ਨੌਜਵਾਨਾਂ ‘ਚ ਅਨੁਸ਼ਾਸ਼ਨ ਤੇ ਦੇਸ਼ ਪ੍ਰਤੀ ਜਜਬਾ ਪੈਦਾ ਕਰਨਾ ਸਮੇਂ ਦੀ ਜਰੂਰਤ- ਮੇਜ਼ਰ ਜਰਨਲ ਸੰਧੂ

ਅੰਮ੍ਰਿਤਸਰ, 19 ਜੂਨ (ਪ੍ਰੀਤਮ ਸਿੰਘ)- ਅੱਜ ਇਤਿਹਾਸਿਕ ਖ਼ਾਲਸਾ ਕਾਲਜ ਵਿਖੇ ਫ਼ਸਟ ਪੰਜਾਬ ਬਟਾਲੀਅਨ ਐੱਨ. ਸੀ. ਸੀ. ਆਰਮੀ ਵਿੰਗ ਵੱਲੋਂ ਭਾਈ ਸੁੰਦਰ ਸਿੰਘ ਮਜੀਠੀਆ ਹਾਲ ਵਿਖੇ ੧੦ ਰੋਜ਼ਾ ‘ਨੈਸ਼ਨਲ ਇੰਟੀਗ੍ਰੇਸ਼ਨ ਕੈਂਪ’ ਦਾ ਸ਼ਾਨਦਾਰ ਅਗਾਜ਼ ਹੋਇਆ। ਐੱਨ. ਸੀ. ਸੀ. ਦੇ 29 ਜੂਨ ਤੱਕ ਚਲਣ ਵਾਲੇ ਇਸ ਕੈਂਪ ‘ਚ ਪੂਰੇ ਭਾਰਤ ਤੋਂ 620 ਕੈਡਿਟ ਹਿੱਸਾ ਲੈ ਰਹੇ ਹਨ। ਇਸ ਮੌਕੇ ਕਾਲਜ ਦੇ ਐਸੋਸੀਏਟ ਪ੍ਰੋਫ਼ੈਸਰ ਨਵਨੀਨ ਬਾਵਾ ਤੇ ਕੈਂਪ ਕਮਾਂਡਰ ਬ੍ਰਿਗੇਡੀਅਰ ਬਲਵਿੰਦਰ ਸਿੰਘ ਨੇ ਸਾਂਝੇ ਤੌਰ ‘ਤੇ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ ੧੫ ਇਨਸੈਟਰੀ ਡਵੀਜ਼ਨ ਦੇ ਮੇਜ਼ਰ ਜਰਨਲ ਪੀ. ਐੱਸ. ਸੰਧੂ ਦਾ ਨਿੱਘਾ ਸਵਾਗਤ ਕਰਦਿਆ ‘ਜੀ ਆਇਆ’ ਕਿਹਾ। ਕੈਡਿਟਾਂ ਨੂੰ ਸੰਬੋਧਨ ਕਰਦਿਆ ਮੇਜ਼ਰ ਸੰਧੂ ਨੇ ਕਿਹਾ ਕਿ ਦੇਸ਼ ਦੀ ਉੱਨਤੀ ਤੇ ਖੁਸ਼ਹਾਲੀ ‘ਚ ਨੌਜ਼ਵਾਨ ਪੀੜ੍ਹੀ ਦਾ ਵੱਡਾ ਯੋਗਦਾਨ ਹੁੰਦਾ ਹੈ, ਪਰ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਦੇ ਨੌਜਵਾਨ ਨਸ਼ਿਆ ਵਰਗੇ ਕੋਹੜ ਨੂੰ ਗਲ ਲਾਈ ਬੈਠੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਗੱਭਰੂ ਨਾਸਮਝੀ ‘ਚ ਆਪਣੇ-ਆਪ ਨੂੰ ਨਸ਼ਿਆਂ ਦੇ ਦੈਂਤ ਹਵਾਲੇ ਕਰਦਿਆ ਹੋਇਆ ਮਾਪਿਆਂ ਤੇ ਦੇਸ਼ ਨਾਲ ਗੱਦਾਰੀ ਕਰ ਰਿਹਾ ਹੈ। ਸ: ਸੰਧੂ ਨੇ ਦੱਸਿਆ ਕਿ ਨੌਜਵਾਨਾਂ ਦੀ ਦੇਸ਼ ਪ੍ਰਤੀ ਜ਼ਿੰਮੇਵਾਰੀਆਂ, ਵਿਕਾਸ ਅਤੇ ਨਸ਼ਿਆਂ ਖਿਲਾਫ਼ ਡੱਟਣ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨ ਲਈ ਚਲ ਰਹੇ ਕੈਂਪ ਦੌਰਾਨ ‘ਚ ਖ਼ਾਲਸਾ ਕਾਲਜ ਅਤੇ ਬਾਹਰੋਂ ਆਏ ਕੈਡਿਟਾਂ ਦੀ ‘ਨਸ਼ਾ ਵਿਰੋਧੀ’ ਰੈਲੀ ਵੀ ਕੱਢੀ ਗਈ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਲਗਾਉਣ ਦਾ ਮੁੱਖ ਮਨੋਰਥ ਨੌਜਵਾਨਾਂ ‘ਚ ਅਨੁਸ਼ਾਸ਼ਨ ਤੇ ਦੇਸ਼ ਪ੍ਰਤੀ ਜ਼ਜ਼ਬੇ ਨੂੰ ਪੈਦਾ ਕਰਨਾ ਹੈ। ਕਾਲਜ ‘ਚ ਲਗਾਏ ਇਸ ਕੈਂਪ ਪ੍ਰਤੀ ਕੈਡਿਟਾਂ ‘ਚ ਭਾਰੀ ਉਤਸ਼ਾਹ ਸੀ, ਜਿਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਦਲਜੀਤ ਸਿੰਘ ਨੇ ਆਪਣੇ ਸੰਦੇਸ਼ ‘ਚ ਕਿਹਾ ਕਿ ਅਜਿਹੇ ਕੈਂਪ, ਸਮੇਂ ਦੀ ਨਜਾਕਤ ਭਾਪਦਿਆ ਤੇ ਦੇਸ਼ ਪ੍ਰਤੀ ਫ਼ਰਜ਼ ਲਈ ਨੌਜਵਾਨਾਂ ਨੂੰ ਜਾਗ੍ਰਿਤ ਕਰਨ ਲਈ ਲਾਉਣਾ ਸਮੇਂ ਦੀ ਮੁੱਖ ਲੋੜ ਬਣ ਗਏ ਹਨ। ਇਸ ਮੌਕੇ ਕਾਲਜ ਦੀ ਐਸੋਸੀਏਟ ਪ੍ਰੋਫ਼ੈਸਰ ਨਵਨੀਨ ਬਾਵਾ ਨੇ ਮੇਜ਼ਰ ਜਰਨਲ ਪੀ. ਐੱਸ. ਸੰਧੂ ਨੂੰ ਕਾਲਜ ਤਸਵੀਰ ਭੇਂਟ ਕਰਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਡਿਪਟੀ ਕੈਂਪ ਕਮਾਂਡਰ ਕਰਨਲ ਆਰ. ਐੱਸ. ਬਾਠ, ਲੈਫ਼ਟੀਨੈਂਟ ਕਰਨਲ ਸ਼ਮਸ਼ੇਰ ਸਿੰਘ, ਪ੍ਰੋ: ਜਸਵਿੰਦਰ ਸਿੰਘ, ਪ੍ਰੋ: ਗੁਰਵੇਲ ਸਿੰਘ ਮੱਲ੍ਹੀ, ਡਾ. ਇਕਬਾਲ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਵਿਦਿਆਰਥੀ ਮੌਜ਼ੂਦ ਸਨ।
Punjab Post Daily Online Newspaper & Print Media