Friday, June 5, 2026

ਪੰਜਾਬ ’ਵਰਸਿਟੀ ਨੇ ਫੀਸਾਂ ’ਚ ਵਾਧਾ ਵਾਪਸ ਲਿਆ – ਵਿਦਿਆਰਥੀਆਂ ਨੇ ਜੈਤੂ ਰੈਲੀ ਕੀਤੀ

ਫਾਜ਼ਿਲਕਾ, 1 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਯੂਨੀਵਰਸਿਟੀ ਵੱਲੋਂ ਬੀਤੇ ਫੀਸਾਂ ’ਚ ਕੀਤੇ ਗਏ ਵਾਧੇ ਦੇ ਵਿਰੋਧ ’ਚ ਪਿਛਲੇ ਲਗਭਗ ਦੋ ਹਫ਼ਤਿਆਂ ਤੋਂ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਖਤਮ ਹੋ ਗਿਆ। ਪੰਜਾਬ ’ਵਰਸਿਟੀ ਦੇ ਸੀਨੇਟਰ ਸੰਦੀਪ ਕੁਮਾਰ ਧੂੜੀਆ ਸਮੇਤ ਸੀਨੇਟ, ਸਿੰਡੀਕੇਟ ਅਤੇ ’ਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਨਿੱਜੀ ਦਿਲਚਸਪੀ ਲੈਣ ਤੇ ਪੰਜਾਬ ਯੂਨੀਵਰਸਿਟੀ ਵੱਲੋਂ ਲਏ ਗਏ ਫੈਸਲੇ ਕਰਕੇ ਪੀਐਸਯੂ ਦੀ ਅਗਵਾਈ ’ਚ ਕੀਤੇ ਜਾ ਰਹੇ ਸੰਘਰਸ਼ ਨੂੰ ਖਤਮ ਕਰਕੇ ਵਿਦਿਆਰਥੀਆਂ ਨੇ ਸਰਕਾਰੀ ਐਮਆਰ ਕਾਲਜ ਵਿਚ ਜੇਤੂ ਰੈਲੀ ਕੀਤੀ। PPN0203201706
ਸਥਾਨਕ ਸਰਕਾਰੀ ਐਮ ਆਰ ਕਾਲਜ ’ਚ ਵਿਦਿਆਰਥੀਆਂ ਵੱਲੋਂ ਕੀਤੀ ਗਈ ਜੇਤੂ ਰੈਲੀ ਨੂੰ ਸੰਬੋਧਤ ਕਰਦਿਆਂ ਪੀਐਸਯੂ ਦੇ ਸੂਬਾਈ ਪ੍ਰਧਾਨ ਰਜਿੰਦਰ ਸਿੰਘ, ਸੂਬਾਈ ਆਗੂ ਗਗਨ ਸੰਗਰਾਮੀ, ਹਰਦੀਪ ਕੋਟਲਾ ਅਤੇ ਕਾਲਜ ਪ੍ਰਧਾਨ ਸਤਨਾਮ ਘੱਲੂ ਨੇ ਕਿਹਾ ਕਿ ਫਾਜ਼ਿਲਕਾ ਦੇ ਸਰਕਾਰੀ ਐਮਆਰ ਕਾਲਜ ਦੇ ਵਿਦਿਆਰਥੀਆਂ ਨੇ ਅੰਦੋਲਨ ਨੇ ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਸਾਰ ਕਾਲਜਾਂ ਦੇ ਵਿਦਿਆਰਥੀਆਂ ਦੀਆਂ ਫੀਸਾਂ ’ਚ ਕੀਤੇ ਗਏ ਵਾਧੇ ਨੂੰ ਮੁਆਫ਼ ਕਰਵਾ ਕੇ ਇਤਿਹਾਸ ਸਿਰਜਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਸਿੰਡੀਕੇਟ ਮੀਟਿੰਗ ’ਚ ਪਾਸ ਹੋਣਾ ਕਿ 2.50 ਲੱਖ ਤੱਕ ਆਮਦਨ ਵਾਲੇ ਸਾਰਿਆਂ ਵਿਦਿਆਰਥੀਆਂ ਚਾਹੇ ਉਹ ਕਿਸੇ ਵੀ ਜਾਤੀ ਨਾਲ ਸਬੰਧਤ ਹੋਣ ਉਨ੍ਹਾ ਦੀਆਂ ਫੀਸਾਂ ’ਚ ਕੀਤਾ ਗਿਆ ਵਾਧਾ ਵਾਪਸ ਹੋਵੇਗਾ ਦਾ ਫੈਸਲਾ ਪੂਰੇ ਪੰਜਾਬ ਦੇ ਗਰੀਬ ਵਿਦਿਆਰਥੀਆਂ ਲਈ ਵੱਡੀ ਰਾਹਤ ਹੈ। ਆਗੂਆਂ ਨੇ ਕਿਹਾ ਕਿ 1996 ਤੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਐਸਸੀ ਵਿਦਿਆਰਥੀਆਂ ਦੀ ਫੀਸ ਮੁਆਫ਼ ਹੈ ਪਰ ਸਥਾਨਕ ਸਰਕਾਰੀ ਐਮਆਰ ਕਾਲਜ ਪੰਜਾਬ ਦਾ ਇੱਕੋ ਇੱਕ ਸਰਕਾਰੀ ਕਾਲਜ ਹੈ, ਜਿੱਥੇ ਐਸਸੀ ਵਿਦਿਆਰਥੀਆਂ ਤੋਂ ਫੀਸ ਲਈ ਜਾਂਦੀ ਹੈ। ਪਰ ਹੁਣ ਇਸ ਸੰਘਰਸ਼ ਤਹਿਤ 21 ਵਰ੍ਹਿਆਂ ’ਚ ਪਹਿਲੀ ਵਾਰ ਹੋਵੇਗਾ ਜਦੋਂ ਅਗਲੇ ਸੈਸ਼ਨ ਤੋਂ ਐਸਸੀ ਵਿਦਿਆਰਥੀਆਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ। ਵਿਦਿਆਰਥੀਆਂ ਦੀਾਂ ਫੀਸਾਂ ’ਚ ਕੀਤੇ ਗਏ ਵਾਧੇ ਦੇ ਮਾਮਲੇ ਨੂੰ ਹੱਲ ਕਰਵਾਉਣ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੀਨੇਟਰ ਅਤੇ ਫਾਜ਼ਿਲਕਾ ਵਾਸੀ ਸੰਦੀਪ ਕੁਮਾਰ ਧੂੜੀਆ ਵੱਲੋਂ ਨਿੱਜੀ ਦਿਲਚਸਪੀ ਲੈਂਦਿਆਂ ਅਹਿਮ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ, ਜਿਸ ਕਰਕੇ ਪੀਐਸਯੂ ਦੇ ਸੰਘਰਸ਼ ਨੂੰ ਜਿੱਤ ਮਿਲੀ ਹੈ ਅਤੇ ਇਸ ਤੋਂ ਇਲਾਵਾ ਸਿੰਡੀਕੇਟ ਮੈਂਬਰਾਂ ਇਕਬਾਲ ਸਿੰਘ ਸੰਧੂ ਅਤੇ ਵਰਿੰਦਰ ਸਿੰਘ ਗਿੱਲ ਵੱਲੋਂ ਵੀ ਸਿੰਡੀਕੇਟ ਮੀਟਿੰਗ ’ਚ ਜ਼ੋਰਦਾਰ ਆਵਾਜ਼ ਚੁੱਕੀ ਗਈ। ਇਸ ਮੌਕੇ ਮੋਨਿਕਾ ਖੰਨਾ, ਈਸ਼ਾ ਖੱਟਰ, ਜੋਤੀ, ਜੀਨੂ ਕੰਬੋਜ, ਪ੍ਰਿੰਆ, ਮੁਕੇਸ਼, ਰਣਜੀਤ ਸਿੰਘ, ਵਿਕ੍ਰਮ ਕੁਮਾਰ, ਸਚਿਨ ਸ਼ਰਮਾ, ਮੋਨਕਾ, ਰਾਹੁਲ, ਪ੍ਰਿਆ, ਸ਼ਿਲਪਾ, ਸਰਵਨ ਸਿੰਘ ਅਤੇ ਸੈਂਕੜਿਆਂ ਦੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ। ਇਸ ਮੌਕੇ ਵਿਦਿਆਰਥੀਆਂ ਨੇ ਸੀਨੇਟਰ ਸ਼੍ਰੀ ਧੂੜੀਆ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ।

ਵਿਦਿਆਰਥੀਆਂ ਦੇ ਸੰਘਰਸ਼ ਨਾਲ ਕਈ ਹੋਰ ਮੰਗਾਂ ਹੋਈਆਂ ਪੂਰੀਆਂ – ਧੂੜੀਆPPN0203201707
ਪੰਜਾਬ ਯੂਨੀਵਰਸਿਟੀ ਵੱਲੋਂ ਫੀਸਾਂ ’ਚ ਕੀਤੇ ਗਏ ਵਾਧੇ ਨੂੰ ਵਾਪਸ ਲੈਣ ਸਬੰਧੀ ਲਏ ਗਏ ਫੈਸਲੇ ’ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੀਨੇਟਰ ਤੇ ਫਾਜ਼ਿਲਕਾ ਵਾਸੀ ਸੰਦੀਪ ਕੁਮਾਰ ਧੂੜੀਆ ਨੇ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਦੀ ਏਕਤਾ ਨੇ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਸੰਘਰਸ਼ ਨਾਲ ਜਿੱਥੇ ਯੂਨੀਵਰਸਿਟੀ ਨੇ ਫੀਸਾਂ ’ਚ ਕੀਤੇ ਗਏ ਵਾਧੇ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ ਉੱਥੇ ਕਈ ਹੋਰ ਮੰਗਾਂ ਵੀ ਪੂਰੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਜਿਸ ਵਿਦਿਆਰਥੀ ਦੇ ਮਾਪਿਆਂ ਦੀ ਸਲਾਨਾ ਆਮਦਨ ਢਾਈ ਲੱਖ ਤੋਂ ਘੱਟ ਹੈ ਉਸ ਨੂੰ ਫੀਸ ’ਚ ਕੀਤੇ ਵਾਧੇ ਤੋਂ ਛੂਟ ਹੋਵੇਗੀ। ਉਨ੍ਹਾਂ ਕਿਹਾ ਕਿ ਜਲਦੀ ਹੀ ਜਿਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਦੀ ਸਲਾਨਾ ਆਮਦਨ 5 ਲੱਖ ਤੋਂ ਘੱਟ ਹੈ ਉਨ੍ਹਾਂ ਨੂੰ ਫੀਸਾਂ ਦੇ ਵਾਧੇ ਤੋਂ ਛੂਟ ਦਿਵਾਉਣ ਦਾ ਫੈਸਲਾ ਪਾਸ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਯੂਨੀਵਰਸਿਟੀ ਵੱਲੋਂ ਜਿਨ੍ਹਾਂ ਵਿਦਿਆਰਥੀਆਂ ਦੀ ਪਿਛਲੇ ਵਰ੍ਹਿਆਂ ਦੌਰਾਨ ਕੋਈ ਪ੍ਰੀਖਿਆ ਰਹਿੰਦੀ ਹੈ, ਉਸ ਨੂੰ ਪ੍ਰੀਖਿਆ ਦੇਣ ਲਈ ਇਕ ਵਿਸ਼ੇਸ਼ ਸੁਨਹਿਰੀ ਮੌਕਾ ਦਿੱਤਾ ਗਿਆ ਹੈ। ਹੁਣ ਕੋਈ ਵੀ ਵਿਦਿਆਰਥੀ ਜੋ ਵਿਦਿਆਰਥੀ ਸਰਕਾਰੀ ਨੌਕਰੀ ਵੀ ਲੱਗ ਚੁੱਕਿਆ ਹੈ ਤਾਂ ਵੀ ਸੁਨਹਿਰੀ ਮੌਕੇ ਦਾ ਲਾਭ ਲੈ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਕੋਈ ਵਿਦਿਆਰਥੀ ਗ੍ਰੇਜੂਏਸ਼ਨ ਜਾਂ ਪੋਸਟ ਗ੍ਰੇਜੂਏਸ਼ਨ ਦਾ ਆਖਰੀ ਸ਼ੈਸ਼ਨ ਛੱਡ ਕੇ ਸਰਕਾਰੀ ਨੌਕਰੀ ਲੱਗ ਗਿਆ ਹੈ, ਉਹ ਵੀ ਪ੍ਰਾਈਵੇਟ ਤੌਰ ਤੇ ਆਪਣਾ ਕੋਰਸ ਪੂਰਾ ਕਰ ਸਕਦਾ ਹੈ। ਸ਼੍ਰੀ ਧੂੜੀਆ ਨੇ ਕਿਹਾ ਕਿ ਉੱਚ ਸਿਖਿਆ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਯੂਨੀਵਰਸਿਟੀ ਦੀ ਪੂਰੀ ਸੀਨੇਟ ਅਤੇ ਸਿੰਡੀਕੇਟ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਹਮੇਸ਼ਾਂ ਹੀ ਭਲਾਈ ਦੇ ਕੰਮ ਕਰਦੀ ਰਹੀ ਹੈ ਅਤੇ ਭਵਿੱਖ ਵਿਚ ਵੀ ਕਰਦੀ ਰਹੇਗੀ।

Check Also

ਖਾਲਸਾ ਕਾਲਜ ਵਿਖੇ ‘ਇਨਕਮ ਟੈਕਸ ਅਤੇ ਜੀ.ਐਸ.ਟੀ ਰਿਟਰਨ ਦੀ ਈ-ਫਾਈਲਿੰਗ’ ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟਰੇਸ਼ਨ ਵਿਭਾਗ …

Leave a Reply