Sunday, March 22, 2026

ਫਤਿਹਗੜ ਚੂੜੀਆਂ ਪਹੁੰਚਣ `ਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਭਰਵਾਂ ਸਵਾਗਤ

PPN2103201703
ਬਟਾਲਾ, 21 ਮਾਰਚ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਜ਼ਿਲਾ ਗੁਰਦਾਸਪੁਰ `ਚ ਆਉਣ `ਤੇ ਲੋਕਾਂ ਵਲੋਂ ਉਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ।ਜ਼ਿਲਾ ਗੁਰਦਾਸਪੁਰ `ਚ ਦਾਖਲ ਹੋਣ `ਤੇ ਪਿੰਡ ਰੰਗੜ ਨੰਗਲ ਵਿਖੇ ਐਸ.ਐਸ.ਪੀ. ਬਟਾਲਾ ਦੀਪਕ ਹਿਲੋਰੀ (ਆਈ.ਪੀ.ਐਸ), ਡਿਪਟੀ ਡਾਇਰੈਕਟਰ ਪੇਂਡੂ ਵਿਕਾਸ ਵਿਭਾਗ ਸਰਬਜੀਤ ਸਿੰਘ ਵਾਲੀਆ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕ੍ਰਿਪਾਲ ਸਿੰਘ ਖੋਖਰ, ਐਸ.ਡੀ.ਐਮ ਬਟਾਲਾ  ਪਿਰਥੀ ਸਿੰਘ, ਤਹਿਸੀਲਦਾਰ ਬਟਾਲਾ ਮਨਜੀਤ ਸਿੰਘ ਵਲੋਂ ਕੈਬਨਿਟ ਮੰਤਰੀ ਬਾਜਵਾ ਦਾ ਨਿੱਘਾ ਸਵਾਗਤ ਕੀਤਾ ਗਿਆ।ਪੁਲਿਸ ਜ਼ਿਲਾ ਬਟਾਲਾ ਦੇ ਜਵਾਨਾਂ ਨੇ ਕੈਬਨਿਟ ਮੰਤਰੀ ਬਾਜਵਾ ਨੂੰ ਗਾਰਡ ਆਫ ਆਨਰ ਵੀ ਪੇਸ਼ ਕੀਤਾ।ਉਨਾਂ ਨਾਲ ਸ੍ਰੀ ਹਰਗੋਬਿੰਦਪੁਰ ਦੇ ਵਿਧਾਨਕਾਰ ਬਲਵਿੰਦਰ ਸਿੰਘ ਲਾਡੀ, ਰਵੀਨੰਦਨ ਸਿੰਘ ਬਾਜਵਾ, ਐਡਵੋਕੇਟ ਰਜਿੰਦਰ ਸਿੰਘ ਬੱਦੋਵਾਲ, ਹਰਵਿੰਦਰਪਾਲ ਸਿੰਘ ਜੋਤੀ, ਦੀਪੂ ਖੋਸਲਾ, ਸਿੰਕਦਰ ਸਿੰਘ ਵੀ ਹਾਜ਼ਰ ਸਨ। ਪਿੰਡ ਰੰਗੜ ਨੰਗਲ, ਅੰਮੋਨੰਗਲ, ਅੱਚਲ ਸਾਹਿਬ, ਬਟਾਲਾ ਬਾਈਪਾਸ ਵਿੱਚ ਵੱਡੀ ਗਿਣਤੀ `ਚ ਲੋਕਾਂ ਨੇ ਹਾਰ ਪਾ ਕੈਬਨਿਟ ਮੰਤਰੀ ਬਾਜਵਾ ਨੂੰ ਜੀ ਆਇਆਂ ਨੂੰ ਕਿਹਾ।ਬਟਾਲਾ ਬਾਈਪਾਸ `ਤੇ ਹਜ਼ਾਰਾਂ ਦੀ ਗਿਣਤੀ `ਚ ਵਿਧਾਨ ਸਭਾ ਹਲਕਾ ਫਤਿਹਗੜ ਚੂੜੀਆਂ ਦੇ ਲੋਕ ਕੈਬਨਿਟ ਮੰਤਰੀ  ਬਾਜਵਾ ਦੇ ਸਵਾਗਤ ਲਈ ਪਹੁੰਚੇ ਹੋਏ ਸਨ। ਬਟਾਲਾ ਬਾਈਪਾਸ ਤੋਂ ਕੈਬਨਿਟ ਮੰਤਰੀ ਖੁੱਲੀ ਜੀਪ `ਚ ਸਵਾਰ ਹੋ ਕੇ ਸਮਰਥਕਾਂ ਦੇ ਵਡੇ ਕਾਫਲੇ ਨਾਲ ਲੋਕਾਂ ਦਾ ਧੰਨਵਾਦ ਕਰਨ ਲਈ ਹਲਕੇ ਦੇ ਪਿੰਡਾਂ ਹਰਦੋਝੰਡੇ, ਘਸੀਟਪੁਰ, ਮੂਲਾ ਸੁਨੱਈਆ, ਅਲੀਵਾਲ, ਕਾਲਾ ਅਫਗਾਨਾ, ਫਤਿਹਗੜ ਚੂੜੀਆਂ ਪਹੁੰਚੇ।ਸਾਰੇ ਹਲਕੇ ਦੇ ਲੋਕਾਂ ਨੇ ਪੂਰੇ ਉਤਸ਼ਾਹ ਨਾਲ  ਬਾਜਵਾ ਦਾ ਹਲਕੇ `ਚ ਪਹੁੰਚਣ `ਤੇ ਸਵਾਗਤ ਕੀਤਾ ਅਤੇ ਭੰਗੜੇ ਪਾ ਕੇ ਖੁਸ਼ੀਆਂ ਮਨਾਈਆਂ।
