ਅੰਮ੍ਰਿਤਸਰ, 26 ਫਰਵਰੀ (ਪੰਜਾਬ ਪੋਸਟ ਬਿਊਰੋ) – ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਵਿਰਸਾ ਵਿਹਾਰ ਵਿਚ ਕਰਵਾਏ ਦੋ ਰੋਜ਼ਾ ਰੰਗਮੰਚ ਸੈਮੀਨਾਰ ਅਮਿੱਟ ਪੈੜਾਂ ਸਿਰਜਦਾ ਹੋਇਆ ਸੰਪੰਨ ਹੋ ਗਿਆ। ਸੰਪੰਨ ਹੋਏ ਦੋ ਦਿਨਾ ਕੌਮੀ ਰੰਗਮੰਚ ਸੈਮੀਨਾਰ ਵਿਚ ਵਿਦਵਾਨਾਂ ਨੇ ਇਹ ਰਾਏ ਪ੍ਰਗਟ ਕੀਤੀ ਕਿ ਨੈਸ਼ਨਲ ਸਕੂਲ ਆਫ ਡਰਾਮਾ ਅਤੇ ਰੰਗਮੰਚ ਦੀ ਸਿਖਲਾਈ ਲਈ ਕੰਮ ਕਰਦੀਆਂ ਹੋਰ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਇਹ ਸ਼ਰਤ ਲਾਗੂ ਕਰਨ ਕਿ ਉਨਾਂ ਦੇ ਅਦਾਰੇ ਤੋਂ ਸਿਖਲਾਈ ਯਾਫਤਾ ਵਿਦਿਆਰਥੀ ਆਪੋ-ਆਪਣੇ ਖਿੱਤੇ ਵਿਚ ਘੱਟੋ-ਘੱਟ ਤਿੰਨ ਸਾਲ ਥਿਏਟਰ ਨਾਲ ਜੁੜ ਕੇ ਕੰਮ ਕਰਨ ਤੋਂ ਬਾਅਦ ਹੀ ਪੈਸੇ ਦੀ ਦੌੜ ਵਾਲੇ ਕਿਸੇ ਹੋਰ ਖੇਤਰ ਨੂੰ ਚੁਣਨ।
ਨਾਟਕ, ਰੰਗਮੰਚ ਤੇ ਆਲੋਚਨਾ ਵਿਸ਼ੇ `ਤੇ ਬੋਲਦਿਆਂ ਥੀਏਟਰ ਨਾਲ ਸਬੰਧਤ ਅਜੀਤ ਰਾਏ ਨੇ ਥੀਏਟਰ ਦੀ ਵਿਸ਼ਾਲ ਅਹਿਮੀਅਤ ਦੀ ਗੱਲ ਕਰਦਿਆਂ ਕਿਹਾ ਕਿ ਸਿਨੇਮਾ, ਟੀ.ਵੀ ਜਾਂ ਮੀਡੀਆ ਦੇ ਹੋਰ ਸਾਧਨਾਂ ਦੀ ਭਰਮਾਰ ਹੈ, ਪਰ ਥੀਏਟਰ ਇਨਾਂ ਸਾਧਨਾਂ ਨੂੰ ਆਪਣੀ ਬੁੱਕਲ ਵਿਚ ਲੈਣ ਦੇ ਸਮਰੱਥ ਹੈ।ਰਾਜਾ ਬੁੰਦੇਲਾ ਨੇ ਵਿਸ਼ੇ ਨੂੰ ਹੋਰ ਸਪੱਸ਼ਟ ਕਰਦਿਆਂ ਕਿਹਾ ਕਿ ਸਾਨੂੰ ਆਪਣੀਆਂ ਕਮਜ਼ੋਰੀਆਂ ਦੂਰ ਕਰਨ ਲਈ ਆਲੋਚਨਾ ਸੁਣਨ ਅਤੇ ਪੜਨ ਦੀ ਆਦਤ ਪਾਉਣੀ ਚਾਹੀਦੀ ਹੈ ਮੁਸ਼ਤਾਕ ਕਾਕ ਨੇ ਕਿਹਾ ਕਿ ਆਲੋਚਨਾ ਮਨੁੱਖੀ ਜੀਵਨ ਵਿਚ ਕੰਮ ਕਰਨ ਲਈ ਊਰਜਾ ਮੁਹਈਆ ਕਰਦੀ ਹੈ।ਕੇਵਲ ਧਾਲੀਵਾਲ ਨੇ ਕਿਹਾ ਕਿ ਵਿਦਿਅਕ ਅਦਾਰਿਆਂ ਦੇ ਪਾਠਕ੍ਰਮ ਵਿਚ ਆਲੋਚਨਾ ਦਾ ਵਿਸ਼ਾ ਪੜਾਇਆ ਜਾਣਾ ਚਾਹੀਦਾ ਹੈ।
