
ਗੁਰਬਾਜ ਸਿੰਘ ਭੰਗਚੜੀ
ਸ੍ਰੀ ਮੁਕਤਸਰ ਸਾਹਿਬ
ਪੰਜਾਬ ਭਾਰਤ ਦੇ ਮੋਹਰੀ ਸੂਬੇ ਵਜੋਂ ਜਾਣਿਆ ਜਾਂਦਾ ਸੀ। ਇਸ ਦਾ ਗਵਾਹ ਪੰਜਾਬ ਦਾ ਸੁਨਿਹਰੀ ਇਤਿਹਾਸ ਹੈ, ਜੋ ਇਸ ਦੀ ਅਹਿਮੀਅਤ ਅਤੇ ਖਾਸੀਅਤ ਨੂੰ ਬਿਆਨ ਕਰਨ ਲਈ ਕਾਫ਼ੀ ਹੈ।ਅੱਜਕਲ ਪੰਜਾਬ ਪੂਰੇ ਭਾਰਤ ਲਈ ਖਿੱਚ ਦਾ ਕੇਂਦਰ ਬਣਿਆਂ ਹੋਇਆ ਹੈ ਇਸ ਸਮੇਂ ਖਿੱਚ ਦਾ ਕਾਰਨ ਇਸ ਦੀ ਵਿਲੱਖਣਤਾ ਨਹੀਂ ਸਗੋਂ ਇਸ ਉਪਰ ਲੱਗਿਆ ਨਸ਼ੇ ਦਾ ਕਲੰਕ ਹੈ, ਜਿਸ ਦੇ ਸਿੱਟੇ ਵਜੋਂ ਪੂਰੇ ਭਾਰਤ ਵਿੱਚ ਪੰਜਾਬ ਇਕ ਨਸ਼ੇੜੀ ਸੂਬੇ ਵਜੋਂ ਪ੍ਰਸਿੱਧ ਹੁੰਦਾ ਜਾ ਰਿਹਾ ਹੈ।ਇਸ ਪ੍ਰਸਿੱਧੀ ਦਾ ਸਭ ਤੋਂ ਵੱਡਾ ਕਾਰਨ ਰਾਜਨੀਤੀ ਹੈ।ਇਸ ਭਿਆਨਕ ਕਲੰਕ ਨੂੰ ਪੰਜਾਬ ਦੇ ਮੱਥੇ ਉਪਰੋਂ ਮਿਟਾਉਣ ਲਈ ਹਰ ਇਕ ਪੰਜਾਬੀ ਨੂੰ ਜਾਗਰੂਕ ਅਤੇ ਜਿੰਮੇਵਾਰ ਹੋਣ ਦੀ ਲੋੜ ਹੈ।
ਪਿਛਲੇ ਲੰਮੇ ਸਮੇਂ ਤੋਂ ਬਹੁਤ ਸਾਰੇ ਨੇਤਾਵਾਂ ਅਤੇ ਬੁੱਧੀਜੀਵੀ ਲੋਕਾਂ ਵੱਲੋਂ ਇਸ ਮੁੱਦੇ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾ ਦਿੱਤਾ ਗਿਆ ਹੈ, ਪਰ ਕਿਸੇ ਵੀ ਵਿਅਕਤੀ ਜਾਂ ਫਿਰ ਸੰਸਥਾ ਨੇ ਇਸ ਗੰਭੀਰ ਸਮੱਸਿਆ ਨੂੰ ਦੂਰ ਕਰਨ ਬਾਰੇ ਕੋਈ ਤਰੀਕਾ ਜਾਂ ਸਕੀਮ ਲਾਗੂ ਨਹੀਂ ਕੀਤੀ। ਜੋ ਕਿ ਸਮਾਜ ਲਈ ਬਹੁਤ ਚਿੰਤਾਜਨਕ ਹੈ। ਨਸ਼ਾ-ਨਸ਼ਾ ਕਹਿ ਪੰਜਾਬ ਦੀ ਬਦਨਾਮੀ ਵਿੱਚ ਹਰ ਕੋਈ ਯੋਗਦਾਨ ਪਾ ਰਿਹਾ ਹੈ ਪਰ ਕੋਈ ਵੀ ਇਹ ਪ੍ਰਣ ਨਹੀਂ ਕਰ ਰਿਹਾ ਕਿ ਮੈਂ ਨਸ਼ੇ ਨਾਲ ਪੀੜਤ ਵਿਅਕਤੀ ਨੂੰ ਨਸ਼ੇ ਦੀਆਂ ਬੁਰਾਈਆਂ ਬਾਰੇ ਜਾਣੂ ਕਰਵਾ ਕੇ ਨਸ਼ਾ ਛੁਡਾਵਾਂਗਾ ਅਤੇ ਨਸ਼ੇ ਦੇ ਸਮੱਗਲਰਾਂ ਨੂੰ ਕਾਨੂੰਨ ਦੇ ਹਵਾਲੇ ਕਰਨ ਵਿੱਚ ਮਦਦ ਕਰਾਂਗਾ।ਇਸ ਗੱਲ ਨੂੰ ਦਰ-ਕਿਨਾਰ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਹੈ।ਸਮੱਸਿਆ ਜਰੂਰ ਹੈ. ਪਰ ਇਸ ਦਾ ਕੋਈ ਸਾਰਥਕ ਹੱਲ ਕੱਢਿਆ ਜਾਣਾ ਸਮਾਜ ਲਈ ਡੂੰਘੀ ਚਿੰਤਾ ਦਾ ਵਿਸ਼ਾ ਹੈ।ਪੰਜਾਬ ਵਿੱਚ ਦਿਨੋਂ ਦਿਨ ਨਸ਼ੇ ਦੇ ਵਧਣ ਦਾ ਕਾਰਨ ਹੀ ਨਸ਼ੇ ਨੂੰ ਮੁੱਦਾ ਬਣਾ ਕੇ ਮੀਡੀਆ ਵਿੱਚ ਪ੍ਰਫੁੱਲਿਤ ਕਰਨਾ ਹੈ ਕਿਉਂਕਿ ਮੀਡੀਆ ਦੀਆਂ ਸੁਰਖੀਆਂ ਰਾਹੀਂ ਹੀ ਨੌਜਵਾਨਾਂ ਨੂੰ ਵੱਖ-ਵੱਖ ਨਸ਼ਿਆਂ ਬਾਰੇ ਗਿਆਨ ਪ੍ਰਾਪਤ ਹੁੰਦਾ ਹੈ, ਜਿਸਦੇ ਕਾਰਨ ਉਹਨਾਂ ਦੇ ਮਨਾਂ ਵਿੱਚ ਵੱਖ ਵੱਖ ਨਸ਼ੇ ਕਰਨ ਦੀ ਲਾਲਸਾ ਵਧਦੀ ਹੈ।ਨਸ਼ੇ ਦੀ ਸਮੱਸਿਆ ਇੰਨੀ ਗੰਭੀਰ ਹੈ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਇਸ ਉਪਰ ਨੱਥ ਨਾ ਪਾਈ ਗਈ ਤਾਂ ਪੰਜਾਬ ਨਹੀਂ ਰਹਿਣਾ ਸਗੋਂ ਪੰਜਾਬ ਦੇ ਹਾਲਾਤ ਪੁਰਾਣੇ ਬਿਹਾਰ ਵਰਗੇ ਹੋ ਜਾਣਗੇ ਹੁਣ ਸਾਨੂੰ ਕਿਸੇ ਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਪੰਜਾਬ ਵਿੱਚ ਨਸ਼ਾ ਹੈ, ਸਗੋਂ ਹਰ ਇਕ ਨੂੰ ਪੰਜਾਬੀਅਤ ਦਾ ਸਬੂਤ ਦਿੰਦੇ ਹੋਏ ਇਸ ਦੀ ਰੋਕਥਾਮ ਬਾਰੇ ਸੋਚਣਾ ਜਰੂਰੀ ਹੈ।ਵਰਤਮਾਨ ਪੀੜੀ ਨੇ ਹੀ ਪੰਜਾਬ ਅਤੇ ਪੰਜਾਬੀਅਤ ਦੇ ਭਵਿੱਖ ਨੂੰ ਸਿਰਜਣ ਵਿੱਚ ਅਹਿਮ ਭੂਮਿਕਾ ਨਿਭਾਉਣੀ ਹੈ, ਜੇਕਰ ਹੁਣ ਨੌਜਵਾਨੀ ਨੂੰ ਨਸ਼ੇ ਦੀਆਂ ਬੁਰਾਈਆਂ ਬਾਰੇ ਜਾਣੂ ਨਾ ਕਰਵਾਇਆ ਗਿਆ ਤਾਂ ਪੰਜਾਬ ਵਿੱਚ ਗਹਿਰੇ ਸਮਾਜਿਕ ਸੰਕਟ ਦੇ ਆਸਾਰ ਬਹੁਤ ਵਧ ਜਾਣਗੇ।ਇਹ ਮੁੱਦਾ ਵੋਟਾਂ ਦੇ ਮੁੱਦਿਆਂ ਤੋਂ ਕਿਤੇ ਉਪਰ ਦਾ ਮੁੱਦਾ ਹੈ। ਜੇਕਰ ਐਨ.ਆਰ.ਆਈ ਵੀ ਵੋਟਾਂ ਵੇਲੇ ਇਨਕਲਾਬੀ ਸੋਚ ਦਾ ਨਾਅਰਾ ਮਾਰ ਸਕਦੇ ਹਨ ਤਾਂ ਉਹਨਾਂ ਨੂੰ ਨਸ਼ੇ ਦੇ ਮੁੱਦੇ ਉਪਰ ਆਪਣੀ ਪ੍ਰਚਾਰ ਮੁਹਿੰਮ ਚਲਾ ਕੇ ਪੰਜਾਬੀਅਤ ਪ੍ਰੀਤ ਆਪਣੇ ਪਿਆਰ ਦਾ ਸਬੂਤ ਦੇਣਾ ਚਾਹੀਦਾ ਹੈ।ਇਸ ਨੂੰ ਖਤਮ ਕਰਨ ਦੀ ਆਸ ਕਿਸੇ ਖਾਸ ਆਗੂ ਜਾਂ ਰਾਜਨੀਤਿਕ ਪਾਰਟੀ ਪਾਸੋਂ ਨਹੀਂ ਕੀਤੀ ਜਾ ਸਕਦੀ ਬਲਕਿ ਇਸ ਦੇ ਖਾਤਮੇ ਲਈ ਸਭਨਾਂ ਨੂੰ ਭਾਈਚਾਰਕ ਸਾਂਝ ਦਾ ਸਬੂਤ ਦਿੰਦੇ ਹੋਏ ਅੱਗੇ ਆਉਣ ਦੀ ਲੋੜ ਹੈ।
ਕਲਾਕਾਰ ਅਤੇ ਗੀਤਕਾਰ ਵੀਰ ਇਸ ਬੁਰਾਈ ਦੇ ਸੰਕਟ ਨੂੰ ਦੂਰ ਕਰਨ ਵਿੱਚ ਸਭ ਤੋਂ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ, ਕਿਉਂਕਿ ਅਜੋਕੀ ਪੀੜੀ ਪੂਰੀ ਤਰਾਂ ਅਦਾਕਾਰਾਂ ਅਤੇ ਕਲਾਕਾਰਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੀ ਤਰਾਂ ਜੀਵਨ ਬਸਰ ਕਰਨਾ ਚਹੁੰਦੀ ਹੈ।ਕਲਾਕਾਰ ਵੀਰ ਜੋ ਕਿ ਸਮਾਜ ਦੇ ਮੋਹਰੀ ਹੁੰਦੇ ਹਨ, ਉਹਨਾਂ ਨੂੰ ਚਾਹੀਦਾ ਹੈ ਕਿ ਸਮੇਂ ਸਮੇਂ ਤੇ ਸਥਿਤੀ ਦੀ ਸੱਚਾਈ ਨੂੰ ਬਿਆਨ ਕਰਕੇ ਆਪਣਾ ਯੋਗਦਾਨ ਸਮਾਜ ਨੂੰ ਦਿੰਦੇ ਰਹਿਣ ਜੋ ਕਿ ਉਹਨਾਂ ਦੀ ਸੇਵਾ ਵੀ ਬਣਦੀ ਹੈ।
ਜੇਕਰ ਇਸ ਮੁੱਦੇ ਨੂੰ ਹੱਲ ਕਰਨ ਲਈ ਗੰਭੀਰਤਾ ਨਾਲ ਨਾ ਸੋਚਿਆ ਗਿਆ ਤਾਂ ਭਵਿੱਖ ਵਿੱਚ ਇਸ ਦੇ ਨਤੀਜੇ ਪੰਜਾਬੀ ਸੱਭਿਆਚਾਰ ਨੂੰ ਤਬਾਹੀ ਵੱਲ ਲੈ ਕੇ ਜਾਣ ਕਾ ਕੰਮ ਕਰਨਗੇ।ਸਮਾਜ ਵਿੱਚ ਹਿੰਸਾ ਦਾ ਵਧਣਾ ਅਤੇ ਆਪਸੀ ਮਿਲਵਰਤਨ ਦੇ ਖਤਮ ਹੋਣ ਦਾ ਮੁੱਖ ਕਾਰਨ ਨਸ਼ਾ ਹੀ ਹੈ। ਨਸ਼ੇ ਨੂੰ ਖਤਮ ਕਰਨ ਲਈ ਸਮਾਜ ਦੇ ਹਰ ਵਰਗ ਨੂੰ ਇਕਮੁੱਠ ਹੋਣ ਦੀ ਲੋੜ ਹੈ।ਸਰਕਾਰਾਂ ਨੂੰ ਚਾਹੀਦਾ ਹੈ ਕਿ ਨਸ਼ਾ ਵਿਰੋਧੀ ਵਿਸ਼ਾ ਬਣਾ ਕੇ ਸਕੂਲਾਂ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਬੱਚਿਆਂ ਨੂੰ ਸ਼ੁਰੂ ਤੋਂ ਹੀ ਨਸ਼ੇ ਦੀਆਂ ਬੁਰਾਈਆਂ ਬਾਰੇ ਜਾਣੂ ਕਰਵਾਇਆ ਜਾ ਸਕੇ। ਅੱਜ ਦੇ ਸਮੇਂ ਵਿੱਚ ਇਸ ਮੁੱਦੇ ਨੂੰ ਉਜਾਗਰ ਕਰਨ ਦੀ ਬਜਾਏ ਇਸ ਦੀ ਰੋਕਥਾਮ ਲਈ ਹਰ ਇਕ ਵਿਅਕਤੀ ਜੋ ਕਿ ਸਮਾਜ ਪ੍ਰਤੀ ਚਿੰਤਾ ਵਾਲੀ ਸੋਚ ਰੱਖਦਾ ਹੈ ਉਸਨੂੰ ਅੱਗੇ ਆ ਕੇ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ।
“ਪੰਜਾਬ ਬਚਾ ਲਓ ਮੌਕਾ ਹੈ“ ਦਾ ਨਾਅਰਾ ਵੋਟਾਂ ਦੀ ਬਜਾਏ ਜੇਕਰ ਇਸ ਕਲੰਕ ਦੇ ਖਾਤਮੇ ਲਈ ਵਰਤਿਆ ਜਾਵੇ ਤਾਂ ਪੰਜਾਬ ਦੇ ਸੁਨਿਹਰੇ ਦਿਨ ਵਾਪਸ ਆਉਣ ਦੀ ਉਮੀਦ ਲਗਾਈ ਜਾ ਸਕਦੀ ਹੈ।ਨਸ਼ੇ ਨਾਲ ਪੀੜਤ ਵਿਅਕਤੀ ਨੂੰ ਨਫ਼ਰਤ ਕਰਨ ਦੀ ਥਾਂ ਤੇ ਜੇਕਰ ਉਸ ਨੂੰ ਪਿਆਰ ਨਾਲ ਜਿੰਦਗੀ ਦੇ ਮਹੱਤਵ ਅਤੇ ਮਹਾਨਤਾ ਬਾਰੇ ਸਮਝਾਇਆ ਜਾਵੇ ਤਾਂ ਸਮਝੋ ਕਿ ਅਸੀ ਇਕ ਵਧੀਆ ਇਨਸਾਨੀ ਫ਼ਰਜ ਨਿਭਾ ਰਹੇ ਹਾਂ।

ਗੁਰਬਾਜ ਸਿੰਘ ਭੰਗਚੜੀ
ਸ੍ਰੀ ਮੁਕਤਸਰ ਸਾਹਿਬ
ਮੋਬਾ : 97808-05911
Punjab Post Daily Online Newspaper & Print Media