ਅੰਮ੍ਰਿਤਸਰ, 2 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰਿਆਂ ਦੇ ਕੰਮ-ਕਾਰ ਵਿਚ ਵਿਆਪਕ ਸੁਧਾਰ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਇਸ ਸਬੰਧੀ ਵਿਸ਼ੇਸ਼ ਤਵੱਜੋਂ ਦੇ ਕੇ ਵਰਤਮਾਨ ਅਨੁਸਾਰ ਲੋੜੀਂਦੀਆਂ ਸੋਧਾਂ ਤੇ ਸੇਧਾਂ ਨੂੰ ਅਮਲ ਵਿਚ ਲਿਆਂਦਾ ਜਾਵੇਗਾ।
ਦਫਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਬਿਆਨ ਵਿਚ ਉਨ੍ਹਾਂ ਕਿਹਾ ਕਿ ਜਿਥੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲਦੇ ਵਿਦਿਅਕ ਅਦਾਰਿਆਂ ਦਾ ਅਕਾਦਮਿਕ ਲੇਖਾ-ਜੋਖਾ ਕੀਤਾ ਜਾਵੇਗਾ, ਉਥੇ ਵਿੱਤੀ ਸੁਧਾਰਾਂ ਲਈ ਵੀ ਉਚੇਚੇ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅੱਜ ਵਿਦਿਆ ਦੇ ਖੇਤਰ ਵਿਚ ਕੌਮਾਂਤਰੀ ਮਿਆਰਾਂ ਅਨੁਸਾਰ ਕਾਰਜਸ਼ੀਲਤਾ ਦੀ ਅਵਸ਼ੱਕਤਾ ਹੈ। ਵਿਦਿਅਕ ਸੰਸਥਾਵਾਂ ਦੇ ਗੁਣਾਂ ਅਤੇ ਖਾਮੀਆਂ ਦੀ ਨਿਸ਼ਾਨਦੇਹੀ ਬੇਹੱਦ ਜ਼ਰੂਰੀ ਹੁੰਦੀ ਹੈ ਅਤੇ ਮੁਕੰਮਲ ਰਿਪੋਰਟ ਪ੍ਰਾਪਤ ਕਰਨ ਤੋਂ ਬਾਅਦ ਹੀ ਕਾਰਗੁਜ਼ਾਰੀ ਸਬੰਧੀ ਤਸਵੀਰ ਸਪੱਸ਼ਟ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸੇ ਪ੍ਰਸੰਗ ਵਿਚ ਵਿਦਿਅਕ ਸੁਧਾਰਾਂ ਲਈ ਰਾਇ ਦੇਣ ਸਬੰਧੀ ਇਕ ਸਬ-ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਇਸ ਕਮੇਟੀ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਾਇਮਪੁਰ, ਅੰਤ੍ਰਿੰਗ ਮੈਂਬਰ ਸੁਰਜੀਤ ਸਿੰਘ, ਡਾ. ਰੂਪ ਸਿੰਘ ਸਕੱਤਰ, ਡਾ. ਇੰਦਰਜੀਤ ਸਿੰਘ ਗੋਗੋਆਣੀ ਪ੍ਰੋਫੈਸਰ ਖਾਲਸਾ ਕਾਲਜ ਅੰਮ੍ਰਿਤਸਰ, ਡਾ. ਕੁਲਦੀਪ ਸਿੰਘ ਬੱਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਬੁਢਲਾਡਾ, ਬੀਬੀ ਸਤਵੰਤ ਕੌਰ ਅਸਿਸਟੈਂਟ ਡਾਇਰੈਕਟਰ, ਬਲਵਿੰਦਰ ਸਿੰਘ ਸਾਬਕਾ ਪ੍ਰਿੰਸੀਪਲ ਸ੍ਰੀ ਗੁਰੂ ਰਾਮਦਾਸ ਖਾਲਸਾ ਸੀਨੀ: ਸੈਕੰ: ਸਕੂਲ ਅੰਮ੍ਰਿਤਸਰ ਨੂੰ ਲਿਆ ਗਿਆ ਹੈ ਅਤੇ ਇਸ ਕਮੇਟੀ ਨੂੰ ਜਗਜੀਤ ਸਿੰਘ ਮੀਤ ਸਕੱਤਰ ਕੋਆਰਡੀਨੇਟ ਕਰਨਗੇ। ਉਨ੍ਹਾਂ ਇਕ ਵਾਰ ਫਿਰ ਦੁਹਰਾਇਆ ਕਿ ਸ਼੍ਰੋਮਣੀ ਕਮੇਟੀ ਮਿਆਰੀ ਵਿਦਿਆ ਲਈ ਵਚਨਬੱਧ ਹੈ।
Check Also
ਖ਼ਾਲਸਾ ਕਾਲਜ ਵਿਖੇ `ਰੱਖੜੀ ਪ੍ਰਦਰਸ਼ਨੀ-ਕਮ-ਸੇਲ-2026` ਦਾ ਆਯੋਜਿਤ
ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ `ਰੱਖੜੀ …
Punjab Post Daily Online Newspaper & Print Media