Wednesday, March 18, 2026

ਨਰਮੇ ਦੀ ਬਿਜਾਈ ਤੋਂ ਪਹਿਲਾਂ ਚਿੱਟੀ ਮੱਖੀ ਦੀ ਪਨਾਹਗਾਹ ਬਣੇ ਨਦੀਨ ਹੋਣਗੇ ਨਸ਼ਟ- ਖੇਤੀਬਾੜੀ ਵਿਭਾਗ ਚਲਾਏਗਾ ਵਿਸ਼ੇਸ਼ ਮੁਹਿੰਮ

PPN0303201707ਬਠਿੰਡਾ, 3 ਮਾਰਚ (ਅਵਤਾਰ ਸਿੰਘ ਕੈਂਥ/ਜਸ਼ਨਦੀਪ ਸਿੰਘ)- ਨਰਮੇ ਦੀ ਫਸਲ ਨੂੰ ਚਿੱਟੀ ਮੱਖੀ ਤੋਂ ਬਚਾਣ ਲਈ ਅਤੇ ਨਰਮੇ ਦਾ  ਝਾੜ ਵਧਾਉਣ ਲਈ ਵਿਸੇਸ਼ ਯੋਜਨਾਬੰਦੀ ਕੀਤੀ ਗਈ ਹੈ। ਇਸ ਯੋਜਨਾਬੰਦੀ ਤਹਿਤ ਪਿਛਲੇ ਸਾਲ ਦੀ ਤਰ੍ਹਾਂ ਚਿੱਟੀ ਮੱਖੀ ਦੀ ਪਨਾਹ ਲੈਣ ਵਾਲੇ ਨਦੀਨਾਂ ਨੂੰ ਵਿਸ਼ੇਸ਼ ਮੁਹਿੰਮ ਚਲਾ ਕੇ ਨਸ਼ਟ ਕੀਤਾ ਜਾਵੇਗਾ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸਮੂਹ ਵਿਭਾਗਾਂ ਨੂੰ ਸ਼ਾਮਲ ਕਰਕੇ ਖੇਤੀਬਾੜੀ ਵਿਭਾਗ ਦੇ ਤਕਨੀਕੀ ਸਹਿਯੋਗ ਨਾਲ ਨਦੀਨ ਖ਼ਤਮ ਕੀਤੇ ਜਾਣਗੇ।  ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਠਿੰਡਾ ਨੇ ਚਿੱਟੀ ਮੱਖੀ ਦੀ ਰੋਕਥਾਮ ਲਈ ਨਦੀਨ ਨਸ਼ਟ ਕਰਵਾਉਣ ਸਬੰਧੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਨਰਮਾ ਭੱਟੀ ਦੇ ਵੱਖ-ਵੱਖ ਖੇਤਰਾਂ `ਚੋਂ ਨਦੀਨਾਂ ਖ਼ਤਮ ਕਰਨ ਲਈ ਸਾਰੇ ਵਿਭਾਗਾਂ ਦੀ ਡਿਊਟੀ ਲਗਾਈ ਗਈ ਹੈ। ਇਸ ਸਾਰੇ ਵਿਭਾਗ 31 ਮਾਰਚ 2017 ਤੱਕ ਆਪਣੇ ਆਪਣੇ ਅਧਿਕਾਰਤ ਖੇਤਰ ਵਿਚ ਆਉਂਦੇ ਰਕਬੇ ਵਿਚ ਨਦੀਨਾਂ ਨੂੰ ਨਸ਼ਟ ਕਰਕੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਹਫ਼ਤਾਵਾਰ ਰਿਪੋਰਟ ਭੇਜਣਗੇ। ਇਸ ਮੌਕੇ ਜਾਣਗਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਤਾਰ ਸਿੰਘ ਬਰਾੜ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਵਿਚ ਪਿਛਲੇ ਸਾਲ ਨਰਮੇ ਹੇਠ 80000 ਹੈਕਟੇਅਰ ਰਕਬਾ ਬੀਜਿਆ ਗਿਆ ਸੀ ਅਤੇ ਇਸ ਵਾਰ 1,40,000 ਹੈਕਟੇਅਰ ਨਰਮੇ ਦੇ ਰਕਬੇ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂਦ ੱਸਿਆ ਕਿ 2016 `ਚ ਚਿੱਟੀ ਮੱਖੀ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਗਈ ਜਿਸ ਦੇ ਵਧੀਆ ਨਤੀਜੇ ਪ੍ਰਾਪਤ ਹੋਏ ਅਤੇ ਨਰਮੇ ਦੀ ਫ਼ਸਲ ਦਾ ਝਾੜ ਇੱਕ ਤੋਂ ਦੋ ਸਪਰੇਆਂ ਘੱਟ ਕਰਨ ਦੇ ਬਾਵਜੂਦ ਵੀ ਰਿਕਾਰਡ ਤੋੜ ਰਿਹਾ। ਉਨ੍ਹਾਂ ਦੱਸਿਆ ਕਿ ਸਾਉਣੀ 2015 `ਚ ਚਿੱਟੀ ਮੱਖੀ ਦੇ ਹਮਲੇ ਕਾਰਨ ਨਰਮੇ ਦਾ ਝਾੜ ਕੇਵਲ 190 ਕਿਲੋ ਪ੍ਰਤੀ ਹੈਕਟੇਅਰ ਸੀ ਜਿਹੜਾ ਕਿ ਸਾਉਣੀ 2016 `ਚ ਸਰਕਾਰ ਦੇ ਯਤਨਾਂ ਸਦਕਾ 820 ਕਿਲੋ ਪ੍ਰਤੀ ਹੈਕਟੇਅਰ ਵਧ ਗਿਆ ਅਤੇ ਇਸ ਸਾਲ 850 ਕਿਲੋ ਪ੍ਰਤੀ ਹੈਕਟੇਅਰ ਝਾੜ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਨਰਮੇ ਦੀ ਬਿਜਾਈ ਤੋਂ ਪਹਿਲਾਂ ਚਿੱਟੀ ਮੱਖੀ ਦੀ ਪਨਾਹ ਲੈਣ ਵਾਲੇ ਨਦੀਨ ਜਿਵੇਂ ਕਿ ਗਾਜਰ ਘਾਹ,ਪੁੱਠ ਕੰਡਾ,ਭੰਗ,ਧਤੂਰਾ,ਪੀਲੀ ਬੂਟੀ ਅਤੇ ਕੰਘੀ ਬੂਟੀ ਆਦਿ ਨੂੰ ਨਸ਼ਟ ਕੀਤਾ ਜਾਵੇਗਾ। ਇਸ ਕੰਮ ਲਈ ਖੇਤੀਬਾੜੀ ਵਿਭਾਗ ਅਤੇ ਜ਼ਿਲ੍ਹਾ ਵਿਕਾਸ, ਪੰਚਾਇਤ ਅਫ਼ਸਰ, ਪੀ.ਡਬਲਯੂ.ਡੀ ਐਂਡ ਬੀ.ਐਂਡ.ਆਰ.ਜੰਗਲਾਤ ਵਿਭਾਗ, ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ, ਨਹਿਰੀ ਵਿਭਾਗ, ਡਰੇਨਜ਼ ਵਿਭਾਗ,ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ,ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ/ਪ੍ਰਾਈਮਰੀ, ਬਾਗਬਾਨੀ ਵਿਭਾਗ,ਡੇਅਰੀ ਵਿਭਾਗ,ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਡਾਇਰੈਕਟਰ ਖੇਤਰੀ ਪੀ.ਏ.ਯੂ. ਬਠਿੰਡਾ,ਜ਼ਿਲ੍ਹਾ ਮੰਡੀ ਬੋਰਡ ਅਫ਼ਸਰ, ਮੱਛੀ ਪਾਲਣ ਵਿਭਾਗ,ਪਸ਼ੂ ਪਾਲਣ ਵਿਭਾਗ,ਭੂਮੀ ਰੱਖਿਆ ਵਿਭਾਗ,ਸਿਵਲ ਸਰਜਨ ਅਫ਼ਸਰ, ਇੰਡਸਟ੍ਰੀਜ ਵਿਭਾਗ,ਪਬਲਿਕ ਹੈਲਥ ਵਿਭਾਗ,ਕਮਿਸ਼ਨਰ ਨਗਰ ਨਿਗਮ ਅਤੇ ਜ਼ਿਲ੍ਹਾ ਮੈਨੇਜਰ ਮਾਰਕਫੈਡ, ਬਠਿੰਡਾ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਆਪਣੇ ਇਲਾਕੇ `ਚ ਨਦੀਨ ਨਸ਼ਟ ਕਰਵਾਉਣ। ਖੇਤੀਬਾੜੀ ਵਿਭਾਗ ਵਲੋਂ ਪਿਛਲੀ ਸਾਉਣੀ ਦੀ ਤਰ੍ਹਾਂ ਇਸ ਸਾਲ ਵੀ ਕਾਟਨ ਸਕੀਮ ਪ੍ਰਤੀ 2 ਪਿੰਡਾਂ ਪਿੱਛੇ ਇੱਕ ਸਕਾਊਟ ਅਤੇ 20 ਪਿੰਡਾਂ ਪਿੱਛੇ ਇੱਕ ਫੀਲਡ ਸੁਪਰਵਾਈਜ਼ਰ ਵੀ ਨਿਯੁਕਤ ਕੀਤੇ ਜਾਣਗੇ ਤਾਂ ਜੋ ਨਰਮੇ ਦੀ ਫ਼ਸਲ ਸਬੰਧੀ ਨਵੀਆਂ ਤਕਨੀਕਾਂ ਨੂੰ ਜਲਦ ਤੋਂ ਜਲਦ ਪਿੰਡ ਪੱਧਰ `ਤੇ ਪਹੁੰਚਾਇਆ ਜਾ ਸਕੇ। ਖੇਤੀਬਾੜੀ ਵਿਭਾਗ ਵਲੋਂ ਬੀਜਾਂ ਸਬੰਧੀ ਤਕਨੀਕੀ ਜਾਣਕਾਰੀ ਮਾਰਚ ਦੇ ਅੱਧ ਤੱਕ ਮੁਹੱਈਆ ਕਰਵਾਈ ਜਾਵੇਗੀ ਅਤੇ ਅਪ੍ਰੈਲ ਦੇ ਮਹੀਨੇ ਤੋਂ ਸਿਫਾਰਸ਼ ਕੀਤੀਆਂ ਜਹਿਰਾਂ ਦੀ ਵਰਤੋਂ ਅਤੇ ਸਪਰੇਅ ਦੀ ਤਕਨੀਕ ਸਬੰਧੀ ਪੋਸਟਰ ਛਪਵਾ ਕੇ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply