਿਜ਼ਕ ਦਾ ਸਾਕ’ ਸੁਰਜੀਤ ਪਾਤਰ ਦੀ ਕਵਿਤਾ ਨੂੰ ਅਧਾਰ ਬਣਾ ਕੇ ਲਿਖੀ ਗਈ ਤੇ ਪਾਤਰ ਦੀ ਕਵਿਤਾ ਤੋਂ ਅਗਾਂਹ ਦੀ ਗੱਲ ਕਰ ਗਈ। ਗੁਰਸੇਵਕ ਸਿੰਘ ਢਿੱਲੋਂ ਵੱਲੋਂ ਕੁਝ ਸਥਾਈਆਂ ਨੂੰ ਕਵਿਤਾ ਦੇ ਰੂਪ ਵਿੱਚ ਪੇਸ਼ ਕੀਤਾ ਗਿਆ। ਕੇਵਲ ਸਿੰਘ ਮੰਜਾਲੀਆਂ ਦਾ ਗੀਤ ਮੋਬਾਇਲ ਬਾਰੇ ਜਿੱਥੇ ਇਸ ਦੇ ਗੁਣਾਂ ਦੀ ਗੱਲ ਕਰਦਾ ਸੁਣਿਆ, ਉੱਥੇ ਇਨ੍ਹਾਂ ਦੇ ਔਗੁਣਾਂ ਦੀ ਵੀ ਬਾਤ ਪਾਈ ਗਈ। ਲਾਭ ਸਿੰਘ ਬੇਗੋਵਾਲ ਦੀ ਗ਼ਜ਼ਲ ਨੇ ਤਾਂ ਜਿਵੇਂ ਸਾਰੀ ਮੀਟਿੰਗ ਆਪਣੇ ਨਾਂ ਕਰ ਲਈ, ਲੇਖਕਾਂ ਅਤੇ ਸਰੋਤਿਆਂ ਵੱਲੋਂ ਭਰਵੀਂ ਦਾਦ ਦਿੱਤੀ ਗਈ। ਅੰਤ ਵਿੱਚ ਨਿੰਦਰ ਗਿੱਲ ਦੇ ਨਾਵਲ ‘‘ਪੰਡੋਰੀ ਪ੍ਰੋਹਿਤਾਂ’’ ਦੇ ਕੁਝ ਸਫ਼ੇ ਪੜ੍ਹੇ ਗਏ। ਰਚਨਾਵਾਂ ਉੱਤੇ ਬਹਿਸ ਵਿੱਚ ਮੁੱਖ ਤੌਰ ’ਤੇ ਕਹਾਣੀਕਾਰ ਸੁਖਜੀਤ, ਵਿਦਵਾਨ ਗੁਰਭਗਤ ਸਿੰਘ ਗਿੱਲ, ਜਸਵੀਰ ਸਮਰਾਲਾ, ਜਗਦੀਸ਼ ਨੀਲੋਂ, ਕਹਾਣੀਕਾਰ ਸੰਦੀਪ ਤਿਵਾੜੀ, ਬਲਬੀਰ ਸਿੱਘ ਬੱਬੀ, ਨਿਰਭੈ ਸਿੰਘ ਸਿੱਧੂ, ਇੰਦਰਜੀਤ ਸਿੰਘ ਕੰਗ, ਕਹਾਣੀਕਾਰ ਨੇਤਰ ਸਿੰਘ ਮੁੱਤੋਂ, ਦਰਸ਼ਨ ਸਿੰਘ ਕੰਗ, ਸੁਖਜੀਵਨ ਸਿੰਘ ਰਾਮਪੁਰੀ, ਸੁਖਮਿੰਦਰ ਬਾਗ਼ੀ, ਗੁਰਚਰਨ ਦਾਸ ਸੱਦੀ, ਦੀਪ ਦਿਲਬਰ, ਬੁੱਧ ਸਿੰਘ ਨੀਲੋਂ, ਕੋਮਲ ਸਿੰਘ, ਪਰਮਜੀਤ ਸਿੰਘ, ਕੁਲਦੀਪ ਸਿੰਘ, ਜਸਵਿੰਦਰ ਸਿੰਘ ਨੇ ਵੀ ਭਾਗ ਲਿਆ। ਸਭਾ ਦੀ ਕਰਵਾਈ ਜਨਰਲ ਸਕੱਤਰ ਜਗਦੀਸ਼ ਨੀਲੋਂ ਅਤੇ ਸਕੱਤਰ ਦੀਪ ਦਿਲਬਰ ਵੱਲੋਂ ਚਲਾਈ ਗਈ।
Punjab Post Daily Online Newspaper & Print Media