ਵੱਖ-ਵੱਖ ਥਾਈਂ ਲੋਕਾਂ ਨੂੰ ਸੰਬੋਧਨ ਕਰਦਿਆਂ ਪੇਂਡੂ ਵਿਕਾਸ ਤੇ ਪੰਚਾਇਤ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਦੇ ਬਹੁਤ ਧੰਨਵਾਦੀ ਹਨ ਜਿਨਾਂ ਨੇ ਇਕ-ਇਕ ਵੋਟ ਪਾ ਕੇ ਉਨਾਂ ਨੂੰ ਕਾਮਯਾਬ ਕੀਤਾ।ਉਹ ਲੋਕਾਂ ਦੀ ਸੇਵਾ ਨੂੰ ਤਰਜੀਹ ਦੇਣਗੇ ਅਤੇ ਲੋਕ ਕਿਸੇ ਵੀ ਕੰਮ ਲਈ ਉਨਾਂ ਤੱਕ ਸਿੱਧੀ ਪਹੁੰਚ ਕਰ ਸਕਦੇ ਹਨ। ਪੰਜਾਬ ਸਰਕਾਰ ਦੀਆਂ ਨੀਤੀਆਂ ਬਾਰੇ ਗੱਲ ਕਰਦਿਆਂ ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬੀਆਂ ਨਾਲ ਜੋ ਵੀ ਵਾਅਦੇ ਕੀਤੇ ਗਏ ਹਨ, ਉਹ ਸਭ ਪੂਰੇ ਕੀਤੇ ਜਾਣਗੇ।ਉਨਾਂ ਕਿਹਾ ਕਿ ਸੂਬੇ `ਚ ਭ੍ਰਿਸ਼ਟਾਚਾਰ ਨੂੰ ਲਗਾਮ ਲਗਾ ਕੇ ਲੋਕਾਂ ਨੂੰ ਸਾਫ-ਸੁਥਰਾ ਤੇ ਪਾਰਦਰਸ਼ੀ ਪ੍ਰਸ਼ਾਸਨ ਦਿੱਤਾ ਜਾਵੇਗਾ।ਸੂਬੇ `ਚੋਂ ਨਸ਼ਿਆਂ ਦੇ ਖਾਤਮੇ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਬਹੁਤ ਛੇਤੀ ਨਸ਼ੇ ਦੇ ਕਾਲੇ ਕਾਰੋਬਾਰ ਨੂੰ ਖਤਮ ਕਰਕੇ ਦੋਸ਼ੀਆਂ ਨੂੰ ਸਲਾਖਾਂ ਪਿਛੇ ਡਕਿਆ ਜਾਵੇਗਾ।
ਆਪਣੇ ਮਹਿਕਮਿਆਂ ਬਾਰੇ ਗੱਲ ਕਰਦਿਆਂ ਉਨਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਪੇਂਡੂ ਵਸੋਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਈਆਂ ਜਾਣਗੀਆਂ।ਉਨਾਂ ਕਿਹਾ ਕਿ ਸੂਬੇ ਦੀ 100 ਫੀਸਦੀ ਵਸੋਂ ਨੂੰ ਪੀਣ ਲਈ ਸਾਫ ਤੇ ਸ਼ੁੱਧ ਪਾਣੀ ਮੁਹੱਈਆ ਕਰਵਾਇਆ ਜਾਵੇਗਾ।ਉਨਾਂ ਕਿਹਾ ਕਿ ਹਰ ਘਰ `ਚ ਪਖਾਨੇ ਦੀ ਸਹੂਲਤ ਦੇਣਾ ਵੀ ਵਿਭਾਗ ਦੇ ਏਜੰਡੇ `ਤੇ ਹੈ। ਇਸ ਮੌਕੇ ਸਾਬਕਾ ਚੇਅਰਮੈਨ  ਬਲਵਿੰਦਰ ਸਿੰਘ ਕੋਟਲਾ ਬਾਮਾ, ਸਾਹਿਬ ਸਿੰਘ ਮੰਡ, ਪ੍ਰਭਦਿਆਲ ਸਿੰਘ ਸਰਪੰਚ ਘਸੀਟਪੁਰ, ਸੁਖਦੇਵ ਸਿੰਘ ਘਸੀਟਪੁਰ, ਕ੍ਰਿਪਾਲ ਸਿੰਘ ਪਾਰੋਵਾਲ, ਗੁਰਮੀਤ ਸਿੰਘ ਬੱਲਪੁਰੀਆਂ, ਰਜਿੰਦਰ ਸਿੰਘ ਗੋਗੀ ਸਰੂਪਵਾਲੀ, ਹੈਪੀ ਰੰਧਾਵਾ ਸਰੂਪਵਾਲੀ, ਜਸਬੀਰ ਸਿੰਘ ਸ਼ੇਖੂਪੁਰ, ਬਲਜਿੰਦਰ ਸਿੰਘ ਟੀਟੂ, ਸੁਖਦੀਪ ਸਿੰਘ ਤੇਜਾ, ਗੁਰਪ੍ਰੀਤ ਸਿੰਘ ਸੋਹਲ, ਤਜਿੰਦਰ ਸਿੰਘ ਬਿਊਟੀ ਰੰਧਾਵਾ, ਰੋਸ਼ਨ ਜੋਸਫ, ਨਰਿੰਦਰ ਸਿੰਘ ਪੱਡਾ ਸੈਦ ਮੁਮਾਰਕ ਤੋਂ ਇਲਾਵਾ ਵੱਡੀ ਗਿਣਤੀ `ਚ ਹਲਕੇ ਦੇ ਆਗੂ ਹਾਜ਼ਰ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply