ਲੁਧਿਆਣਾ, 16 ਮਾਰਚ (ਪੰਜਾਬ ਪੋਸਟ ਬਿਊਰੋ)- ਬੇਲਨ ਬ੍ਰਿਗੇਡ ਦੀ ਕੌਮੀ ਪ੍ਰਧਾਨ ਆਰਕੀਟੈਕਟ ਅਨੀਤਾ ਸ਼ਰਮਾ ਨੇ ਕਾਂਗਰਸ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਚੋਣ ਵਾਅਦੇ ਮੁਤਾਬਿਕ ਉਹ 4 ਮਹੀਨੇ ਵਿੱਚ ਨਸ਼ਾ ਖ਼ਤਮ ਕਰਨ ਲਈ ਪ੍ਰਤੀ ਸਾਲ 25 ਫ਼ੀਸਦੀ ਸ਼ਰਾਬ ਦੇ ਠੇਕੇ ਪੰਜਾਬ ਵਿੱਚ ਬੰਦ ਕਰੇ ਤਾਂਕਿ ਪੰਜਾਬ ਦੀ ਜਨਤਾ ਸੁਖ ਦਾ ਸਾਹ ਲੈ ਸਕੇ ਅਤੇ ਗਰੀਬ ਮਜਦੂਰ ਪਰਿਵਾਰ ਉਜੜਣ ਤੋਂ ਬਚ ਸਕਣ ।
ਮੀਡੀਆ ਨੂੰ ਭੇਜੀ ਈ ਮੇਲ ਵਿਚ ਅਨੀਤਾ ਸ਼ਰਮਾ ਨੇ ਕਿਹਾ ਕਿ ਸ਼ਰਾਬ ਸਭ ਨਸ਼ਿਆਂ ਦੀ ਜਨਮ ਦਾਤਾ ਹੈ ਕਿਉਂਕਿ ਪਹਿਲਾਂ ਇਨਸਾਨ ਸ਼ਰਾਬ ਪੀਂਦਾ ਹੈ ਜਦੋਂ ਉਸਦੇ ਨਸ਼ੇ ਦੀ ਭੈੜੀ ਆਦਤ ਵੱਧ ਜਾਂਦੀ ਹੈ ਅਤੇ ਜਦੋਂ ਉਹ ਸ਼ਰਾਬ ਨਾਲ ਪੂਰੀ ਨਹੀਂ ਹੁੰਦੀ ਤਾਂ ਹੋਰ ਨਸ਼ੇ ਹੀਰੋਈਨ ਸਮੈਕ, ਗਾਂਜਾ ਅਤੇ ਕੋਕੀਨ ਆਦਿ ਦਾ ਸੇਵਨ ਕਰਣ ਲੱਗ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਬੇਲਨ ਬ੍ਰਿਗੇਡ ਨੇ ਨਸ਼ਿਆਂ ਦੇ ਖਿਲਾਫ 2014 ਵਿੱਚ ਸੰਸਦੀ ਚੋਣਾਂ ਦੇ ਦੌਰਾਨ ਮੁਹਿੰਮ ਅਰੰਭੀ ਸੀ ਲੇਕਿਨ ਬਦਕਿਸਮਤੀ ਨਾਲ ਪੰਜਾਬ ਵਿੱਚ ਅੱਜ ਤੱਕ ਨਸ਼ੇ ਦਾ ਵਪਾਰ ਜਾਰੀ ਹੈ ਅਤੇ ਜਵਾਨ ਵਰਗ ਸਭ ਤੋਂ ਜ਼ਿਆਦਾ ਨਸ਼ੇ ਦਾ ਆਦੀ ਹੋ ਰਿਹਾ ਹੈ ।
ਅਨੀਤਾ ਸ਼ਰਮਾ ਨੇ ਕਿਹਾ ਕਿ ਯੂ. ਐਨ. ਓ ਦੇ ਸਰਵੇ ਨਾਲ ਸਾਬਤ ਹੋ ਚੂੱਕਿਆ ਹੈ ਕਿ ਸਭ ਨਸ਼ਿਆਂ ਦੀ ਜੜ ਸ਼ਰਾਬ ਹੈ।ਸ਼ਰਾਬ ਦਾ ਵਪਾਰ ਪੰਜਾਬ ਵਿੱਚ ਸਰਕਾਰੀ ਠੇਕਿਆਂ `ਤੇ ਜੋਰਾਂ ਨਾਲ ਹੋ ਰਿਹਾ ਹੈ।ਹਰ ਗਲੀ ਮੁਹੱਲੇ ਤੇ ਪਿੰਡ ਵਿੱਚ ਸ਼ਰਾਬ ਦੇ ਠੇਕੇ ਲੋਕਾਂ ਦੇ ਘਰਾਂ ਸਾਹਮਣੇ ਖੁੱਲੇ ਹੋਏ ਹਨ, ਜਿਥੋਂ ਜਨਤਾ ਆਸਾਨੀ ਨਾਲ ਸ਼ਰਾਬ ਖਰੀਦ ਸਕਦੀ ਹੈ। ਇਹੀ ਕਾਰਨ ਹੈ ਕਿ ਪੰਜਾਬ ਵਿੱਚ ਸਾਲ 2016 ਵਿੱਚ ਲਗਭਗ 8 ਕਰੋੜ 40 ਲੱਖ ਅੰਗਰੇਜ਼ੀ ਸ਼ਰਾਬ ਦੀ ਬੋਤਲ, 5 ਕਰੋੜ ਬੀਅਰ ਦੀ ਬੋਤਲ ਅਤੇ 27 ਕਰੋੜ ਦੇਸੀ ਸ਼ਰਾਬ ਦੀਆਂ ਬੋਤਲਾਂ ਦੀ ਖੱਪਤ ਐਕਸਾਈਜ਼ ਵਿਭਾਗ ਦੇ ਅਨੁਮਾਨ ਅਨੁਸਾਰ ਹੋਈ ਹੈ ਅਤੇ ਨਜਾਇਜ ਤੇ ਦੂਜੇ ਰਾਜਾਂ ਤੋਂ ਆਉਣ ਵਾਲੀ ਸ਼ਰਾਬ ਦਾ ਕੋਈ ਹਿਸਾਬ ਨਹੀ ਹੈ।
ਅਨੀਤਾ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਸ਼ਰਾਬ ਦੀ ਖਪਤ ਨਾਲ ਹੁਣ ਅਜਿਹਾ ਲੱਗਣ ਲੱਗਾ ਹੈ ਕਿ ਸਰਕਾਰ ਦੀ ਰਹਿਮਤ ਨਾਲ ਪੰਜਾਬ ਵਿੱਚ ਸ਼ਰਾਬ ਦਾ ਛੇਵਾਂ ਦਰਿਆ ਵਗਣ ਲੱਗ ਪਿਆ ਹੈ, ਜਿਸ ਵਿੱਚ ਗਰੀਬ ਅਤੇ ਅਮੀਰ ਡੁਬਕੀ ਲਗਾ ਰਹੇ ਹਨ।ਉਨਾਂ ਕਿਹਾ ਕਿ ਗਰੀਬ ਅਤੇ ਮਜਦੂਰ ਲੋਕ ਘਰ, ਪਰਿਵਾਰਾਂ, ਕੰਮ-ਕਾਜ ਦੀ ਚਿੰਤਾ, ਤਨਾਅ ਅਤੇ ਮਾਨਸਿਕ ਪਰੇਸ਼ਾਨੀ ਦੇ ਕਾਰਨ ਗਲੀ ਦੀ ਨੁੱਕੜ `ਤੇ ਸਰਕਾਰੀ ਠੇਕਿਆਂ ਉਤੇ ਵਿਕ ਰਹੀ ਸ਼ਰਾਬ ਨੂੰ ਪੀ ਕੇ ਆਪਣੇ ਗਮ ਭੁਲਾਉਣ ਦੇ ਚੱਕਰ ਵਿੱਚ ਨਸ਼ੇ ਦੇ ਆਦੀ ਕਿਡਨੀ, ਲੀਵਰ, ਬਲਡ ਪ੍ਰੈਸ਼ਰ ਅਤੇ ਹਾਰਟ ਵਰਗੀਆਂ ਬਿਮਾਰੀਆਂ ਦੀ ਚਪੇਟ ਵਿੱਚ ਆ ਚੁੱਕੇ ਹਨ।
Check Also
ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …
Punjab Post Daily Online Newspaper & Print Media