ਬਾਅਦ ਦੁਪਹਿਰ ਗਭਰੇਟ ਰੰਗਮੰਚ ਦੀਆਂ ਲੋੜਾਂ `ਤੇ ਸਮੱਸਿਆਵਾਂ ਵਿਸ਼ੇ ਨੂੰ ਕੇਂਦਰ ਵਿਚ ਰੱਖ ਕੇ ਹੋਈ ਗੱਲਬਾਤ ਵਿਚ ਡਾ. ਸਤੀਸ਼ ਵਰਮਾ ਨੇ ਕਿਹਾ ਕਿ ਅਜੋਕੇ ਨਾਟਕਕਾਰਾਂ ਨੂੰ ਇਹ ਅਹਿਦ ਕਰਨਾ ਪਵੇਗਾ ਕਿ ਘੱਟੋ-ਘੱਟ ਇਕ ਨਾਟਕ ਨੌਜੁਆਨ ਪੀੜੀ ਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖ ਕੇ ਲਿਖਣ ਤਾਂ ਜੋ ਰਾਹੋਂ ਭਟਕ ਰਹੀ ਨੌਜੁਆਨ ਪੀੜੀ ਲਈ ਨਵੇਂ ਰਾਹ ਰੌਸ਼ਨ ਹੋਣ।ਉਨਾਂ ਕਿਹਾ ਕਿ ਗਭਰੇਟ ਉਮਰ ਦੇ ਥੀਏਟਰ ਦੀ ਸ਼ੁਰੂਆਤ ਕਰਨ ਲਈ ਨੌਜੁਆਨ ਪੀੜੀ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ ਤਾਂ ਰੰਗਮੰਚ ਦੀਆਂ ਨਵੀਆਂ ਦਿਸ਼ਾਵਾਂ ਖੁੱਲਣਗੀਆਂ।
ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਨੌਜੁਆਨਾਂ ਨਾਲ ਜੁੜੇ ਸੰਜੀਦਾ ਮਸਲਿਆਂ ਨੂੰ ਗੰਭੀਰਤਾ ਨਾਲ ਮੰਚ ਅਤੇ ਸਾਹਿਤ ਵਿਚ ਪੇਸ਼ ਕਰਨ ਦੀ ਲੋੜ ਹੈ। ਡਾ. ਸ਼ਿਆਮ ਸੁੰਦਰ ਦੀਪਤੀ ਨੇ ਗਭਰੇਟ ਉਮਰ ਦੀ ਗੱਲ ਕਰਦਿਆਂ ਕਿਹਾ ਕਿ ਸਾਨੂੰ ਪਰਿਵਾਰਾਂ ਵਿਚ ਬੈਠ ਕੇ ਨੌਜੁਆਨ ਬੱਚਿਆਂ ਨਾਲ ਸੰਬਾਦ ਰਚਾਉਣਾ ਚਾਹੀਦਾ ਹੈ ਕਿਉਂਕਿ ਮਾਪੇ ਹੀ ਬੱਚਿਆਂ ਨੂੰ ਨੇੜਿਉਂ ਸਮਝਦੇ ਹਨ।
ਨਾਟਕਕਾਰ ਦਵਿੰਦਰ ਦਮਨ ਨੇ ਕਿਹਾ ਕਿ ਬਾਲਗ ਹੋ ਰਹੇ ਬੱਚਿਆਂ ਨੂੰ ਰੰਗਮੰਚ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਤਾਂ ਜੋ ਨੌਜੁਆਨ ਪੀੜੀ ਅਤੇ ਵੱਡਿਆਂ ਵਿਚਲਾ ਪਾੜਾ ਖਤਮ ਹੋਵੇ। ਦਿੱਲੀ ਤੋਂ ਆਈ ਨੌਜੁਆਨ ਪੱਤਰਕਾਰ ਮਾਨੀ ਸਿੰਘ ਨੇ ਕਿਹਾ ਕਿ ਸਾਨੂੰ ਗੰਭੀਰ ਤੇ ਅਹਿਮ ਮਸਲੇ `ਤੇ ਗੱਲ ਕਰਨ ਵੇਲੇ ਨੌਜੁਆਨਾਂ ਦੀ ਸ਼ਮੂਲੀਅਤ ਯਕੀਨੀ ਬਣਾਉਣੀ ਚਾਹੀਦੀ ਹੈ ਤਾਂ ਜੋ ਉਨਾਂ ਦੇ ਮਸਲਿਆਂ ਨੂੰ ਹੋਰ ਨੇੜਿਉਂ ਸਮਝਿਆ ਜਾ ਸਕੇ। ਡਾ. ਸਾਹਿਬ ਸਿੰਘ ਤੇ ਜਤਿੰਦਰ ਬਰਾੜ ਨੇ ਬਹਿਸ ਵਿਚ ਹਿੱਸਾ ਲੈਂਦਿਆਂ ਕਿਹਾ ਕਿ ਸਾਨੂੰ ਆਪਣੇ ਫੈਸਲੇ ਨੌਜੁਆਨ ਪੀੜੀ `ਤੇ ਥੋਪਣੇ ਨਹੀਂ ਚਾਹੀਦੇ।
ਅੱਜ ਦੇ ਦੋਵੇਂ ਸੈਸ਼ਨਾਂ ਦਾ ਮੰਚ ਸੰਚਾਲਨ ਡਾ. ਸਾਹਿਬ ਸਿੰਘ ਤੇ ਸ੍ਰੀ ਦੀਪ ਦਵਿੰਦਰ ਸਿੰਘ ਨੇ ਬਾਖੂਬੀ ਕੀਤਾ। ਅੰਤ ਵਿਚ ਮੈਂਬਰ ਕਾਰਜਕਾਰਨੀ ਸ੍ਰੀ ਮੱਖਣ ਕੁਹਾੜ ਅਤੇ ਸ੍ਰੀਮਤੀ ਅਰਤਿੰਦਰ ਸੰਧੂ ਨੇ ਧੰਨਵਾਦ ਕੀਤਾ। ਇਸੇ ਦੌਰਾਨ ਡਾ. ਸੁਖਵੀਰ ਕੌਰ ਦੀਆਂ ਦੋ ਪੁਸਤਕਾਂ `ਪੰਜਾਬੀ ਨਾਟਕ : ਸਿਧਾਂਤ ਅਤੇ ਵਿਸ਼ਲੇਸ਼ਣ` ਅਤੇ `ਪਾਲੀ ਭੁਪਿੰਦਰ ਸਿੰਘ ਦੀ ਨਾਟ-ਸੰਵੇਦਨਾ` ਲੋਕ ਅਰਪਿਤ ਕੀਤੀਆਂ ਗਈਆਂ। ਇਸ ਮੌਕੇ ਦਿੱਲੀ ਯੂਨੀਵਰਸਿਟੀ ਦੇ ਰਾਮ ਜਸ ਕਾਲਜ ਵਿਚ ਹੋ ਰਹੇ ਸੈਮੀਨਾਰ ਨੂੰ ਰੋਕਣ ਲਈ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਕਾਰਕੁੰਨਾਂ ਵਲੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਕੀਤੀ ਮਾਰ ਕੁਟਾਈ ਅਤੇ ਦਿੱਲੀ ਦੇ ਗੁਰੂ ਤੇਗ ਬਹਾਦਰ ਕਾਲਜ ਵਿਚ ਨਾਟਕ ਮੁਕਾਬਲਿਆਂ ਨੂੰ ਰਦ ਕੀਤੇ ਜਾਣ ਦੇ ਖਿਲਾਫ ਪ੍ਰਸਤਾਵ ਵੀ ਪੇਸ਼ ਕੀਤਾ ਗਿਆ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media